ਨਾਨਕੇ ਗਈ ਨਾਬਾਲਗ ਲੜਕੀ ਨੂੰ ਕੀਤਾ ਅਗਵਾ, ਨਹਿਰ ''ਚ ਸੁੱਟ ਕੇ ਮਾਰਨ ਦੀ ਕੋਸ਼ਿਸ਼
Wednesday, Mar 18, 2026 - 05:30 PM (IST)
ਮਾਛੀਵਾੜਾ ਸਾਹਿਬ (ਟੱਕਰ) : ਥਾਣਾ ਕੂੰਮਕਲਾਂ ਪੁਲਸ ਵਲੋਂ ਇਕ ਨਾਬਾਲਗ ਲੜਕੀ ਦੇ ਬਿਆਨਾਂ ਦੇ ਅਧਾਰ ’ਤੇ ਉਸ ਨੂੰ ਨਸ਼ੀਲਾ ਪਦਾਰਥ ਖਵਾ ਕੇ ਅਗਵਾ ਕਰਕੇ ਅਸ਼ਲੀਲ ਹਰਕਤਾਂ ਕਰਨ ਅਤੇ ਫਿਰ ਨਹਿਰ ਵਿਚ ਸੁੱਟਣ ਦੀ ਕੋਸ਼ਿਸ਼ ਕਰਨ ਤਹਿਤ ਇਕ ਔਰਤ ਸਮੇਤ ਤਿੰਨ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਹਿਚਾਣ ਗਗਨਪ੍ਰੀਤ ਸਿੰਘ, ਪਰਮਜੀਤ ਕੌਰ, ਸਨੀ ਵਾਸੀ ਗੱਦੋਵਾਲ ਵਜੋਂ ਹੋਈ ਹੈ। ਨਾਬਾਲਗ ਲੜਕੀ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਮਾਛੀਵਾੜਾ ਇਲਾਕੇ ਦੇ ਇਕ ਪਿੰਡ ਦੀ ਰਹਿਣ ਵਾਲੀ ਹੈ। ਬਿਆਨਕਰਤਾ ਅਨੁਸਾਰ ਉਹ ਆਪਣੀ ਮਾਤਾ ਤੇ ਭਰਾ ਨਾਲ ਨਾਨਕੇ ਪਿੰਡ ਗਈ ਸੀ ਜਿੱਥੇ ਉਸਦੇ ਮੋਬਾਇਲ ਫੋਨ ’ਤੇ ਗਗਨਪ੍ਰੀਤ ਸਿੰਘ ਦਾ ਫੋਨ ਆਇਆ ਕਿ ਉਹ ਉਸਨੂੰ ਮਿਲਣਾ ਚਾਹੁੰਦਾ ਹੈ। ਸ਼ਿਕਾਇਤਕਰਤਾ ਨਾਬਾਲਗ ਲੜਕੀ ਅਨੁਸਾਰ ਜਦੋਂ ਉਹ ਗਗਨਪ੍ਰੀਤ ਸਿੰਘ ਨੂੰ ਮਿਲਣ ਗਈ ਤਾਂ ਉਸ ਨਾਲ ਉੱਥੇ ਉਸਦੀ ਭੂਆ ਪਰਮਜੀਤ ਕੌਰ ਤੇ ਉਸਦਾ ਲੜਕਾ ਸਨੀ ਵੀ ਕਾਰ ਵਿਚ ਬੈਠੇ ਸਨ।
ਇਨ੍ਹਾਂ ਨੇ ਧੱਕੇ ਨਾਲ ਉਸ ਨੂੰ ਗੱਡੀ ਵਿਚ ਬਿਠਾ ਲਿਆ ਤੇ ਫਿਰ ਗਗਨਪ੍ਰੀਤ ਸਿੰਘ ਨੇ ਕੋਲਡਡ੍ਰਿੰਕ ਵਿਚ ਕੋਈ ਨਸ਼ੀਲਾ ਪਦਾਰਥ ਘੋਲ ਕੇ ਉਸ ਨੂੰ ਪਿਲਾ ਦਿੱਤਾ ਜਿਸ ਕਾਰਨ ਉਹ ਆਪਣਾ ਹੋਸ਼ ਗਵਾ ਬੈਠੀ। ਕੁਝ ਸਮੇਂ ਬਾਅਦ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸਨੇ ਦੇਖਿਆ ਕਿ ਇਨ੍ਹਾਂ ਤਿੰਨਾਂ ਨੇ ਉਸ ਨੂੰ ਫੜਿਆ ਹੋਇਆ ਸੀ ਅਤੇ ਨਹਿਰ ਕਿਨਾਰੇ ਲਿਆ ਕੇ ਮੈਨੂੰ ਸੁੱਟਣ ਦੀ ਤਿਆਰੀ ਕਰ ਰਹੇ ਸਨ। ਸ਼ਿਕਾਇਤਕਰਤਾ ਅਨੁਸਾਰ ਉਸਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਉਹ ਮੁੜ ਉਸ ਨੂੰ ਗੱਡੀ ਵਿਚ ਬਿਠਾ ਕੇ ਘੁਮਾਉਂਦੇ ਰਹੇ। ਇਸ ਦੌਰਾਨ ਗਗਨਪ੍ਰੀਤ ਸਿੰਘ ਨੇ ਉਸ ਨੂੰ ਬੜੇ ਬੁਰੇ ਤਰੀਕੇ ਨਾਲ ਛੂਹਿਆ ਅਤੇ ਫਿਰ ਨਸ਼ੇ ਦੀ ਹਾਲਤ ਵਿਚ ਛੱਡ ਕੇ ਚਲੇ ਗਏ। ਪੁਲਸ ਵਲੋਂ ਬਿਆਨ ਦਰਜ ਕਰ ਗਗਨਪ੍ਰੀਤ ਸਿੰਘ, ਪਰਮਜੀਤ ਕੌਰ ਤੇ ਸਨੀ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਗਜੀਵਨ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
