ਪਾਕਿ ਨੇ ਚੰਨ ਦਿਸਣ ਦੀ ਜਾਣਕਾਰੀ ਦੇਣ ਵਾਲੀ ਪਹਿਲੀ ਵੈਬਸਾਈਟ ਕੀਤੀ ਸ਼ੁਰੂ

Monday, May 27, 2019 - 11:40 AM (IST)

ਪਾਕਿ ਨੇ ਚੰਨ ਦਿਸਣ ਦੀ ਜਾਣਕਾਰੀ ਦੇਣ ਵਾਲੀ ਪਹਿਲੀ ਵੈਬਸਾਈਟ ਕੀਤੀ ਸ਼ੁਰੂ

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਨੇ ਚੰਨ ਦਿਸਣ ਦੀ ਜਾਣਕਾਰੀ ਦੇਣ ਵਾਲੀ ਆਪਣੀ ਪਹਿਲੀ ਵੈਬਸਾਈਟ ਐਤਵਾਰ ਨੂੰ ਸ਼ੁਰੂ ਕੀਤੀ। ਇਹ ਵੈਬਸਾਈਟ ਰਮਜ਼ਾਨ ਅਤੇ ਈਦ ਦੇ ਤਿਉਹਾਰਾਂ ਦੀ ਸ਼ੁਰੂਆਤ ਦੱਸਣ ਵਾਲੇ ਉਨ੍ਹਾਂ ਪ੍ਰਮੁੱਖ ਚੰਨ ਮਹੀਨਿਆਂ ਦੀ ਸ਼ੁਰੂਆਤ ਨੂੰ ਲੈ ਕੇ ਚੱਲ ਰਹੇ ਦਹਾਕਿਆਂ ਪੁਰਾਣੇ ਵਿਵਾਦ ਨੂੰ ਖਤਮ ਕਰਨ ਦੀ ਕੋਸ਼ਿਸ਼ ਦੇ ਤਹਿਤ ਸ਼ੁਰੂ ਕੀਤੀ ਗਈ ਹੈ। 

ਵੈਬਸਾਈਟ 'ਪਾਕਮੂਨਸਾਈਟਿੰਗ ਡਾਟ ਪੀਕੇ' (pakmoonsighting.pk) ਦਾ ਉਦਘਾਟਨ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਫਵਾਦ ਚੌਧਰੀ ਵੱਲੋਂ ਵਿਗਿਆਨਿਕ ਚੰਨ ਕੈਲੰਡਰ ਬਣਾਉਣ ਦੇ ਸੰਬੰਧ ਵਿਚ ਕੀਤੇ ਗਏ ਐਲਾਨ ਦੇ ਦੋ ਹਫਤੇ ਦੇ ਅੰਦਰ ਕੀਤਾ ਗਿਆ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਵੈਬਸਾਈਟ ਮਹੱਤਵਪੂਰਣ ਇਸਲਾਮੀ ਮੌਕਿਆਂ ਰਮਜ਼ਾਨ, ਈਦ ਉਲ-ਫਿਤਰ, ਈਦ ਉਲ-ਅਜਹਾ ਅਤੇ ਮੁਹਰਮ ਦੀਆਂ ਸਹੀ ਤਰੀਕਾਂ ਦੱਸੇਗੀ। ਵੈਬਸਾਈਟ ਲਾਂਚ ਦੇ ਮੌਕੇ ਚੌਧਰੀ ਨੇ ਕਿਹਾ ਕਿ ਇਹ ਦੇਸ਼ ਵਿਚ 'ਚੰਨ ਦਿੱਸਣ ਦੇ ਵਿਵਾਦ' ਨੂੰ ਖਤਮ ਕਰੇਗੀ। 

ਉਨ੍ਹਾਂ ਨੇ ਕਿਹਾ ਨਾ ਸਿਰਫ ਪਾਕਿਸਤਾਨ ਸਗੋਂ ਹੋਰ ਦੇਸ਼ ਵੀ ਚੰਨ ਦਿਸਣ ਦੀ ਤਰੀਕ ਤੈਅ ਕਰਨ ਲਈ ਇਸ ਦਾ ਲਾਭ ਲੈ ਸਕਦੇ ਹਨ। ਵੈਬਸਾਈਟ ਵਿਚ ਅਗਲੇ 5 ਸਾਲ ਲਈ ਇਸਲਾਮੀ ਕੈਲੰਡਰ, ਗ੍ਰੇਗੋਰੀ ਕੈਲੰਡਰ ਦੀਆਂ ਤਰੀਕਾਂ ਦੇ ਨਾਲ ਦਿਨ ਵਾਰ ਦੇ ਚੰਨ ਕੈਲੰਡਰ ਅਤੇ ਹਰੇਕ ਚੰਨ ਮਹੀਨੇ ਦਾ ਪਹਿਲਾ ਦਿਨ ਕਿਸ ਦਿਨ ਪਵੇਗਾ ਆਦਿ ਜਿਹੇ ਖੰਡ ਸ਼ਾਮਲ ਹਨ। ਚੌਧਰੀ ਨੇ ਕਿਹਾ,''ਚੰਨ ਮਹੀਨੇ ਦੀ ਸ਼ੁਰੂਆਤ ਦੱਸਣ ਨੂੰ ਹੋਰ ਆਸਾਨ ਬਣਾਉਣ ਲਈ ਇਕ ਮੋਬਾਈਲ ਫੋਨ ਐਪ ਵੀ ਤਿਆਰ ਕੀਤਾ ਜਾ ਰਿਹਾ ਹੈ।'' ਜ਼ਿਕਰਯੋਗ ਹੈ ਕਿ ਪਾਕਿਸਤਾਨ ਰਮਜ਼ਾਨ ਅਤੇ ਈਦ ਦੀ ਸ਼ੁਰੂਆਤ ਜਿਹੇ ਪ੍ਰਮੁੱਖ ਧਾਰਮਿਕ ਮੌਕਿਆਂ ਨੂੰ ਲੈ ਕੇ ਵਿਵਾਦਾਂ ਦਾ ਸਾਹਮਣਾ ਕਰਦਾ ਰਿਹਾ ਹੈ ਕਿਉਂਕਿ ਵੱਖ-ਵੱਖ ਧਾਰਮਿਕ ਗੁਰੂਆਂ ਵਿਚ ਚੰਨ ਦੇਖਣ ਨੂੰ ਲੈ ਕੇ ਮਤਭੇਦ ਰਹਿੰਦਾ ਹੈ।


author

Vandana

Content Editor

Related News