ਪਟਿਆਲਾ ''ਚ ਖ਼ਤਰੇ ਨੂੰ ਦੇਖਦਿਆਂ ਲੋਕਾਂ ਨੇ ਖਿੱਚੀ ਤਿਆਰੀ, ਘਰਾਂ ਦੇ ਗੇਟ ਬੰਦ ਕਰਨੇ ਕੀਤੇ ਸ਼ੁਰੂ
Wednesday, Jun 25, 2025 - 11:39 AM (IST)

ਪਟਿਆਲਾ/ਸਨੌਰ (ਮਨਦੀਪ ਜੋਸਨ) : ਜ਼ਿਲਾ ਪ੍ਰਸ਼ਾਸਨ ਦੀ ਪਟਿਆਲਵੀਆਂ ਪ੍ਰਤੀ ਖਾਮੋਸ਼ੀ ਕਾਰਨ ਭਾਰੀ ਬਰਸਾਤਾਂ ਦੇ ਚਲਦੇ ਹੜ੍ਹ ਦੇ ਡਰ ਵਜੋਂ ਹੁਣ ਲੋਕਾਂ ਨੇ ਰੇਤੇ ਦੇ ਥੈਲੇ ਭਰ ਕੇ ਆਪਣੇ ਘਰਾਂ ਦੇ ਗੇਟਾਂ ਅੱਗੇ ਲਾਉਣੇ ਸ਼ੁਰੂ ਕਰ ਦਿੱਤੇ ਹਨ। ਮੌਸਮ ਵਿਭਾਗ ਵੱਲੋਂ ਭਾਰੀ ਬਰਸਾਤ ਦੇ ਅਲਰਟ ਕਾਰਨ ਲੋਕਾਂ ’ਚ ਡਰ ਦਾ ਮਾਹੌਲ ਹੈ। ਲੰਘੇ ਸਾਲ 10 ਜੁਲਾਈ 2023 ਨੂੰ ਹੜ੍ਹਾਂ ਨਾਲ ਪਟਿਆਲਾ ਡੁੱਬ ਗਿਆ ਸੀ। ਅਰਬਨ ਅਸਟੇਟ ਦੇ ਖੇਤਰਾਂ ’ਚ ਭਾਰੀ ਨੁਕਸਾਨ ਕੀਤਾ ਸੀ। ਇਸ ਖੇਤਰ ਵਿਚ ਪਾਣੀ ਨੇ ਭਾਰੀ ਤਬਾਹੀ ਮਚਾਈ ਸੀ। ਅਰਬਨ ਅਸਟੇਟ ਫੇਸ-2 ਵਿਚ ਇਸ ਵਾਰ ਬਹੁਤ ਸਾਰੇ ਘਰਾਂ ਨੇ ਆਪਣੇ ਘਰਾਂ ਦੇ ਅੰਦਰ ਹੜ ਰੋਕੂ ਇੰਤਜ਼ਾਮ ਕਰਨੇ ਸ਼ੁਰੂ ਕਰ ਦਿੱਤੇ ਹਨ। ਲੋਕਾਂ ਨੇ ਆਪਣੇ ਗੇਟਾਂ ਅੱਗੇ ਜਿੱਥੇ ਮਿੱਟੀ ਅਤੇ ਰੇਤੇ ਨਾਲ ਭਰੇ ਹੋਏ ਥੈਲੇ ਲਾ ਲਏ ਹਨ, ਉੱਥੇ ਘਰਾਂ ਅੰਦਰ ਇਨਾਂ ਨੂੰ ਸਟੋਰ ਕਰ ਕੇ ਰੱਖਿਆ ਹੈ ਤਾਂ ਜੋ ਕਿਸੇ ਵੀ ਸੰਕਟ ਦਾ ਮੁਕਾਬਲਾ ਕੀਤਾ ਜਾ ਸਕੇ। ਲੋਕਾਂ ਦਾ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਵਿਸ਼ਵਾਸ਼ ਪੂਰੀ ਤਰ੍ਹਾਂ ਉੱਠ ਚੁਕਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਪਿਛਲੀ ਵਾਰ ਵੀ ਹੜ੍ਹ ’ਚ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਸੀ। ਇਸ ਵਾਰ ਅਜੇ ਤੱਕ ਨਦੀ ਦੀ ਸਫਾਈ ਹੀ ਨਹੀਂ ਹੋਈ। ਜੇਕਰ ਅਜਿਹਾ ਕੋਈ ਭਾਣਾ ਵਾਪਰ ਗਿਆ ਤਾਂ ਫਿਰ ਪਾਣੀ ਤਬਾਹੀ ਮਚਾਵੇਗਾ।
ਇਹ ਵੀ ਪੜ੍ਹੋ : ਸਕੂਲ ਖੁੱਲ੍ਹਣ ਤੋਂ ਪਹਿਲਾਂ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਲਈ ਨਵੇਂ ਹੁਕਮ ਜਾਰੀ
3 ਮਹੀਨਿਆਂ ਤੋਂ ਹੜ੍ਹ ਰੋਕੂ ਪ੍ਰਬੰਧਾਂ ਲਈ ਕੰਮ ਕੀਤਾ ਜਾ ਰਿਹਾ, ਲੋਕ ਅਫ਼ਵਾਹਾਂ ਤੋਂ ਸੁਚੇਤ ਰਹਿਣ : ਡਾ. ਪ੍ਰੀਤੀ ਯਾਦਵ
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਪਟਿਆਲਾ ਦੀ ਛੋਟੀ ਤੇ ਵੱਡੀ ਨਦੀ ਦਾ ਦੌਰਾ ਕਰ ਕੇ ਡਰੇਨੇਜ ਵਿਭਾਗ ਵੱਲੋਂ ਕੀਤੇ ਜਾ ਰਹੇ ਹੜ੍ਹ ਰੋਕੂ ਕੰਮਾਂ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡਰੇਨੇਜ ਵਿਭਾਗ ਦੇ ਨਿਗਰਾਨ ਇੰਜੀਨੀਅਰ ਰਜਿੰਦਰ ਘਈ, ਕਾਰਜਕਾਰੀ ਇੰਜੀਨੀਅਰ ਪ੍ਰਥਮ ਗੰਭੀਰ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪਟਿਆਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ। ਲਗਾਤਾਰ ਰੋਜ਼ਾਨਾ ਮੌਸਮ ਤੇ ਨਦੀਆਂ ’ਚ ਪਾਣੀ ਦੀ ਗੇਜ ’ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਪਟਿਆਲਾ ’ਚ ਅਜਿਹੀ ਕੋਈ ਡਰਨ ਵਾਲੀ ਸਥਿਤੀ ਨਹੀਂ ਹੈ।
ਇਹ ਵੀ ਪੜ੍ਹੋ : ਪੈਨਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਨਵੇਂ ਹੁਕਮਾਂ ਨਾਲ ਨੋਟੀਫਿਕੇਸ਼ਨ ਜਾਰੀ
ਉਨ੍ਹਾਂ ਦੱਸਿਆ ਕਿ ਹੜ੍ਹਾਂ ਸਬੰਧੀ ਜਲ ਨਿਕਾਸ ਤੇ ਹੋਰ ਸਬੰਧਤ ਵਿਭਾਗਾਂ ਨੂੰ ਲੋੜੀਂਦੇ ਅਗਾਊਂ ਪ੍ਰਬੰਧ ਪੁਖ਼ਤਾ ਕਰਨ ਦੀਆਂ ਹਦਾਇਤਾਂ 4 ਮਹੀਨੇ ਪਹਿਲਾਂ ਹੀ ਦੇ ਦਿੱਤੀਆਂ ਗਈਆਂ ਸਨ। ਵਿਭਾਗ ਵੱਲੋਂ ਡਰੋਨ ਨਾਲ ਸਰਵੇ ਕਰ ਕੇ ਨਦੀਆਂ ਦੇ ਸੰਵੇਦਨਸ਼ੀਲ ਸਥਾਨਾਂ ਦਾ ਮੁਲਾਂਕਣ ਕੀਤਾ ਹੈ। ਉੱਥੇ ਸਫ਼ਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੰਵੇਦਨਸ਼ੀਲ ਸਥਾਨਾਂ ਦੀ ਸਫ਼ਾਈ ਦੇ ਨਾਲ-ਨਾਲ ਸਾਰੀ ਨਦੀ ਦੀ ਸਫ਼ਾਈ ਵੀ ਮੁਕੰਮਲ ਕੀਤੀ ਜਾ ਰਹੀ ਹੈ। ਵਿਭਾਗ ਵੱਲੋਂ ਪਿਛਲੇ 3 ਮਹੀਨਿਆਂ ਤੋਂ ਹੜ੍ਹ ਰੋਕੂ ਪ੍ਰਬੰਧਾਂ ਲਈ ਕੰਮ ਕੀਤਾ ਜਾ ਰਿਹਾ ਹੈ। ਲੋਕਾਂ ਵੱਲੋਂ ਵੀ ਮਿਲੀ ਫੀਡਬੈਕ ਅਨੁਸਾਰ ਵੀ ਵਿਭਾਗ ਵੱਲੋਂ ਲੋੜੀਂਦਾ ਕੰਮ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਕੀਤੀਆਂ ਤਰੱਕੀਆਂ
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਜੋ ਨਦੀ ’ਚ ਬੂਟੀ ਆਉਂਦੀ ਹੈ, ਉਹ ਪਿੱਛੇ ਸਫ਼ਾਈ ਦਾ ਕੰਮ ਚੱਲਦਾ ਹੋਣ ਕਰ ਕੇ ਅੱਗੇ ਆ ਰਹੀ ਹੈ ਅਤੇ ਜਿਵੇਂ-ਜਿਵੇਂ ਸਫ਼ਾਈ ਦਾ ਕੰਮ ਪਿੱਛੇ ਮੁਕੰਮਲ ਹੁੰਦਾ ਜਾ ਰਿਹਾ ਹੈ, ਉਸੇ ਤਰ੍ਹਾਂ ਅੱਗੇ ਸਫ਼ਾਈ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਮ ਲੋਕਾਂ ਨੂੰ ਬਰਸਾਤਾਂ ਦੇ ਮੌਸਮ ’ਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਜਾਰੀ ਕੀਤੀ ਕਰੋੜਾਂ ਦੀ ਰਾਸ਼ੀ, ਇਨ੍ਹਾਂ ਲੋਕਾਂ ਦੀਆਂ ਲੱਗੀਆਂ ਮੌਜਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e