ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਵਧੇਰੇ ਅਮਰੀਕੀਆਂ ਨੇ ਕੀਤਾ ਕੈਨੇਡਾ ਦਾ ਰੁਖ
Saturday, Sep 12, 2020 - 11:44 PM (IST)
ਓਟਵਾ - ਜਦੋਂ ਨਵੰਬਰ 2016 ਵਿਚ ਡੋਨਾਲਡ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤੀ ਤਾਂ ਬਹੁਤ ਸਾਰੇ ਅਮਰੀਕੀ ਇਸ ਦੇ ਵਿਰੋਧ ਵਿਚ ਸਨ ਤੇ ਇਸ ਦੌਰਾਨ ਉਨ੍ਹਾਂ ਨੇ ਧਮਕੀ ਦਿੱਤੀ ਕਿ ਉਹ ਆਪਣੇ ਬਿਹਤਰ ਜੀਵਨ ਲਈ ਦੇਸ਼ ਛੱਡ ਕੇ ਸਰਹੱਦ ਤੋਂ ਨਾਰਥ ਵਾਲੇ ਪਾਸੇ ਜਾ ਕੇ ਵੱਸ ਜਾਣਗੇ। ਇਸ ਦੌਰਾਨ ਜੇਕਰ ਸਰਕਾਰੀ ਅੰਕੜੇ ਦੇਖੇ ਜਾਣ ਤਾਂ ਇਨ੍ਹਾਂ ਵਿਚੋਂ ਕਈਆਂ ਨੇ ਆਪਣੀ ਧਮਕੀ ਨੂੰ ਸੱਚ ਕਰਕੇ ਦਿਖਾਇਆ ਹੈ।
ਇਮੀਗ੍ਰੇਸ਼ਨ ਕੈਨੇਡਾ ਦੇ ਨਵੇਂ ਅੰਕੜਿਆਂ ਮੁਤਾਬਕ ਟਰੰਪ ਦੀ ਜਿੱਤ ਤੋਂ ਬਾਅਦ ਕੈਨੇਡਾ ਜਾਣ ਦੀ ਕੋਸ਼ਿਸ਼ ਕਰ ਰਹੇ ਅਮਰੀਕੀਆਂ ਦੀ ਗਿਣਤੀ ਵਿਚ ਭਾਰੀ ਵਾਧਾ ਦੇਖਿਆ ਗਿਆ ਹੈ। 2015 ਵਿਚ 6,800 ਤੋਂ ਵਧੇਰੇ ਅਮਰੀਕੀਆਂ ਨੇ ਕੈਨੇਡਾ ਵਿਚ ਸਥਾਈ ਨਿਵਾਸ ਲਈ ਅਰਜ਼ੀ ਦਿੱਤੀ ਤੇ ਉਸ ਤੋਂ ਬਾਅਦ 2016 ਵਿਚ ਇਹ ਗਿਣਤੀ 7,700 ਤੋਂ ਵਧੇਰੇ ਰਹੀ। ਪਰ 2017 ਵਿਚ, ਟਰੰਪ ਪ੍ਰਸ਼ਾਸਨ ਦੀ ਸ਼ੁਰੂਆਤ ਦੇ ਸਾਲ ਦੌਰਾਨ ਇਹ ਅੰਕੜਾ 9,000 ਤੋਂ ਵੱਧ ਗਿਆ। ਇਸ ਤੋਂ ਬਾਅਦ ਬੀਤੇ ਸਾਲ ਇਹ ਗਿਣਤੀ ਥੋੜੀ ਘੱਟ ਕੇ 8,700 ਦੇ ਤਕਰੀਬਨ ਰਹੀ, ਹਾਲਾਂਕਿ 2020 ਇਹ ਅੰਕੜਾ ਕੀ ਰਹੇਗਾ ਇਹ ਤਾਂ ਸਾਲ ਖਤਮ ਹੋਣ 'ਤੇ ਹੀ ਪਤਾ ਲੱਗੇਗਾ ਕਿਉਂਕਿ ਬੀਤੇ ਕੁਝ ਮਹੀਨਿਆਂ ਤੋਂ ਕੋਵਿਡ-19 ਮਹਾਮਾਰੀ ਕਾਰਣ ਅਮਰੀਕਾ-ਕੈਨੇਡਾ ਦੀ ਸਰਹੱਦ ਬੰਦ ਹੈ। ਇਮੀਗ੍ਰੇਸ਼ਨ ਕੈਨੇਡਾ ਨੇ ਕਿਹਾ ਕਿ ਇਨ੍ਹਾਂ ਅੰਕੜੇ ਪੂਰੀ ਤਰ੍ਹਾਂ ਬਦਲ ਵੀ ਸਕਦੇ ਹਨ।
ਕੈਨੇਡੀਅਨ ਇਮੀਗ੍ਰੇਸ਼ਨ ਦੀ ਵਕੀਲ ਚੈਂਟਲ ਡੇਲੋਜਜ਼ ਦਾ ਕਹਿਣਾ ਹੈ ਕਿ ਇਹ ਮਾਮੂਲੀ ਵਾਧਾ ਉਨ੍ਹਾਂ ਨੂੰ ਹੈਰਾਨ ਨਹੀਂ ਕਰਦਾ ਕਿਉਂਕਿ ਇਹ ਕੋਈ ਵੱਡੀ ਗੱਲ ਨਹੀਂ ਹੈ। ਵਕੀਲ ਨੇ ਸੀ.ਟੀ.ਵੀ. ਨੂੰ ਇਕ ਫੋਨ ਇੰਟਰਵਿਊ ਵਿਚ ਕਿਹਾ ਕਿ ਸਾਨੂੰ ਅਮਰੀਕੀਆਂ ਵਲੋਂ ਬਹੁਤ ਸਾਰੀਆਂ ਅਰਜ਼ੀਆਂ ਮਿਲ ਰਹੀਆਂ ਹਨ ਜੋ ਇਥੇ ਕੰਮ ਕਰ ਰਹੇ ਹਨ ਜਾਂ ਉਥੇ ਪੜ੍ਹਾਈ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਹੁਣ ਪਤਾ ਲੱਗ ਗਿਆ ਹੈ ਕਿ ਬਿਹਤਰ ਮੰਜ਼ਿਲ ਵਜੋਂ ਕੈਨੇਡਾ ਮੁਕਾਬਲੇ ਅਮਰੀਕਾ ਵਿਚ ਵਧੇਰੇ ਪਾਬੰਦੀਆਂ ਹਨ।