ਵਿਗਿਆਨੀਆਂ ਦਾ ਦਾਅਵਾ, ਦੁਨੀਆ 'ਚ ਪਹਿਲੀ ਵਾਰ ਲੈਬ 'ਚ ਤਿਆਰ ਹੋਇਆ 'ਮਾਂ ਦਾ ਦੁੱਧ'

Wednesday, Jun 02, 2021 - 01:54 PM (IST)

ਵਿਗਿਆਨੀਆਂ ਦਾ ਦਾਅਵਾ, ਦੁਨੀਆ 'ਚ ਪਹਿਲੀ ਵਾਰ ਲੈਬ 'ਚ ਤਿਆਰ ਹੋਇਆ 'ਮਾਂ ਦਾ ਦੁੱਧ'

ਨੌਰਥ ਕੈਰੋਲੀਨਾ (ਬਿਊਰੋ) ਆਪਣੇ ਬੱਚਿਆਂ ਨੂੰ ਮਾਂ ਦਾ ਦੁੱਧ ਨਾ ਪਿਲਾ ਪਾਉਣ ਵਾਲੇ ਦੁਨੀਆ ਭਰ ਦੇ ਲੱਖਾਂ ਮਾਪਿਆਂ ਲਈ ਚੰਗੀ ਖ਼ਬਰ ਹੈ। ਅਮਰੀਕਾ ਦੀ ਔਰਤ ਵਿਗਿਆਨੀਆਂ ਦੀ ਜੋੜੀ ਨੇ ਵਿਸ਼ਵ ਵਿਚ ਪਹਿਲੀ ਵਾਰ ਪ੍ਰਯੋਗਸ਼ਾਲਾ ਦੇ ਅੰਦਰ ਮਾਂ ਦਾ ਦੁੱਧ ਤਿਆਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਦੁੱਧ ਨੂੰ 'ਬਾਇਓਮਿਲਕ' ਨਾਮ ਦਿੱਤਾ ਗਿਆ ਹੈ। 

ਇਸ ਦੁੱਧ ਨੂੰ ਬਣਾਉਣ ਵਾਲੀ ਵਿਗਿਆਨੀ ਨੇ ਕਿਹਾ ਕਿ ਉਹਨਾਂ ਨੇ ਬਾਇਓਮਿਲਕ ਦੇ ਪੋਸ਼ਕਤਾ ਦੀ ਜਾਂਚ ਕੀਤੀ ਹੈ। ਨਾਲ ਹੀ ਇਸ ਵਿਚ  ਮਾਂ ਦੇ ਦੁੱਧ ਵਾਂਗ ਸੈਂਕੜੇ ਪ੍ਰੋਟੀਨ, ਫੈਟੀ ਐਸਿਡ ਅਤੇ ਹੋਰ  ਚਰਬੀ ਭਰਪੂਰ ਮਾਤਰਾ ਮਿਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।ਬਾਇਓਮਿਲਕ ਨੂੰ ਬਣਾਉਣ ਵਾਲੀ ਕੰਪਨੀ ਦਾ ਕਹਿਣਾ ਹੈ ਕਿ ਇਹ ਮਾਂ ਦੇ ਦੁੱਧ ਦੇ ਤੱਤਾਂ ਨਾਲੋਂ ਵੱਧ ਕੇ ਹੈ। ਇਸ ਕੰਪਨੀ ਦੀ ਸਹਿ ਸੰਸਥਾਪਕ ਅਤੇ ਮੁੱਖ ਵਿਗਿਆਨ ਅਧਿਕਾਰੀ ਲੈਲਾ ਸਟ੍ਰਿਕਲੈਂਡ ਨੇ ਕਿਹਾ,''ਸਾਡੀ ਖੋਜ ਨੇ ਇਹ ਦਿਖਾ ਦਿੱਤਾ ਹੈ ਕਿ ਇਸ ਨੂੰ ਬਣਾਉਣ ਵਾਲੇ ਸੈੱਲਾਂ ਵਿਚਾਲੇ  ਮੁਸ਼ਕਲ ਰਿਸ਼ਤਿਆਂ ਨੂੰ ਦੁਹਰਾ ਕੇ ਅਤੇ ਦੁੱਧ ਪਿਲਾਉਣ ਦੌਰਾਨ ਸਰੀਰ ਵਿਚ ਹੋਣ ਵਾਲੇ ਅਨੁਭਵਾਂ ਨੂੰ ਮਿਲਾ ਕੇ ਦੁੱਧ ਦੀ ਜ਼ਿਆਦਾਤਰ ਜਟਿਲਤਾ ਨੂੰ ਹਾਸਲ ਕੀਤਾ ਜਾ ਸਕਦਾ ਹੈ।''

ਪੜ੍ਹੋ ਇਹ ਅਹਿਮ ਖਬਰ- ਰਿਹਾਇਸ਼ੀ ਸਕੂਲ ਕੈਨੇਡਾ ਦੇ ਬਸਤੀਵਾਦੀ ਅਤੀਤ ਦਾ ਹਿੱਸਾ ਹਨ : ਟਰੂਡੋ

ਇੰਝ ਆਇਆ ਆਈਡੀਆ
ਮਾਂ ਦੇ ਦੁੱਧ ਨੂੰ ਬਣਾਉਣ ਦਾ ਆਈਡੀਆ ਉਸ ਸਮੇਂ ਆਇਆ ਜਦੋਂ ਲੈਲਾ ਸਟ੍ਰਿਕਲੈਂਡ ਦਾ ਬੱਚਾ ਜਲਦੀ ਪੈਦਾ ਹੋ ਗਿਆ ਅਤੇ ਉਸ ਨੂੰ ਬੱਚੇ ਨੂੰ ਦੁੱਧ ਪਿਲਾਉਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਲੈਲਾ ਇਕ ਸੈੱਲ ਜੀਵ-ਵਿਗਿਆਨੀ ਹੈ। ਉਸ ਦੇ ਸਰੀਰ ਵਿਚ ਬੱਚਿਆਂ ਨੂੰ ਪਿਲਾਉਣ ਲਈ ਦੁੱਧ ਨਹੀਂ ਬਣ ਪਾਇਆ। ਉਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੀ। ਇਸ ਮਗਰੋਂ ਉਸ ਨੇ ਸਾਲ 2013 ਵਿਚ ਪ੍ਰਯੋਗਸ਼ਾਲਾ ਵਿਚ ਮੇਮਰੀ ਸੈੱਲਾਂ ਨੂੰ ਪੈਦਾ ਕਰਨਾ ਸ਼ੁਰੂ ਕੀਤਾ। ਇਸ ਮਗਰੋਂ ਸਾਲ 2019 ਵਿਚ ਉਹਨਾਂ ਨੇ ਫੂਡ ਵਿਗਿਆਨੀ ਮਿਸ਼ੇਲ ਇਗੇਰ ਨਾਲ ਹਿੱਸੇਦਾਰੀ ਕੀਤੀ।

ਇਹਨਾਂ ਦੋਹਾਂ ਨੇ ਮਿਲ ਕੇ ਆਪਣਾ ਸਟਾਰਟਅੱਪ ਬਾਇਓਮਿਲਕ ਲਾਂਚ ਕੀਤਾ। ਫਰਵਰੀ ਸਾਲ 2020 ਵਿਚ ਦੋਹਾਂ ਵਿਗਿਆਨੀਆਂ ਨੇ ਘੋਸ਼ਣਾ ਕੀਤੀ ਕਿ ਲੈਬ ਵਿਚ ਪੈਦਾ ਹੋਏ ਮੇਮਰੀ ਸੈੱਲਾਂ ਨੇ ਦੁੱਧ ਪਾਏ ਜਾਣ ਵਾਲੇ ਦੋ ਮੁੱਖ ਪਦਾਰਥਾਂ ਖੰਡ ਅਤੇ ਕੇਸਿਨ ਨੂੰ ਬਣਾ ਦਿੱਤਾ ਹੈ। ਇਸ ਮਗਰੋਂ ਮਾਂ ਦਾ ਦੁੱਧ ਬਣਾਉਣ ਦਾ ਰਸਤਾ ਸਾਫ ਹੋ ਗਿਆ। ਵਿਗਿਆਨੀਆਂ ਨੇ ਦੱਸਿਆ ਕਿ ਅਗਲੇ 3 ਸਾਲ ਵਿਚ ਇਹ ਦੁੱਧ ਬਾਜ਼ਾਰ ਵਿਚ ਆ ਜਾਵੇਗਾ।

ਨੋਟ- ਦੁਨੀਆ 'ਚ ਪਹਿਲੀ ਵਾਰ ਲੈਬ 'ਚ ਤਿਆਹ ਹੋਇਆ 'ਮਾਂ ਦਾ ਦੁੱਧ', ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News