ਪੁਲਸ ਨੂੰ ਜਾਣਕਾਰੀ ਦੇਣੀ ਪਈ ਮਹਿੰਗੀ, ਨੌਜਵਾਨ ਦੇ ਕੱਪੜੇ ਉਤਾਰ ਕੇ ਕੀਤੀ ਜਾ ਰਹੀ ਕੁੱਟ-ਮਾਰ ਦੀ ਵੀਡੀਓ ਵਾਇਰਲ
Wednesday, Jun 25, 2025 - 08:37 PM (IST)

ਫਿਰੋਜ਼ਪੁਰ (ਕੁਮਾਰ) ਇਨ੍ਹੀਂ ਦਿਨੀਂ ਇੱਕ ਨੌਜਵਾਨ ਨੂੰ ਕੱਪੜੇ ਉਤਰਵਾ ਕੇ ਜੁੱਤੀਆਂ ਤੇ ਬੈਲਟਾਂ ਨਾਲ ਕੁੱਟਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਕਈ ਨੌਜਵਾਨ ਇੱਕ ਨੌਜਵਾਨ ਨੂੰ ਨੰਗਾ ਕਰਕੇ ਉਸਨੂੰ ਜੁੱਤੀਆਂ ਤੇ ਬੈਲਟਾਂ ਨਾਲ ਕੁੱਟ ਰਹੇ ਹਨ। ਹੁਣ ਇਹ ਪੀੜਤ ਸ਼ੋਸ਼ਲ ਮੀਡੀਆ ’ਤੇ ਸਾਹਮਣੇ ਆਇਆ ਹੈ, ਜਿਸਨੇ ਦੱਸਿਆ ਹੈ ਕਿ ਉਸਦਾ ਨਾਮ ਵਿਸ਼ਾਲ ਹੈ ਅਤੇ ਉਹ ਪੇਂਟਰ ਦਾ ਕੰਮ ਕਰਦਾ ਹੈ। ਉਸਨੇ ਦੱਸਿਆ ਕਿ ਫਿਰੋਜ਼ਪੁਰ ਛਾਉਣੀ ਦੇ ਨਾਲ ਲੱਗਦੇ ਪਿੰਡ ਨਵਾਂ ਪੁਰਬਾ ਵਿੱਚ ਕੁਝ ਮੁੰਡੇ ਨਸ਼ਾ ਵੇਚਣ ਦਾ ਕੰਮ ਕਰਦੇ ਹਨ, ਜਿਸ ਬਾਰੇ ਉਸਨੇ ਪੁਲਸ ਨੂੰ ਸੂਚਿਤ ਕੀਤਾ ਸੀ। ਉਸਨੇ ਦੱਸਿਆ ਕਿ ਜਦੋਂ ਇਹਨਾਂ ਮੁੰਡਿਆਂ ਨੂੰ ਪਤਾ ਲੱਗਾ ਕਿ ਉਹਨਾਂ ਬਾਰੇ ਜਾਣਕਾਰੀ ਮੈਂ ਪੁਲਸ ਨੂੰ ਦਿੱਤੀ ਹੈ, ਤਾਂ ਉਹਨਾਂ ਨੇ ਉਸਨੂੰ ਲਗਭਗ 15/16 ਮੁੰਡਿਆਂ ਨਾਲ ਅਗਵਾ ਕਰ ਲਿਆ ਅਤੇ ਉਸਨੂੰ ਆਪਣੇ ਨਾਲ ਲੈ ਗਏ ਅਤੇ ਉਸਨੂੰ ਨੰਗਾ ਕਰਨ ਤੋਂ ਬਾਅਦ ਜੁੱਤੀਆਂ ਅਤੇ ਬੈਲਟਾਂ ਨਾਲ ਕੁੱਟਿਆ। ਵਿਸ਼ਾਲ ਨੇ ਦੱਸਿਆ ਕਿ ਕੁੱਟਮਾਰ ਕਰਨ ਵਾਲੇ ਇਨ੍ਹਾਂ ਨੌਜਵਾਨਾਂ ਨੇ ਪੂਰੀ ਘਟਨਾ ਦੀ ਵੀਡੀਓ ਬਣਾਈ, ਜੋ ਬਾਅਦ ਵਿੱਚ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਗਈ।
ਪੀੜਤ ਵਿਸ਼ਾਲ ਨੇ ਦੱਸਿਆ ਕਿ ਉਸ ਵੱਲੋਂ ਜਾਣਕਾਰੀ ਦੇਣ ਤੋਂ ਬਾਅਦ ਇੱਕ ਮੁੰਡੇ ਨੂੰ ਪੁਲਸ ਨੇ ਫੜ ਲਿਆ, ਪਰ ਉਸ ਵੱਲੋਂ ਦਿੱਤੀ ਗਈ ਗੁਪਤ ਜਾਣਕਾਰੀ ਕਿਵੇਂ ਲੀਕ ਹੋ ਗਈ? ਇਹ ਰਹੱਸ ਦਾ ਵਿਸ਼ਾ ਬਣਿਆ ਹੋਇਆ ਹੈ। ਵਿਸ਼ਾਲ ਨੇ ਪੱਤਰਕਾਰਾਂ ਨੂੰ ਆਪਣੇ ਸਰੀਰ 'ਤੇ ਬੈਲਟਾਂ ਦੇ ਨਿਸ਼ਾਨ ਵੀ ਦਿਖਾਏ ਅਤੇ ਦੱਸਿਆ ਕਿ ਉਸਨੇ ਇਸ ਘਟਨਾ ਸਬੰਧੀ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਹੈ, ਪਰ ਹੁਣ ਤੱਕ ਪੁਲਸ ਨੇ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਹੈ। ਉਸਨੇ ਦੱਸਿਆ ਕਿ ਉਸਨੂੰ ਕੁੱਟਦੇ ਹੋਏ ਉਨ੍ਹਾਂ ਲੋਕਾਂ ਨੇ ਉਸਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਸਨੇ ਭਵਿੱਖ ਵਿੱਚ ਪੁਲਸ ਨੂੰ ਅਜਿਹੀ ਕੋਈ ਜਾਣਕਾਰੀ ਦਿੱਤੀ ਤਾਂ ਉਸਨੂੰ ਬਖਸ਼ਿਆ ਨਹੀਂ ਜਾਵੇਗਾ। ਮੰਨਿਆ ਜਾਂਦਾ ਹੈ ਕਿ ਹਮਲਾਵਰ ਨੌਜਵਾਨਾਂ ਨੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਕੋਈ ਵੀ ਪੁਲਸ ਨੂੰ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਨਾ ਦੇਵੇ।
ਪੀੜਤ ਨੌਜਵਾਨ ਵਿਸ਼ਾਲ ਨੇ ਇਨਸਾਫ਼ ਲਈ ਐਸਐਸਪੀ ਫਿਰੋਜ਼ਪੁਰ ਨੂੰ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਜੇਕਰ ਲੋਕਾਂ ਨੂੰ ਪੁਲਸ ਨੂੰ ਜਾਣਕਾਰੀ ਦੇਣ 'ਤੇ ਨਸ਼ਾ ਤਸਕਰਾਂ ਵੱਲੋਂ ਅਜਿਹੀਆਂ ਧਮਕੀਆਂ ਅਤੇ ਕੁੱਟਮਾਰ ਮਿਲਦੀ ਰਹੀ ਤਾਂ ਭਵਿੱਖ ਵਿੱਚ ਕੋਈ ਵੀ ਪੁਲਸ ਨੂੰ ਜਾਣਕਾਰੀ ਦੇਣ ਦੀ ਹਿੰਮਤ ਨਹੀਂ ਕਰੇਗਾ। ਵਿਸ਼ਾਲ ਨੇ ਮੰਗ ਕੀਤੀ ਹੈ ਕਿ ਉਸਨੂੰ ਇਨਸਾਫ਼ ਦਿੱਤਾ ਜਾਵੇ।
ਦੂਜੇ ਪਾਸੇ ਜਦੋਂ ਡੀਐਸਪੀ ਕਰਨ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਦੇ ਸਬੰਧ ਵਿੱਚ ਪੁਲਸ ਵੱਲੋਂ ਕੁੱਟਮਾਰ ਕਰਨ ਵਾਲੇ ਨੌਜਵਾਨਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਵਿਸ਼ਾਲ ਦਾ ਬਿਆਨ ਦਰਜ ਕੀਤਾ ਗਿਆ ਹੈ ਅਤੇ ਥਾਣਾ ਕੁਲਗੜ੍ਹੀ ਦੀ ਪੁਲਸ ਇਸ ਘਟਨਾ ਦੀ ਜਾਂਚ ਅਤੇ ਕਾਰਵਾਈ ਜਾਰੀ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਿਸੇ ਵੀ ਤੱਤ ਨੂੰ ਬਖਸ਼ਿਆ ਨਹੀਂ ਜਾਵੇਗਾ। ਡੀਐਸਪੀ ਕਰਨ ਸ਼ਰਮਾ ਨੇ ਕਿਹਾ ਕਿ ਅਜਿਹੀ ਜਾਣਕਾਰੀ ਦੇਣ ਵਾਲਿਆਂ ਦੇ ਨਾਮ ਪੁਲਸ ਵੱਲੋਂ ਹਮੇਸ਼ਾ ਗੁਪਤ ਰੱਖੇ ਜਾਂਦੇ ਹਨ।
ਲੋਕਾਂ ਦੀ ਰਾਏ ਹੈ ਕਿ ਜੇਕਰ ਪੁਲਸ ਨੂੰ ਜਾਣਕਾਰੀ ਦੇਣ ਵਾਲੇ ਲੋਕਾਂ ਨੂੰ ਗੁੰਡਿਆਂ ਵੱਲੋਂ ਇਸ ਤਰੀਕੇ ਨਾਲ ਕੁੱਟਿਆ ਜਾਂਦਾ ਹੈ, ਤਾਂ ਭਵਿੱਖ ਵਿੱਚ ਕੋਈ ਵੀ ਪੁਲਸ ਨੂੰ ਅਜਿਹੀ ਜਾਣਕਾਰੀ ਨਹੀਂ ਦੇਵੇਗਾ।