ਲੁਧਿਆਣਾ ''ਚ ਸ਼ਰੇਆਮ ਨਸ਼ੇ ਦਾ ਟੀਕਾ ਲਾਉਂਦੇ ਮੁੰਡੇ ਦੀ ਵੀਡੀਓ ਵਾਇਰਲ
Tuesday, Mar 17, 2026 - 06:59 PM (IST)
ਲੁਧਿਆਣਾ (ਰਾਜ): ਮਹਾਨਗਰ ਦੇ ਪੌਸ਼ ਇਲਾਕੇ ਦੁੱਗਰੀ ਫੇਸ-1 ਤੋਂ ਇਕ ਬਹੁਤ ਗੰਭੀਰ ਮਸਲਾ ਸਾਹਮਣੇ ਆਇਆ ਹੈ, ਜਿਸ ਨੇ ਪੁਲਸ ਪ੍ਰਸ਼ਾਸਨ ਅਤੇ ਸਥਾਨਕ ਨਿਵਾਸੀਆਂ ਦੀ ਨੀਂਦ ਉਡਾ ਦਿੱਤੀ ਹੈ। ਦੁੱਗਰੀ ਐੱਲ.ਆਈ.ਜੀ. ਫਲੈਟਸ ਫੇਸ-1, ਬੱਗਾ ਨਰਸਿੰਗ ਹੋਮ ਹਸਪਤਾਲ ਦੀ ਬੈਕ ਸਾਈਡ ਸਥਿਤ ਪਾਰਕ ਵਿਚ ਇਕ ਨੌਜਵਾਨ ਸ਼ਰੇਆਮ ਨਸ਼ੇ ਦਾ ਇੰਜੈਕਸ਼ਨ ਲਗਾਉਂਦਾ ਕੈਮਰੇ ਵਿਚ ਕੈਦ ਹੋਇਆ ਹੈ। ਨਸ਼ੇ ਦੀ ਇਸ ਭਿਆਨਕ ਤਸਵੀਰ ਨੇ ਇਲਾਕੇ ਵਿਚ ਦਹਿਸ਼ਤ ਅਤੇ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ, ਉਕਤ ਪਾਰਕ ਵਿਚ ਜਦੋਂ ਲੋਕ ਸੈਰ ਕਰ ਰਹੇ ਸਨ, ਉਦੋਂ ਹੀ ਇਕ ਨੌਜਵਾਨ ਪਾਰਕ ਦੇ ਕੋਨੇ ਵਿਚ ਖੜ੍ਹਾ ਹੋ ਕੇ ਆਪਣੀ ਪੱਟ 'ਤੇ ਨਸ਼ੇ ਦਾ ਇੰਜੈਕਸ਼ਨ ਲਗਾਉਂਦਾ ਦਿਖਾਈ ਦਿੱਤਾ। ਨੌਜਵਾਨ ਇਸ ਕਦਰ ਨਸ਼ੇ ਦੀ ਗ੍ਰਿਫ਼ਤ ਵਿਚ ਸੀ ਕਿ ਉਸ ਨੂੰ ਆਸ-ਪਾਸ ਤੋਂ ਗੁਜ਼ਰ ਰਹੇ ਲੋਕਾਂ ਦਾ ਕੋਈ ਡਰ ਨਹੀਂ ਸੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬੱਗਾ ਨਰਸਿੰਗ ਹੋਮ ਦੇ ਪਿੱਛੇ ਬਣੇ ਇਨ੍ਹਾਂ ਫਲੈਟਾਂ ਅਤੇ ਪਾਰਕਾਂ ਵਿਚ ਨਸ਼ੇੜੀਆਂ ਦਾ ਜਮਾਵੜਾ ਵਧਦਾ ਜਾ ਰਿਹਾ ਹੈ, ਜਿਸ ਨਾਲ ਇਲਾਕੇ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ। ਨਿਵਾਸੀਆਂ ਨੇ ਰੋਸ ਜਤਾਉਂਦੇ ਹੋਏ ਕਿਹਾ ਕਿ ਪੁਲਸ ਦੀ ਗਸ਼ਤ ਨਾ ਹੋਣ ਕਾਰਨ ਇਨ੍ਹਾਂ ਪਾਰਕਾਂ ਵਿਚ ਅਸਮਾਜਿਕ ਅਨਸਰਾਂ ਨੇ ਡੇਰਾ ਜਮਾ ਲਿਆ ਹੈ। ਸ਼ਰੇਆਮ ਇੰਜੈਕਸ਼ਨ ਲਗਾਉਣ ਦੀ ਇਸ ਘਟਨਾ ਨਾਲ ਬੱਚਿਆਂ ਅਤੇ ਔਰਤਾਂ ਵਿਚ ਅਸੁਰੱਖਿਆ ਦੀ ਭਾਵਨਾ ਹੈ। ਨਿਵਾਸੀਆਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਇਲਾਕੇ ਵਿਚ ਗਸ਼ਤ ਵਧਾਈ ਜਾਵੇ ਅਤੇ ਪਾਰਕਾਂ ਨੂੰ ਨਸ਼ੇੜੀਆਂ ਦੇ ਚੁੰਗਲ ਵਿੱਚੋਂ ਆਜ਼ਾਦ ਕਰਵਾਇਆ ਜਾਵੇ।
