ਬੱਚਿਆਂ ''ਚ ਫੈਲ ਰਹੀ ਹੈ ਪੋਲੀਓ ਵਰਗੀ ਬੀਮਾਰੀ, ਡਾਕਟਰਾਂ ਨੇ ਮਾਪਿਆਂ ਨੂੰ ਕੀਤਾ ਸੁਚੇਤ

8/24/2020 8:04:56 AM

ਟੋਰਾਂਟੋ- ਕੈਨੇਡੀਅਨ ਅਤੇ ਅਮਰੀਕੀ ਸਿਹਤ ਅਧਿਕਾਰੀਆਂ ਨੇ ਮਾਪਿਆਂ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਪੋਲੀਓ ਵਰਗੀ ਬੀਮਾਰੀ ਤੋਂ ਬਚਾਉਣ ਲਈ ਜ਼ਰੂਰੀ ਕਦਮ ਚੁੱਕਣ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚਿਆਂ ਵਿਚ ਪੋਲੀਓ ਵਰਗੀ ਬੀਮਾਰੀ ਫੈਲ ਰਹੀ ਹੈ, ਜਿਸ ਕਾਰਨ ਬੱਚੇ ਲੰਬੇ ਸਮੇਂ ਤਕ ਪੈਰੇਲਾਈਜ਼ ਹੋ ਸਕਦੇ ਹਨ ਭਾਵ ਉਨ੍ਹਾਂ ਦੇ ਸਰੀਰ ਦੇ ਅੰਗ ਕੰਮ ਕਰਨਾ ਬੰਦ ਕਰ ਸਕਦੇ ਹਨ। 

ਇਹ ਬੀਮਾਰੀ ਐਕਿਊਟ ਫਲੈਕਸੀਡ ਮਾਈਲਾਈਟਿਸ (ਏ.ਐੱਫ.ਐੱਮ.) ਦੇ ਤੌਰ 'ਤੇ ਜਾਣੀ ਜਾਂਦੀ ਹੈ, ਪਿਛਲੇ ਸਾਲਾਂ ਤੋਂ ਹੇਠਲੇ ਪੱਧਰ 'ਤੇ ਹੈ ਪਰ ਹਰ ਦੂਜੇ ਸਾਲ ਇਹ ਵੱਧ ਜਾਂਦੀ ਹੈ। ਸਾਲ 2018 ਵਿਚ ਅਮਰੀਕਾ ਨੇ ਇਸ ਦਾ ਭਿਆਨਕ ਰੂਪ ਦੇਖਿਆ ਸੀ। 

ਅਮਰੀਕਾ ਵਿਚ ਪਹਿਲਾਂ ਹੀ ਜਾਨਲੇਵਾ ਸਥਿਤੀ ਸਾਹਮਣੇ ਆ ਚੁੱਕੀ ਹੈ ਕਿਉਂਕਿ ਇੱਥੇ ਇਸ ਬੀਮਾਰੀ ਨਾਲ ਪੀੜਤ 16 ਬੱਚਿਆਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 38 ਬੱਚਿਆਂ ਦੇ ਅਜੇ ਟੈਸਟ ਚੱਲ ਰਹੇ ਹਨ, ਜਿਨ੍ਹਾਂ ਨੂੰ ਇਸ ਬੀਮਾਰੀ ਵਰਗੇ ਲੱਛਣ ਹਨ।  ਸੰਯੁਕਤ ਰਾਜ ਦੇ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ (ਸੀ. ਡੀ. ਸੀ.) ਵਲੋਂ ਇਸ ਸੰਭਾਵਿਤ ਬੀਮਾਰੀ ਦੇ ਫੈਲਣ ਦੀ ਚਿਤਾਵਨੀ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਡਰ ਕਾਰਨ ਬਹੁਤੇ ਮਾਪੇ ਬੱਚਿਆਂ ਨੂੰ ਡਾਕਟਰਾਂ ਕੋਲ ਲੈ ਜਾਣ ਤੋਂ ਬਚ ਰਹੇ ਹਨ ਪਰ ਉਨ੍ਹਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਉਨ੍ਹਾਂ ਦੀ ਦੇਰੀ ਬੱਚੇ ਲਈ ਖਤਰਾ ਬਣ ਸਕਦੀ ਹੈ। 
 

ਇਸ ਬੀਮਾਰੀ ਦੇ ਲੱਛਣ-
ਏ. ਐੱਫ. ਐੱਮ. ਪੈਰੇਲਾਈਜ਼ ਵਰਗੀ ਬੀਮਾਰੀ ਹੈ, ਜਿਸ ਕਾਰਨ ਬੱਚੇ ਨੂੰ ਅਚਾਨਕ ਬਹੁਤ ਕਮਜ਼ੋਰੀ ਮਹਿਸੂਸ ਹੁੰਦੀ ਹੈ ਤੇ ਉਸ ਦਾ ਹੱਥ ਜਾਂ ਪੈਰ ਸੁੱਜ ਜਾਂਦਾ ਹੈ। ਇਸ ਦੇ ਨਾਲ ਹੀ ਕਈ ਹੋਰ ਇਨਫੈਕਸ਼ਨ ਵੀ ਹੋ ਜਾਂਦੇ ਹਨ। ਬੱਚਿਆਂ ਦਾ ਇਮਿਊਨਿਟੀ ਸਿਸਟਮ ਵੀ ਕਮਜ਼ੋਰ ਹੋ ਜਾਂਦਾ ਹੈ। ਕਈ ਮਾਮਲਿਆਂ ਵਿਚ ਤਾਂ ਬੱਚਿਆਂ ਨੂੰ ਸਾਹ ਲੈਣ ਵਿਚ ਬਹੁਤ ਪਰੇਸ਼ਾਨੀ ਹੁੰਦੀ ਹੈ ਤੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਣਾ ਪੈਂਦਾ ਹੈ। 


Lalita Mam

Content Editor Lalita Mam