'ਇਟਲੀ 'ਚ ਹੋ ਰਹੀ ਤਬਾਹੀ ਦੇ ਮਜ਼ਾਕੀਆ ਵੀਡੀਓ ਵਾਇਰਲ ਕਰਨ ਦੀ ਥਾਂ ਗੰਭੀਰ ਹੋਣ ਦੀ ਲੋੜ'

03/27/2020 1:33:00 PM

ਰੋਮ (ਕੈਂਥ): ਅੱਜ ਪੂਰੀ ਦੁਨੀਆ ਨੂੰ ਕਿਸੇ ਕੋਲੋਂ ਖਤਰਾ ਹੈ ਤਾਂ ਉਹ ਹੈ ਕੋਰੋਨਾਵਾਇਰਸ। ਜਿਹੜਾ ਇਨਸਾਨੀ ਜ਼ਿੰਦਗੀਆਂ ਨੂੰ ਬਹੁਤ ਤੇਜੀ ਨਾਲ ਖਤਮ ਕਰਦਾ ਜਾ ਰਿਹਾ ਹੈ ।ਇਸ ਮਹਾਮਾਰੀ ਤੋਂ ਬਚਣ ਲਈ ਹਰ ਦੇਸ਼ ਦੀ ਸਰਕਾਰ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਕਰਨ ਲਈ ਬਹੁਤ ਹੀ ਜ਼ਿਆਦਾ ਸਾਵਧਾਨੀਆਂ ਵਰਤ ਰਹੀ ਹੈ ਕਿਉਂਕਿ ਇਸ ਬਿਮਾਰੀ ਦਾ ਹੁਣ ਤੱਕ ਕੋਈ ਪੇਟੈਂਟ ਇਲਾਜ ਨਹੀਂ ਬਣ ਸਕਿਆ। ਸਿਰਫ਼ ਪ੍ਰਹੇਜ ਹੀ ਇਲਾਜ ਹੈ।ਦੁਨੀਆ ਦੇ ਕਈ ਦੇਸ਼ਾਂ ਨੇ ਤਾਂ ਪੂਰੀ ਤਰ੍ਹਾਂ ਲਾਕਡਾਊਨ ਵੀ ਕੀਤਾ ਹੋਇਆ ਹੈ ਜਿਹਨਾਂ ਵਿੱਚ ਇਟਲੀ, ਜਰਮਨੀ, ਬੈਲਜੀਅਮ, ਸਪੇਨ, ਫਰਾਂਸ, ਅਮਰੀਕਾ ਤੇ ਭਾਰਤ ਵੀ ਇੱਕ ਹਨ।

ਇਟਲੀ ਵਿੱਚ ਕੋਰੋਨਾਵਾਇਰਸ ਨੇ ਜਿਸ ਰਫ਼ਤਾਰ ਨਾਲ ਤਬਾਹੀ ਮਚਾਈ ਹੈ ਉਸ ਨਾਲ ਇਟਲੀ ਦੀ ਸਰਕਾਰ ਦੇ ਨਾਲ-ਨਾਲ ਵਰਲਡ ਹੈਲਥ ਆਰਗੇਨਾਈਜੇਸ਼ਨ ਵੀ ਹੈਰਾਨ ਹੈ।21 ਫਰਵਰੀ ਨੂੰ ਇਟਲੀ ਵਿੱਚ ਕੋਰੋਨਾਵਾਇਰਸ ਨਾਲ ਪਹਿਲੀ ਮੌਤ ਹੋਈ ਸੀ ਤੇ ਸਿਰਫ਼ 35-36 ਦਿਨਾਂ ਵਿੱਚ ਹੀ ਕੋਰੋਨਾਵਾਇਰਸ ਦਾ ਦੈਂਤ  8215 ਲੋਕਾਂ ਨੂੰ ਨਿਗਲ ਚੁੱਕਾ ਹੈ, ਜਿਹਨਾਂ ਵਿੱਚ ਦੋ ਪੰਜਾਬੀ ਵੀ ਸ਼ਾਮਿਲ ਹਨ।ਇਟਲੀ ਵਿੱਚ ਇਸ ਸਮੇਂ ਹਰ ਰੋਜ਼ 600 ਤੋਂ ਉਪੱਰ ਲੋਕਾਂ ਨੂੰ ਇਹ ਮਹਾਮਾਰੀ ਦਰਦਨਾਕ ਮੌਤ ਦੇ ਰਹੀ ਹੈ ਤੇ 5000 ਤੋਂ ਉਪੱਰ ਲੋਕਾਂ ਨੂੰ ਇਹ ਬਿਮਾਰੀ ਆਪਣਾ ਸ਼ਿਕਾਰ ਬਣਾ ਰਹੀ ਹੈ।ਇਸ ਬਿਮਾਰੀ ਨੇ ਇਟਲੀ ਵਿੱਚ ਪਿੰਡਾਂ ਦੇ ਪਿੰਡ ਖਾਲੀ ਕਰ ਦਿੱਤੇ ਹਨ।ਜਿੱਥੇ ਕਦੇ ਲੋਕਾਂ ਦੀ ਚਹਿਕ-ਮਹਿਕ ਹੁੰਦੀ ਸੀ ਅੱਜ ਉੱਥੇ ਸਮਸ਼ਾਨੀ ਚੁੱਪ ਨੇ ਲੋਕਾਂ ਨੂੰ ਬੋਂਦਲਾ ਦਿੱਤਾ ਹੈ।

ਮੌਜੂਦਾ ਹਾਲਾਤਾਂ ਦੌਰਾਨ 80589 ਲੋਕ ਕੋਰੋਨਾਵਾਇਰਸ ਦੇ ਪੰਜੇ ਵਿੱਚ ਫਸੇ ਵੈਂਟੀਲੇਟਰਾਂ ਉੱਤੇ ਪਏ ਮੌਤ ਦੇ ਸਾਏ ਵਿੱਚ ਤੜਫ਼ ਰਹੇ ਹਨ।ਜੇਕਰ ਇਟਲੀ ਵਿੱਚ ਇੰਝ ਹੀ ਕੋਰੋਨਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧਦੀ ਰਹੀ ਤਾਂ ਜਲਦ ਹੀ ਇਟਲੀ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾ ਦੀ ਗਿਣਤੀ ਚਾਈਨਾ ਨਾਲੋ ਵੱਧ ਜਾਵੇਗੀ ਜਦੋਂ ਕਿ ਇਸ ਸਮੇਂ ਇਟਲੀ ਵਿੱਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਚਾਈਨਾ ਨਾਲੋ ਪਹਿਲਾਂ ਹੀ ਵੱਧ ਹੈ।ਅਜਿਹੇ ਰੂਹ ਕੰਬਾਊ ਹਾਲਾਤਾਂ ਨੂੰ ਪੂਰੀ ਦੁਨੀਆਂ ਅੱਖੀ ਦੇਖ ਰਹੀ ਹੈ।ਇਟਲੀ ਵਿੱਚ ਕੋਰੋਨਾਵਾਇਰਸ ਨਾਲ ਕਿੰਨੀ ਤਬਾਹੀ ਹਰ ਰੋਜ਼ ਹੋ ਰਹੀ ਹੈ ਮੀਡੀਆ ਉਪੱਰ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਕੁਝ ਪੰਜਾਬੀ ਭਾਰਤੀ ਜਿਹੜੇ ਕਿ ਪੰਜਾਬ ਵਿੱਚ ਜਾਂ ਬਾਹਰ ਬੈਠੇ ਹਨ ਤੇ ਇਟਲੀ ਵਿੱਚ ਕੋਰੋਨਾਵਾਇਰਸ ਵੱਲੋਂ ਕੀਤੀ ਤਬਾਹੀ ਦਾ ਅਣਜਾਣਪੁਣੇ ਵਿੱਚ ਹੀ ਮਜ਼ਾਕ ਬਣਾ ਰਹੇ ਹਨ ਤੇ ਇਸ ਸੰਬੰਧੀ ਸੋਸ਼ਲ ਮੀਡੀਆ ਉਪੱਰ ਮਜ਼ਾਕੀਆ ਵੀਡਿਓ ਬਣਾ ਵਾਇਰਲ ਕਰ ਰਹੇ ਹਨ ਇਹ ਬਹੁਤ ਹੀ ਮਾੜੀ ਮਾਨਸਿਕਤਾ ਵਾਲੀ ਕਾਰਵਾਈ ਹੈ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਖੌਫ, ਗਾਹਕ ਨੇ ਮਾਰੀ ਛਿੱਕ, ਮਾਲ ਨੇ ਬਾਹਰ ਸੁੱਟਿਆ 26 ਲੱਖ ਦਾ ਸਾਮਾਨ

ਪੰਜਾਬ ਵਿੱਚ ਬੈਠੇ ਅਜਿਹੇ ਲੋਕਾਂ ਨੂੰ ਇਟਲੀ ਦੇ ਸਮਾਜ ਸੇਵੀ ਗੁਰਮੁੱਖ ਸਿੰਘ ਹਜ਼ਾਰਾ, ਰੁਪਿੰਦਰ ਸਿੰਘ ਸੋਨੀ, ਹਰਜਿੰਦਰ ਸਿੰਘ ਹੀਰਾ, ਮਨਜੀਤ ਸਿੰਘ ਪ੍ਰੀਤ ਆਦਿ ਤੋਂ ਇਲਾਵਾ ਵੀ ਬਹੁਤ ਪੰਜਾਬੀਆਂ ਨੇ ਸਾਂਝੇ ਤੌਰ 'ਤੇ ਇਸ ਖ਼ਬਰ ਦੇ ਮਾਧਿਅਮ ਰਾਹੀ ਅਪੀਲ ਕੀਤੀ ਹੈ ਕਿ ਉਹ ਕਿਰਪਾ ਕਰਕੇ ਇਟਲੀ ਵਿੱਚ ਮਹਾਮਾਰੀ ਨਾਲ ਹੁੰਦੀ ਤਬਾਹੀ ਨੂੰ ਮਜ਼ਾਕੀਆ ਨਾ ਲੈਣ ਸਗੋਂ ਗੰਭੀਰਤਾ ਨਾਲ ਲੈਣ। ਪੰਜਾਬ ਨੂੰ ਇਸ ਮਹਾਮਾਰੀ ਤੋਂ ਬਚਾਉਣ ਲਈ ਸਰਕਾਰ ਦੇ ਲਾਕਡਾਊਨ ਫੈਸਲੇ ਦਾ ਪੂਰਾ ਸਤਿਕਾਰ ਕਰਦੇ ਹੋਏ ਆਪਣੇ ਘਰਾਂ ਵਿੱਚ ਹੀ ਰਹਿਣ ਕਿਉਂਕਿ ਇਟਲੀ ਵਿੱਚ ਆਬਾਦੀ ਘੱਟ ਹੋਣ ਦੇ ਬਾਵਜੂਦ ਵੀ ਹਰ ਰੋਜ਼ ਸੈਂਕੜੇ ਮੌਤਾਂ ਹੋ ਰਹੀਆਂ ਹਨ ਜਦੋਂ ਕਿ ਭਾਰਤ ਆਬਾਦੀ ਪੱਖੋ ਦੁਨੀਆ ਵਿੱਚ ਦੂਜੇ ਨੰਬਰ ਉੱਤੇ ਆਉਂਦਾ ਹੈ।ਇਟਲੀ ਵਿੱਚ ਸਿਹਤ ਸਹੂਲਤਾਂ ਬਹੁਤ ਵਧੀਆ ਹੋਣ ਦੇ ਬਾਵਜੂਦ ਹਰ ਰੋਜ਼ ਹਜ਼ਾਰਾਂ ਲੋਕ ਇਸ ਮਹਾਮਾਰੀ ਦਾ ਸ਼ਿਕਾਰ ਹੋ ਰਹੇ ਹਨ ਤੇ ਭਾਰਤ ਵਿੱਚ ਸਿਹਤ ਸਹੂਲਤਾਂ ਦਾ ਕਿਹੋ ਜਿਹਾ ਪ੍ਰਬੰਧ ਇਹ ਦੱਸਣ ਦੀ ਲੋੜ ਨਹੀਂ।ਸਭ ਤੋਂ ਦੁੱਖਦਾਈ ਗੱਲ ਇਹ ਹੈ ਕਿ ਪੰਜਾਬੀ ਲੋਕ ਦਲੇਰ ਹੁੰਦੇ ਹਨ ਤੇ ਸਦਾ ਲੋੜਵੰਦਾਂ ਦੀ ਮਦਦ ਕਰਨ ਵਿੱਚ ਮੋਹਰੀ ਹੁੰਦੇ ਹਨ ਪਰ ਜਿਹੜੇ ਪੰਜਾਬੀ ਇਟਲੀ ਦੀ ਤਬਾਹੀ ਦਾ ਮਜ਼ਾਕ ਬਣ ਰਹੇ ਹਨ ਤੇ ਕੋਰੋਨਾਵਾਇਰਸ ਨੂੰ ਸਧਾਰਨ ਸਮਝ ਰਹੇ ਹਨ ਉਹਨਾਂ ਨੂੰ ਬਹੁਤ ਲੋੜ ਹੈ ਆਪਣੇ ਆਪ ਨੂੰ ਸੁਧਾਰਨ ਦੀ,ਪੰਜਾਬ ਤੇ ਭਾਰਤ ਦੀ ਮੌਜੂਦਾ ਹਾਲਾਤਾਂ ਤੋਂ ਜਾਣੂ ਹੋਣ ਦੀ।

ਇਟਲੀ ਦੇ ਸਮਾਜ ਸੇਵੀਆਂ ਨੇ ਇਟਲੀ ਤੇ ਪੰਜਾਬ ਦੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਚਾਹੇ ਇਟਲੀ ਵਿੱਚ ਹਨ ਚਾਹੇ ਪੰਜਾਬ ਵਿੱਚ, ਇਸ ਬਹੁਤ ਹੀ ਜਿਆਦਾ ਨਾਜੁਕ ਸਮੇਂ ਵਿੱਚ ਕੋਰੋਨਾਵਾਇਰਸ ਤੋਂ ਬਚਣ ਲਈ ਆਪਣੇ ਘਰ ਆਪਣੇ ਪਰਿਵਾਰ ਨਾਲ ਰਹਿਣ, ਬਾਹਰ ਨਾ ਘੁੰਮਣ ਕਿਉਂਕਿ ਬਾਹਰ ਪਤਾ ਨਹੀਂ ਕਿਸ ਗਲੀ, ਕਿਸ ਮੋੜ ਅਤੇ ਕਿਸ ਬੰਦੇ ਰਾਹੀਂ ਕੋਰੋਨਾਵਾਇਰਸ ਆਪਣਾ ਸ਼ਿਕਾਰ ਬਣਾ ਲਵੇ।ਇਸ ਮਹਾਮਾਰੀ ਤੋਂ ਬਚਣ ਲਈ ਆਪਣਾ ਘਰ ਹੀ ਸਭ ਤੋਂ ਵਧੀਆ ਥਾਂ ਹੈ।

ਪੜ੍ਹੋ ਇਹ ਅਹਿਮ ਖਬਰ- ਇਟਲੀ 'ਚ ਕੋਰੋਨਾ ਦੇ 6,153 ਨਵੇਂ ਮਾਮਲੇ, ਮ੍ਰਿਤਕਾਂ ਦੀ ਗਿਣਤੀ 8 ਹਜ਼ਾਰ ਦੇ ਪਾਰ


Vandana

Content Editor

Related News