ਨਿਊਜ਼ੀਲੈਂਡ : ਸੰਸਦ ''ਚ ਸਪੀਕਰ ਨੇ ਬੱਚੇ ਨੂੰ ਪਿਲਾਇਆ ਦੁੱਧ, ਤਸਵੀਰ ਵਾਇਰਲ

Thursday, Aug 22, 2019 - 12:19 PM (IST)

ਨਿਊਜ਼ੀਲੈਂਡ : ਸੰਸਦ ''ਚ ਸਪੀਕਰ ਨੇ ਬੱਚੇ ਨੂੰ ਪਿਲਾਇਆ ਦੁੱਧ, ਤਸਵੀਰ ਵਾਇਰਲ

ਵੈਲਿੰਗਟਨ (ਬਿਊਰੋ)— ਨਿਊਜ਼ੀਲੈਂਡ ਦੀ ਸੰਸਦ ਦੇ ਪ੍ਰਧਾਨ ਟ੍ਰੇਵਰ ਮੈਲਾਰਡ ਦੀ ਇਕ ਤਸਵੀਰ ਸੋਸ਼ਲ ਮੀਡੀਆ ਵਿਚ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤਾ ਸੀ। ਤਸਵੀਰ ਵਿਚ ਉਹ ਸੰਸਦ ਦੀ ਕਾਰਵਾਈ ਦੌਰਾਨ ਇਕ ਸਾਂਸਦ ਤਮਾਟੀ ਕੌਫੀ ਦੇ ਬੇਟੇ ਨੂੰ ਦੁੱਧ ਪਿਲਾਉਂਦੇ ਹੋਏ ਨਜ਼ਰ ਆ ਰਹੇ ਹਨ। ਹਾਊਸ ਆਫ ਰੀਪ੍ਰੀਜੈਂਟੇਟਿਵ ਵਿਚ ਸਪੀਕਰ ਦੀ ਕੁਰਸੀ 'ਤੇ ਬੈਠ ਕੇ ਟ੍ਰੇਵਰ ਨੇ ਬੋਤਲ ਨਾਲ ਸਾਂਸਦ ਦੇ ਬੇਟੇ ਨੂੰ ਦੁੱਧ ਪਿਲਾਇਆ। ਉਨ੍ਹਾਂ ਦੇ ਇਸ ਕੰਮ ਦੀ ਸੋਸ਼ਲ ਮੀਡੀਆ ਵਿਚ ਕਾਫੀ ਤਾਰੀਫ ਹੋ ਰਹੀ ਹੈ।

PunjabKesari

ਇਸ ਤਸਵੀਰ ਨੂੰ ਟਵਿੱਟਰ 'ਤੇ ਸ਼ੇਅਰ ਕਰਦਿਆਂ ਟ੍ਰੇਵਰ ਨੇ ਲਿਖਿਆ,''ਆਮਤੌਰ 'ਤੇ ਸਪੀਕਰ ਦੀ ਕੁਰਸੀ 'ਤੇ ਸਿਰਫ ਪ੍ਰੀਜ਼ਾਈਡਿੰਗ ਅਧਿਕਾਰੀ ਹੀ ਬੈਠਦੇ ਹਨ ਪਰ ਅੱਜ ਇਕ ਵੀ.ਆਈ.ਪੀ. ਨੇ ਮੇਰੇ ਨਾਲ ਕੁਰਸੀ ਸ਼ੇਅਰ ਕੀਤੀ ਹੈ। @tamaticoffey ਅਤੇ ਟਿਮ ਤੁਹਾਡੇ ਪਰਿਵਾਰ ਦੇ ਸਭ ਤੋਂ ਨਵੇਂ ਮੈਂਬਰ ਨੂੰ ਵਧਾਈ।'' ਇੱਥੇ ਦੱਸ ਦਈਏ ਕਿ ਤਮਾਟੀ ਨੇ ਜੁਲਾਈ ਵਿਚ ਆਪਣੇ ਬੇਟੇ ਤੂਤਨਕੇਈ ਸਮਿਥ ਦੇ ਜਨਮ ਦਾ ਐਲਾਨ ਕੀਤਾ ਸੀ। ਬੱਚੇ ਦਾ ਜਨਮ ਸਰੋਗੇਟ ਮਦਰ ਜ਼ਰੀਏ ਹੋਇਆ ਸੀ।

 

ਬੱਚੇ ਦੇ ਜਨਮ ਦੇ ਬਾਰੇ ਵਿਚ ਇਕ ਟਵੀਟ ਵਿਚ ਤਮਾਟੀ ਨੇ ਲਿਖਿਆ ਸੀ,''ਉਹ ਅਤੇ ਉਸ ਦੀ ਜੀਵਨ ਸਾਥੀ ਜ਼ਿੰਦਗੀ ਦੇ ਇਸ ਚਮਤਕਾਰ ਨਾਲ ਖੁਸ਼ ਸਨ।'' ਬੁੱਧਵਾਰ ਨੂੰ ਤਮਾਟੀ ਨੇ ਪੈਟਰਨਿਟੀ ਛੁੱਟੀ ਤੋਂ ਪਰਤਣ ਦੇ ਬਾਅਦ ਪਹਿਲੀ ਵਾਰ ਆਪਣੇ ਬੱਚੇ ਨਾਲ ਸੰਸਦੀ ਬਹਿਸ ਵਿਚ ਹਿੱਸਾ ਲਿਆ। ਸੈਸ਼ਨ ਦੌਰਾਨ ਤਿੰਨ ਬੱਚਿਆਂ ਦੇ ਪਿਤਾ ਟ੍ਰੇਵਰ ਨੇ ਸਪੀਕਰ ਦੀ ਭੂਮਿਕਾ ਨਾਲ ਬੇਬੀ ਸਿਟਰ ਦੀ ਭੂਮਿਕਾ ਵੀ ਨਿਭਾਈ। ਤਮਾਟੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਦਨ ਦੇ ਆਪਣੇ ਸਾਥੀਆਂ ਨੇ ਸਮਰਥਨ ਦਿੱਤਾ। ਉਹ ਆਪਣੇ ਬੱਚੇ ਨੂੰ ਸੰਸਦ ਵਿਚ ਲਿਆਉਣ ਵਾਲੇ ਨਵੀਨਤਮ ਸਾਂਸਦ ਹਨ। 

PunjabKesari

ਉਂਝ ਇਸ ਤੋਂ ਪਹਿਲਾਂ ਵੀ ਦੁਨੀਆ ਭਰ ਵਿਚ ਕਈ ਨੇਤਾ ਆਪਣੇ ਨਵਜੰਮੇ ਬੱਚਿਆਂ ਨਾਲ ਸੰਸਦ ਵਿਚ ਆ ਚੁੱਕੇ ਹਨ। ਇਨ੍ਹਾਂ ਵਿਚ ਲਿਬਰਲ ਡੈਮੋਕ੍ਰੇਟ ਨੇਤਾ ਜੋ ਸਵਿਨਸਨ ਨੇ ਸਾਲ 2018 ਵਿਚ ਆਪਣੇ ਬੱਚੇ ਨਾਲ ਇਕ ਬਹਿਸ ਵਿਚ ਹਿੱਸਾ ਲਿਆ ਸੀ। ਸਾਲ 2017 ਵਿਚ ਸੰਸਦ ਵਿਚ ਆਪਣਾ ਦੁੱਧ ਪਿਲਾਉਣ ਦੇ ਬਾਅਦ ਆਸਟ੍ਰੇਲੀਆਈ ਸੈਨੇਟਰ ਲਾਰਿਸਾ ਵਾਟਰਸ ਵੀ ਸੁਰਖੀਆਂ ਵਿਚ ਆ ਗਈ ਸੀ। ਪਿਛਲੇ ਸਾਲ ਸਤੰਬਰ ਵਿਚ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਵਿਚ ਆਪਣੇ ਬੱਚੇ ਨਾਲ ਭਾਸ਼ਣ ਦੇ ਕੇ ਇਤਿਹਾਸ ਰਚ ਦਿੱਤਾ ਸੀ। 


author

Vandana

Content Editor

Related News