ਪੰਜਾਬੀ ਢੋਲ ਦਾ ਚੱਲਿਆ ਜਾਦੂ, ਇਟਲੀ ''ਚ ਗੋਰਿਆਂ ਨੇ ਪਾਇਆ ਭੰਗੜਾ

02/17/2018 8:07:56 AM

ਮਿਲਾਨ, (ਸਾਬੀ ਚੀਨੀਆ)— ਇਹ ਗੱਲ ਕਿਸੇ ਤੋਂ ਲੁਕੀ ਨਹੀਂ ਕਿ ਪੰਜਾਬੀ ਸੰਗੀਤ ਅਤੇ ਢੋਲ ਦਾ ਜਾਦੂ ਪੂਰੀ ਦੁਨੀਆ 'ਚ ਵੱਸਦੇ ਸੰਗੀਤ ਪ੍ਰੇਮੀਆਂ ਦੇ ਸਿਰ ਚੜ੍ਹ ਬੋਲਦਾ ਹੈ। ਜਿੱਥੇ ਪੰਜਾਬੀ ਗਾਣੇ ਅਤੇ ਖਾਸ ਕਰ ਕੇ ਪੰਜਾਬੀਆਂ ਦਾ ਲੋਕ ਸਾਜ਼ ਢੋਲ ਵੱਜਦਾ ਹੋਵੇ, ਫਿਰ ਸ਼ਾਇਦ ਹੀ ਕੋਈ ਜਿਹੀ ਅੱਡੀ ਹੋਵੇਗੀ ਜੋ ਥਿਰ ਕੇ ਨਾ। ਅਜਿਹਾ ਹੀ ਨਜ਼ਾਰਾ ਵੇਖਣ ਨੂੰ ਮਿਲਿਆ ਇਟਲੀ ਦੇ ਸ਼ਹਿਰ ਅਪ੍ਰੀਲੀਆ 'ਚ ਜਿੱਥੇ ਨਗਰ ਕੌਂਸਲ ਵੱਲੋਂ 50ਵੇਂ ਇਤਿਹਾਸਿਕ ਮੇਲੇ 'ਚ ਪੰਜਾਬੀਆ ਦੇ ਢੋਲ ਉੱਤੇ ਗੋਰੇ-ਗੋਰੀਆਂ ਨੂੰ ਭੰਗੜਾ ਪਾਉਂਦੇ ਵੇਖਿਆ ਗਿਆ। ਇੱਥੋਂ ਦੇ ਇਕ ਮੇਲੇ 'ਚ ਜਿੱਥੇ ਵੱਖ-ਵੱਖ ਤਰ੍ਹਾਂ ਦੀਆਂ ਝਾਕੀਆਂ ਰਾਹੀਂ ਕਈ ਸ਼ਹਿਰਾਂ ਨਾਲ ਸੰਬੰਧਤ ਸੱਭਿਆਚਾਰ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ, ਉੱਥੇ ਹੀ ਇਲਾਕੇ ਦੇ ਪੰਜਾਬੀ ਆਗੂਆਂ ਬਲਜਿੰਦਰ ਸਿੰਘ, ਸੁਖਜਿੰਦਰ ਸਿੰਘ ਕਾਲਰੂ ਅਤੇ ਤੀਰਥ ਸਿੰਘ ਰਾਮਪੁਰ ਦੇ ਯਤਨਾਂ ਸਦਕੇ ਪੰਜਾਬੀ ਭੰਗੜੇ ਨੂੰ ਵੀ ਸ਼ਮੂਲੀਅਤ ਕਰਨ ਦਾ ਮੌਕਾ ਮਿਲਿਆ।

PunjabKesari
ਨੌਜਵਾਨਾਂ ਨੇ ਢੋਲ ਦੀ ਤਾਲ 'ਤੇ ਭੰਗੜਾ ਪਾਇਆ, ਜਿਸ ਨੇ ਪੰਜਾਬੀਆਂ ਦੀ ਪੂਰੀ ਬੱਲੇ-ਬੱਲੇ ਕਰਵਾ ਦਿੱਤੀ। ਪ੍ਰੋਗਰਾਮ ਦੀ ਵਿਸ਼ੇਸ਼ਤਾ ਨੂੰ ਵੇਖਦਿਆਂ ਕ੍ਰਿਕਟਰ ਵਿਰਾਟ ਕੋਹਲੀ ਤੇ ਅਨੁਸ਼ਕਾਂ ਸ਼ਰਮਾ ਦੇ ਵਿਆਹ 'ਚ ਢੋਲ ਵਜਾਉਣ ਵਾਲੇ ਮਨੀ ਢੋਲੀ ਵੀ ਉਚੇਚੇ ਤੌਰ 'ਤੇ ਪੁੱਜੇ ਹੋਏ ਸਨ। ਮਨੀ ਢੋਲੀ ਨੇ ਪੂਰਾ ਮੇਲਾ ਹੀ ਲੁੱਟ ਲਿਆ ਤੇ ਫਿਰ ਚਾਰੇ ਪਾਸਿਓਂ ਲਲਕਾਰੇ, ਤਾੜੀਆਂ ਵੱਜਣੀਆਂ ਤਾਂ ਸੁਭਾਵਿਕ ਹੀ ਸੀ। ਇਸ ਮੌਕੇ ਨਗਰ ਕੌਂਸਲ ਵੱਲੋਂ ਪ੍ਰੋਗਰਾਮ ਦਾ ਹਿੱਸਾ ਬਣੇ ਪੰਜਾਬੀ ਗੱਭੂਰਾਆਂ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ਨੇ ਆਪਣੀ ਪੇਸ਼ਕਸ਼ ਰਾਹੀਂ ਚਾਰ ਚੰਨ ਲਗਾ ਦਿੱਤੇ।


Related News