ਨਾਈਜੀਰੀਆ : ਇਸਲਾਮਿਕ ਸਕੂਲ ’ਚ ਜੰਜ਼ੀਰਾਂ ਨਾਲ ਬੰਨ੍ਹੇ ਛੁਡਵਾਏ ਗਏ 300 ਨੌਜਵਾਨ

10/15/2019 1:21:28 PM

ਅਬੁਜਾ (ਬਿਊਰੋ)— ਉੱਤਰੀ ਨਾਈਜੀਰੀਆ ਦੀ ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਇਸਲਾਮਿਕ ਬੋਰਡਿੰਗ ਸਕੂਲ ਦੇ 300 ਤੋਂ ਵੱਧ ਵਿਦਿਆਰਥੀਆਂ ਨੂੰ ਬਚਾਇਆ। ਪੁਲਸ ਦਾ ਇਕ ਮਹੀਨੇ ਵਿਚ ਇਸ ਤਰ੍ਹਾਂ ਦਾ ਇਹ ਦੂਜਾ ਆਪਰੇਸ਼ਨ ਸੀ। ਸੂਤਰਾਂ ਮੁਤਾਬਕ ਨਾਈਜੀਰੀਆ ਦੇ ਇਸ ਸਕੂਲ ਵਿਚ ਨਸ਼ੇ ਤੋਂ ਮੁਕਤੀ ਦਿਵਾਉਣ ਲਈ ਸਿੱਖਿਆ ਦਿੱਤੀ ਜਾਂਦੀ ਸੀ ਪਰ ਪੁਲਸ ਨੂੰ ਮਿਲੀ ਜਾਣਕਾਰੀ ਮੁਤਾਬਕ ਇਸ ਇਸਲਾਮਿਕ ਬੋਰਡਿੰਗ ਸਕੂਲ ਵਿਚ ਪੁਰਸ਼ ਵਿਦਿਆਰਥੀਆਂ ਨਾਲ ਅਣਮਨੁੱਖੀ ਵਿਵਹਾਰ ਕੀਤਾ ਜਾਂਦਾ ਸੀ। ਇਸ ਮਗਰੋਂ ਪੁਲਸ ਨੇ ਐਤਵਾਰ ਨੂੰ ਇਸ ਸਕੂਲ ਵਿਚ ਛਾਪਾ ਮਾਰਿਆ। ਇਸ ਦੌਰਾਨ 300 ਤੋਂ ਵੱਧ ਨੌਜਵਾਨਾਂ ਨੂੰ ਜੰਜ਼ੀਰਾਂ ਨਾਲ ਬੰਨ੍ਹ ਕੇ ਰੱਖਿਆ ਹੋਇਆ ਸੀ ਅਤੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਜਾ ਰਿਹਾ ਸੀ।

ਕੈਸਟੀਨਾ ਪੁਲਸ ਦੇ ਮੁਖੀ ਸਾਨੁਸ਼ੀ ਬੁਬਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦਾਉਰਾ ਵਿਚ ਨੌਜਵਾਨਾਂ ਨੂੰ ਜੰਜੀਰਾਂ ਨਾਲ ਬੰਨ੍ਹ ਕੇ ਤਸੀਹੇ ਦਿੱਤੇ ਗਏ ਸਨ। ਸਾਨੂੰ ਪਤਾ ਚੱਲਿਆ ਹੈ ਕਿ ਇੱਥੇ ਘੱਟੋ-ਘੱਟ 300 ਤੋਂ ਜ਼ਿਆਦਾ ਨੌਜਵਾਨਾਂ ਨੂੰ ਕੈਦ ਕੀਤਾ ਗਿਆ ਹੈ। ਨੌਜਵਾਨਾਂ ਨਾਲ ਅਣ ਮਨੁੱਖੀ ਵਿਵਹਾਰ ਕੀਤਾ ਜਾ ਰਿਹਾ ਹੈ। ਬੁਬਾ ਮੁਤਾਬਕ ਸਕੂਲ ਦੀ ਸਥਾਪਨਾ 78 ਸਾਲਾ ਮੁਸਲਿਮ ਧਰਮ ਗੁਰੂ ਬੇਲੋ ਮਾਈ ਅਲਮਾਜਿਰਾਈ ਨੇ 40 ਸਾਲ ਪਹਿਲਾਂ ਕੀਤੀ ਸੀ। ਇਸ ਮਗਰੋਂ ਧਰਮ ਗੁਰੂ ਦੇ ਬੇਟੇ ਨੇ ਸਕੂਲ ਦਾ ਪ੍ਰਬੰਧਨ ਸਾਂਭਿਆ।

ਉਨ੍ਹਾਂ ਨੇ ਕਿਹਾ ਕਿ ਸਕੂਲ ਨੇ ਆਪਣੇ ਪਰਿਵਾਰ ਵੱਲੋਂ ਲਿਆਂਦੇ ਗਏ ਵਿਦਿਆਰਥੀਆਂ ਨੂੰ ਕੁਰਾਨ ਸਿਖਾਈ। ਇਸ ਦੇ ਨਾਲ ਹੀ ਉਨ੍ਹਾਂ ਦੀ ਨਸ਼ੀਲੇ ਪਦਾਰਥਾਂ ਦੀ ਆਦਤ ਅਤੇ ਹੋਰ ਬੀਮਾਰੀਆਂ ਦਾ ਇਲਾਜ ਕੀਤਾ। ਦਉਰਾ ਜੋ 70 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ, ਰਾਜ ਦੀ ਰਾਜਧਾਨੀ ਤੋਂ 70 ਕਿਲੋਮੀਟਰ (45 ਮੀਲ) ਦੂਰ ਅਤੇ ਨਾਈਜਰ ਦੇ ਨਾਲ ਸੀਮਾ ਨੇੜੇ ਸਥਿਤ ਰਾਸ਼ਟਰਪਤੀ ਮੁਹੰਮਦੁ ਬੁਹਾਰੀ ਦਾ ਗ੍ਰਹਿਨਗਰ ਹੈ। ਪੁਲਸ ਪ੍ਰਮੁੱਖ ਨੇ ਕਿਹਾ ਕਿ ਵਿਦਿਆਰਥੀ ਨਾਈਜੀਰੀਆ ਦੇ ਵੱਖ-ਵੱਖ ਹਿੱਸਿਆਂ ਤੋਂ ਹਨ, ਜਿਸ ਵਿਚ ਕਟਿਸਨਾ ਰਾਜ ਅਤੇ ਗੁਆਂਢੀ ਨਾਈਜਰ ਗਣਰਾਜ ਸ਼ਾਮਲ ਹੈ। 

ਬੁਬਾ ਨੇ ਦੱਸਿਆ ਕਿ ਕੁਝ ਵਿਦਿਆਰਥੀਆਂ ਨੇ ਦੋਸ਼ ਲਗਾਇਆ ਹੈ ਕਿ ਇਸ ਸਕੂਲ ਵਿਚ ਬੱਚਿਆਂ ਦੇ ਨਾਲ-ਨਾਲ ਨੌਜਵਾਨਾਂ ਨਾਲ ਵੀ ਦੁਰਵਿਵਹਾਰ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪੁਲਸ ਰਾਜ ਸਰਕਾਰ ਦੇ ਨਾਲ ਮਿਲ ਕੇ ਨੌਜਵਾਨਾਂ ਦੀ ਪਛਾਣ ਕਰੇਗੀ ਅਤੇ ਉਨ੍ਹਾਂ ਦਾ ਪਰਿਵਾਰ ਵਾਲਿਆਂ ਨਾਲ ਸੰਪਰਕ ਕਰਵਾਏਗੀ। ਬੁਬਾ ਨੇ ਸਕੂਲ ਦੇ ਮਾਲਕ ਅਤੇ ਉਸ ਦੇ ਅਧਿਆਪਕਾਂ ਨੂੰ ਗਿ੍ਰਫਤਾਰ ਕਰਨ ਦਾ ਵਾਅਦ ਕੀਤਾ ਜੋ ਛਾਪੇ ਦੌਰਾਨ ਭੱਜਣ ਵਿਚ ਸਫਲ ਰਹੇ।


Vandana

Content Editor

Related News