ਪਾਕਿਸਤਾਨ ਪੁੱਜਿਆ ਪੰਜਾਬ ਦਾ ਲਾਪਤਾ ਕਿਸਾਨ, ਪਾਕਿ ਰੇਂਜਰਸ ਨੇ BSF ਨੂੰ ਕੀਤੀ ਪੁਸ਼ਟੀ
Monday, Jun 30, 2025 - 03:35 PM (IST)

ਜਲਾਲਾਬਾਦ (ਬੰਟੀ ਦਹੂਜਾ) : ਜਲਾਲਾਬਾਦ ਇਲਾਕੇ ਦੇ ਪਿੰਡ ਖੈਰੇ ਦੇ ਉਤਾੜ ਤੋਂ ਲਾਪਤਾ ਹੋਇਆ ਕਿਸਾਨ ਦਾ ਇਕਲੌਤਾ ਪੁੱਤਰ ਅੰਮ੍ਰਿਤਪਾਲ ਸਿੰਘ ਪਾਕਿਸਤਾਨ ਦੇ ਇਕ ਥਾਣੇ 'ਚ ਮਿਲਿਆ ਹੈ। ਪਾਕਿਸਤਾਨੀ ਰੇਂਜਰਸ ਵੱਲੋਂ ਭਾਰਤੀ ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ਼.) ਨੂੰ ਇਸ ਬਾਰੇ ਜਾਣੂੰ ਕਰਵਾਇਆ ਗਿਆ। ਇਸ ਤੋਂ ਬਾਅਦ ਬੀ. ਐੱਸ. ਐੱਫ਼. ਅਧਿਕਾਰੀਆਂ ਨੇ ਇਹ ਜਾਣਕਾਰੀ ਪਰਿਵਾਰ ਨੂੰ ਦੇ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਪਾਲ 21 ਜੂਨ ਨੂੰ ਦੁਪਹਿਰ 12 ਵਜੇ ਖੇਤੀ ਕਰਨ ਲਈ ਘਰੋਂ ਨਿਕਲਿਆ ਸੀ ਅਤੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਪਾਰ ਆਪਣੀ ਖੇਤੀ ਵੱਲ ਗਿਆ ਸੀ ਪਰ ਵਾਪਸ ਨਹੀਂ ਆਇਆ। 4 ਦਿਨ ਪਹਿਲਾਂ ਪਾਕਿਸਤਾਨ ਨੇ ਅੰਮ੍ਰਿਤਪਾਲ ਦੇ ਆਪਣੇ ਇਲਾਕੇ 'ਚ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਹੁਣ ਉਸਦੀ ਸਥਿਤੀ ਸਾਫ਼ ਹੋ ਗਈ ਹੈ।
ਪਾਕਿਸਤਾਨ ਵੱਲ ਜਾਂਦੇ ਪੈਰਾਂ ਦੇ ਨਿਸ਼ਾਨ ਮਿਲੇ
ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਦੇ ਪੈਰਾਂ ਦੇ ਨਿਸ਼ਾਨ ਪਰਿਵਾਰ ਅਤੇ ਪੁਲਸ ਨੂੰ ਪਾਕਿਸਤਾਨ ਵੱਲ ਜਾਂਦੇ ਮਿਲੇ ਸਨ। ਬੀ. ਐੱਸ. ਐੱਫ਼. ਨੇ ਦੱਸਿਆ ਕਿ ਪਾਕਿਸਤਾਨ ਨਾਲ ਤਿੰਨ ਵਾਰ ਮੀਟਿੰਗ ਹੋਈ ਪਰ ਹਰ ਵਾਰ ਉਨ੍ਹਾਂ ਨੇ ਅੰਮ੍ਰਿਤਪਾਲ ਦੀ ਮੌਜੂਦਗੀ ਤੋਂ ਇਨਕਾਰ ਕੀਤਾ।
ਇਹ ਵੀ ਪੜ੍ਹੋ : ਪੰਜਾਬ ਲਈ ਵੱਡੇ ਖ਼ਤਰੇ ਦੀ ਘੰਟੀ! ਨੀਵੇਂ ਇਲਾਕਿਆਂ ਲਈ ਜਾਰੀ ਹੋਈ ਚਿਤਾਵਨੀ, ਰਹੋ ਸਾਵਧਾਨ
ਖੇਤ 'ਚ ਜਾਣ ਦੀ ਐਂਟਰੀ, ਵਾਪਸੀ ਦੀ ਨਹੀਂ
ਅੰਮ੍ਰਿਤਪਾਲ ਦੇ ਪਿਤਾ ਜਗਰਾਜ ਸਿੰਘ ਨੇ ਦੱਸਿਆ ਕਿ 21 ਤਾਰੀਖ਼ ਨੂੰ ਉਸਦਾ ਪੁੱਤਰ ਖੇਤੀ ਕਰਨ ਲਈ ਭਾਰਤ-ਪਾਕਿਸਤਾਨ ਤਾਰਬੰਦੀ ਤੋਂ ਪਾਰ ਗਿਆ ਸੀ ਪਰ ਵਾਪਸ ਨਹੀਂ ਆਇਆ। ਬੀ. ਐੱਸ. ਐੱਫ਼. ਅਧਿਕਾਰੀਆਂ ਨੇ ਦੱਸਿਆ ਕਿ ਅੰਮ੍ਰਿਤਪਾਲ ਦੀ ਖੇਤ 'ਚ ਜਾਣ ਦੀ ਐਂਟਰੀ ਦਰਜ ਹੋਈ ਸੀ ਪਰ ਵਾਪਸ ਆਉਣ ਦੀ ਨਹੀਂ। ਬਾਅਦ 'ਚ ਤਾਰ ਦੇ ਨੇੜੇ ਜਾਂ ਕੇ ਵੇਖਿਆ ਤਾਂ ਪੈਰਾਂ ਦੇ ਨਿਸ਼ਾਨ ਪਾਕਿਸਤਾਨ ਵੱਲ ਜਾਂਦੇ ਮਿਲੇ। ਜਗਰਾਜ ਸਿੰਘ ਨੇ ਕਿਹਾ ਕਿ ਮੈਂ ਦਿਲ ਦਾ ਮਰੀਜ਼ ਹਾਂ। ਇਸ ਕਰਕੇ ਪਿਛਲੇ 4-5 ਸਾਲ ਤੋਂ ਖੇਤੀ ਨਹੀਂ ਕਰ ਰਿਹਾ। ਇਸੇ ਕਰਕੇ ਅੰਮ੍ਰਿਤਪਾਲ ਪਿਛਲੇ 5 ਸਾਲਾਂ ਤੋਂ ਇਕੱਲਾ ਹੀ ਖੇਤੀ ਕਰਦਾ ਸੀ। ਪਰਿਵਾਰ 'ਚ ਇਕ ਪੁੱਤਰ ਅਤੇ ਇਕ ਧੀ ਹੈ। ਅੰਮ੍ਰਿਤਪਾਲ ਦਾ ਇੱਕ ਚਾਰ ਮਹੀਨੇ ਦਾ ਪੁੱਤਰ ਵੀ ਹੈ। ਸਾਨੂੰ ਖੇਤੀ ਲਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਦਾ ਸਮਾਂ ਮਿਲਦਾ ਹੈ। 21 ਜੂਨ ਨੂੰ ਗਰਮੀ ਜ਼ਿਆਦਾ ਸੀ, ਸ਼ਾਇਦ ਗਲਤੀ ਨਾਲ ਉਹ ਸਰਹੱਦ ਪਾਰ ਕਰ ਗਿਆ। ਉਸ ਨੇ ਕਿਹਾ ਕਿ ਉਹ ਸਰਕਾਰ ਕੋਲ ਮੰਗ ਕਰਦਾ ਹੈ ਕਿ ਮੇਰੇ ਪੁੱਤਰ ਨੂੰ ਸਹੀ-ਸਲਾਮਤ ਵਾਪਸ ਲਿਆਂਦਾ ਜਾਵੇ। ਬੀ. ਐੱਸ. ਐੱਫ਼. ਸਾਡੀ ਪੂਰੀ ਮਦਦ ਕਰ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਰੋਡਵੇਜ਼ ਦੀਆਂ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਪੈ ਗਿਆ ਆਹ ਪੰਗਾ!
ਪਰਿਵਾਰ ਦਾ ਇਕਲੌਤਾ ਪੁੱਤਰ
ਇਸ ਘਟਨਾ ਨੂੰ ਅੱਜ 10 ਦਿਨ ਹੋ ਗਏ ਹਨ ਅਤੇ ਪਰਿਵਾਰ ਗਮ 'ਚ ਡੁੱਬਿਆ ਹੋਇਆ ਹੈ। ਅੰਮ੍ਰਿਤਪਾਲ ਪਰਿਵਾਰ ਦਾ ਇਕਲੌਤਾ ਪੁੱਤਰ ਹੈ ਅਤੇ ਉਸ 'ਤੇ ਚਾਰ ਮਹੀਨੇ ਦੇ ਬੱਚੇ ਦੀ ਵੀ ਜ਼ਿੰਮੇਵਾਰੀ ਹੈ। ਇਸ ਮੌਕੇ 'ਤੇ ਭਾਜਪਾ ਦੇ ਜ਼ਿਲ੍ਹਾ ਆਗੂ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਨਾਲ ਗੱਲ ਕਰਕੇ ਅੰਮ੍ਰਿਤਪਾਲ ਨੂੰ ਜਲਦ ਵਾਪਸ ਲਿਆਂਦਾ ਜਾਵੇਗਾ। ਉਧਰ, ਗੁਰੂਹਰਸਹਾਏ ਥਾਣੇ ਦੇ ਐੱਸ. ਐੱਚ. ਓ. ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਕੋਲ ਬੀ. ਐੱਸ. ਐੱਫ਼. ਅਤੇ ਪਰਿਵਾਰ ਵੱਲੋਂ ਲਿਖ਼ਤੀ ਰੂਪ ਵਿੱਚ ਸੂਚਨਾ ਦਿੱਤੀ ਗਈ ਹੈ ਕਿ ਨੌਜਵਾਨ ਪਾਕਿਸਤਾਨ ਚਲਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8