ਲੋਹੜੀ ਨੂੰ ਲੈ ਕੇ ਪੁਲਸ ਅਲਰਟ , ਥਾਂ-ਥਾਂ ਨਾਕਾਬੰਦੀ, ਸਖ਼ਤ ਹੁਕਮ ਹੋ ਗਏ ਜਾਰੀ

Monday, Jan 12, 2026 - 02:02 PM (IST)

ਲੋਹੜੀ ਨੂੰ ਲੈ ਕੇ ਪੁਲਸ ਅਲਰਟ , ਥਾਂ-ਥਾਂ ਨਾਕਾਬੰਦੀ, ਸਖ਼ਤ ਹੁਕਮ ਹੋ ਗਏ ਜਾਰੀ

ਮਾਨਸਾ (ਸੰਦੀਪ ਮਿੱਤਲ) : ਪੰਜਾਬ 'ਚ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਜਿੱਥੇ ਆਮ ਲੋਕਾਂ ਵਿਚ ਖੁਸ਼ੀ, ਉਤਸ਼ਾਹ ਅਤੇ ਰੌਣਕ ਦਾ ਮਾਹੌਲ ਹੈ, ਉੱਥੇ ਹੀ ਜ਼ਿਲਾ ਮਾਨਸਾ ਪੁਲਸ ਵੱਲੋਂ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਬਣਾਈ ਰੱਖਣ ਅਤੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੂਰੇ ਜ਼ਿਲੇ ’ਚ ਸਖਤ ਚੌਕਸੀ ਕਰ ਦਿੱਤੀ ਹੈ। ਲੋਹੜੀ ਦੇ ਤਿਉਹਾਰ ਨੂੰ ਸੁਚੱਜੇ, ਸ਼ਾਂਤਮਈ ਅਤੇ ਸੁਰੱਖਿਅਤ ਢੰਗ ਨਾਲ ਮਨਾਉਣ ਦੇ ਮੱਦੇਨਜ਼ਰ ਜ਼ਿਲਾ ਪੁਲਸ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ ਅਤੇ ਥਾਂ-ਥਾਂ ਨਾਕਾਬੰਦੀ ਕਰ ਕੇ ਵਿਸ਼ੇਸ਼ ਤਲਾਸ਼ੀ ਮੁਹਿੰਮ ਜਾਰੀ ਹੈ। ਜ਼ਿਲਾ ਪੁਲਸ ਮੁਖੀ ਐੱਸ. ਐੱਸ. ਪੀ. ਭਾਗੀਰਥ ਸਿੰਘ ਮੀਨਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਲੋਹੜੀ ਵਰਗੇ ਤਿਉਹਾਰ ਦੌਰਾਨ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਸਮਾਗਮ ਮਨਾਉਂਦੇ ਹਨ। ਅੱਗ ਦੇ ਗੇੜੇ ਲਗਾਏ ਜਾਂਦੇ ਹਨ ਅਤੇ ਰਾਤ ਦੇ ਸਮੇਂ ਤਕ ਜਸ਼ਨ ਜਾਰੀ ਰਹਿੰਦੇ ਹਨ, ਜਿਸ ਕਰ ਕੇ ਪੁਲਸ ਵੱਲੋਂ ਪਹਿਲਾਂ ਤੋਂ ਹੀ ਪੂਰੀ ਤਿਆਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਜ਼ਿਲੇ ਦੇ ਹਰ ਇਕ ਇਲਾਕੇ ’ਤੇ ਨਿਗਾਹ ਰੱਖੀ ਜਾ ਰਹੀ ਹੈ। 

ਐੱਸ. ਐੱਸ. ਪੀ. ਨੇ ਦੱਸਿਆ ਕਿ ਮਾਨਸਾ ਸ਼ਹਿਰ ਸਮੇਤ ਬੁਢਲਾਡਾ, ਬਰੇਟਾ, ਸਰਦੂਲਗੜ੍ਹ, ਜੋਗਾ, ਝੁਨੀਰ, ਭੀਖੀ ਅਤੇ ਹੋਰ ਪਿੰਡਾਂ ਵਿਚ ਪੁਲਸ ਦੀ ਗਸ਼ਤ ਵਧਾ ਦਿੱਤਾ ਗਿਆ ਹੈ। ਮੁੱਖ ਸੜਕਾਂ, ਬਾਜ਼ਾਰਾਂ, ਬੱਸ ਸਟੈਂਡਾਂ, ਰੇਲਵੇ ਸਟੇਸ਼ਨ, ਧਾਰਮਿਕ ਸਥਾਨਾਂ ਅਤੇ ਭੀੜ ਵਾਲੇ ਇਲਾਕਿਆਂ ’ਚ ਨਾਕੇ ਲਗਾ ਕੇ ਆਉਣ-ਜਾਣ ਵਾਲੇ ਹਰ ਵਾਹਨ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਦੋ-ਪਹੀਆ ਅਤੇ ਚਾਰ-ਪਹੀਆ ਵਾਹਨਾਂ ਦੀ ਤਲਾਸ਼ੀ ਦੇ ਨਾਲ-ਨਾਲ ਡਰਾਈਵਿੰਗ ਲਾਇਸੈਂਸ ਅਤੇ ਵਾਹਨ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਾਕਾਬੰਦੀ ਦੌਰਾਨ ਪੁਲਸ ਟੀਮਾਂ ਨੂੰ ਖਾਸ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਸ਼ੱਕੀ ਵਿਅਕਤੀਆਂ ’ਤੇ ਖਾਸ ਨਜ਼ਰ ਰੱਖੀ ਜਾਵੇ ਅਤੇ ਜੇਕਰ ਕੋਈ ਵਿਅਕਤੀ ਗੈਰ-ਕਾਨੂੰਨੀ ਸਰਗਰਮੀਆਂ ’ਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਤੁਰੰਤ ਅਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਐੱਸ. ਐੱਸ. ਪੀ. ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਸਮਾਜ ਵਿਰੋਧੀ ਤੱਤ, ਨਸ਼ਾ ਸਮੱਗਲਰ, ਗੁੰਡਾ ਅਨਸਰ ਅਤੇ ਅਪਰਾਧਿਕ ਪਿਛੋਕੜ ਵਾਲੇ ਲੋਕ ਜੇਕਰ ਅਮਨ-ਕਾਨੂੰਨ ਭੰਗ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਲੋਹੜੀ ਦੇ ਮੌਕੇ ’ਤੇ ਪੁਲਸ ਵੱਲੋਂ ਪਿਛਲੇ ਤਜ਼ਰਬਿਆਂ ਨੂੰ ਧਿਆਨ ’ਚ ਰੱਖਦੇ ਹੋਏ ਵਿਸ਼ੇਸ਼ ਸੁਰੱਖਿਆ ਯੋਜਨਾ ਤਿਆਰ ਕੀਤੀ ਗਈ ਹੈ।

ਇਸ ਯੋਜਨਾ ਅਧੀਨ ਸਾਰੇ ਥਾਣਾ ਮੁਖੀਆਂ ਅਤੇ ਚੌਕੀ ਇੰਚਾਰਜਾਂ ਨੂੰ ਆਪਣੇ-ਆਪਣੇ ਇਲਾਕਿਆਂ ’ਚ ਲਗਾਤਾਰ ਗਸ਼ਤ ਕਰਨ, ਸ਼ੱਕੀ ਲੋਕਾਂ ਦੀ ਪਛਾਣ ਕਰਨ ਅਤੇ ਅਸਮਾਜਿਕ ਤੱਤਾਂ ’ਤੇ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਪੁਲਸ ਦੇ ਸੀਨੀਅਰ ਅਧਿਕਾਰੀ ਖੁਦ ਮੈਦਾਨ ਵਿਚ ਮੌਜੂਦ ਰਹਿ ਕੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰ ਰਹੇ ਹਨ। ਐੱਸ. ਐੱਸ. ਪੀ. ਨੇ ਕਿਹਾ ਕਿ ਲੋਹੜੀ ਨੂੰ ਲੈ ਕੇ ਖਾਸ ਤੌਰ ’ਤੇ ਪੁਲਸ ਗਸ਼ਤ ਹੋਰ ਵਧਾਈ ਗਈ ਹੈ, ਕਿਉਂਕਿ ਇਸ ਦੌਰਾਨ ਕਈ ਥਾਵਾਂ ’ਤੇ ਅੱਗ ਜਲਾਕੇ ਸਮਾਗਮ ਕੀਤੇ ਜਾਂਦੇ ਹਨ ਅਤੇ ਲੋਕ ਦੇਰ ਰਾਤ ਤਕ ਜਸ਼ਨ ਮਨਾਉਂਦੇ ਹਨ। ਉਨ੍ਹਾਂ ਕਿਹਾ ਕਿ ਅੱਗ ਨਾਲ ਸਬੰਧਿਤ ਘਟਨਾਵਾਂ ਤੋਂ ਬਚਾਅ ਲਈ ਵੀ ਪੁਲਸ ਪੂਰੀ ਤਰ੍ਹਾਂ ਚੌਕਸ ਹੈ ਅਤੇ ਫਾਇਰ ਬ੍ਰਿਗੇਡ ਅਤੇ ਹੋਰ ਸਬੰਧਿਤ ਵਿਭਾਗਾਂ ਨਾਲ ਵੀ ਤਾਲਮੇਲ ਬਣਾਇਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਬਾਜ਼ਾਰਾਂ ਅਤੇ ਭੀੜ ਵਾਲੇ ਇਲਾਕਿਆਂ ’ਚ ਸਿਵਲ ਡਰੈੱਸ ’ਚ ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਤਾਂ ਜੋ ਚੇਨ ਸਨੇਚਿੰਗ, ਜੇਬ ਕਤਰਿਆਂ ਅਤੇ ਹੋਰ ਛੋਟੇ-ਮੋਟੇ ਅਪਰਾਧਾਂ ’ਤੇ ਰੋਕ ਲਗਾਈ ਜਾ ਸਕੇ। ਇਸ ਦੇ ਨਾਲ ਹੀ ਮਹਿਲਾ ਪੁਲਸ ਕਰਮਚਾਰੀਆਂ ਦੀ ਵੀ ਤਾਇਨਾਤੀ ਕੀਤੀ ਗਈ ਹੈ, ਤਾਂ ਜੋ ਔਰਤਾਂ ਅਤੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ। ਐੱਸ. ਐੱਸ. ਪੀ. ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤਿਉਹਾਰ ਦੌਰਾਨ ਪੁਲਸ ਦਾ ਸਹਿਯੋਗ ਕਰਨ ਅਤੇ ਕਾਨੂੰਨ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਖੁਸ਼ੀਆਂ ਮਨਾਉਣ ਦੇ ਨਾਲ-ਨਾਲ ਸੁਰੱਖਿਆ ਨਿਯਮਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਖਾਸ ਤੌਰ ’ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ੇ ਦੀ ਹਾਲਤ ’ਚ ਵਾਹਨ ਨਾ ਚਲਾਇਆ ਜਾਵੇ ਅਤੇ ਤੇਜ਼ ਰਫਤਾਰ ਜਾਂ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਤੋਂ ਬਚਿਆ ਜਾਵੇ।

ਨਾਕਾਬੰਦੀ ਕਰ ਕੇ ਆਉਣ-ਜਾਣ ਵਾਲੇ ਵਾਹਨਾਂ ਦੀ ਕੀਤੀ ਚੈਕਿੰਗ

ਸੀਨੀਅਰ ਪੁਲਸ ਕਪਤਾਨ ਮਾਨਸਾ ਭਾਗੀਰਥ ਸਿੰਘ ਮੀਨਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਹਿਣੀਵਾਲ ਚੌਕੀ ਦੇ ਇੰਚਾਰਜ ਅਮਰੀਕ ਸਿੰਘ ਘੋੜਾ ਦੀ ਅਗਵਾਈ ਹੇਠ ਉਨ੍ਹਾਂ ਦੀ ਪੁਲਸ ਟੀਮ ਵੱਲੋਂ ਨਾਕਾਬੰਦੀ ਕਰ ਕੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਚੌਕੀ ਬਹਿਣੀਵਾਲ ਦੇ ਇੰਚਾਰਜ ਅਮਰੀਕ ਸਿੰਘ ਘੋੜਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਖੁਦ ਨਾਕਾਬੰਦੀ ’ਤੇ ਡਿਊਟੀ ਕਰ ਕੇ ਤਿਉਹਾਰਾਂ ਦੇ ਮੱਦੇਨਜ਼ਰ ਆਉਣ-ਜਾਣ ਵਾਲੇ ਵਾਹਨਾਂ ਦੀ ਸਖਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ, ਤਾਂ ਜੋ ਕੋਈ ਅਣਸੁਖਾਵੀਂ ਘਟਨਾ ਕਰਨ ਵਾਲੇ ਨੂੰ ਦਬੋਚਿਆ ਜਾ ਸਕੇ। ਉਨ੍ਹਾ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਈ ਵੀ ਮਾੜਾ ਅਨਸਰ ਜੇਕਰ ਕਿਸੇ ਨੂੰ ਤੰਗ-ਪ੍ਰੇਸ਼ਾਨ ਕਰਦਾ ਹੈ, ਜਾਂ ਨਸ਼ੇ ਦਾ ਕਾਰੋਬਾਰ ਕਰਦਾ ਹੈ ਜਾਂ ਕੋਈ ਨਾਜਾਇਜ਼ ਹਥਿਆਰ ਰੱਖਦਾ ਹੈ। ਇਸ ਸਬੰਧੀ ਉਨ੍ਹਾਂ ਨੂੰ ਕੋਈ ਵੀ ਖੁਫੀਆ ਇਤਲਾਹ ਦੇ ਸਕਦਾ ਹੈ।


author

Gurminder Singh

Content Editor

Related News