ਚੰਡੀਗੜ੍ਹ ''ਚ ਸ਼ੁਰੂ ਹੋਇਆ ਦੇਸ਼ ਦਾ ਪਹਿਲਾ SC ਕਮਿਸ਼ਨ ਕੋਰਟ ਰੂਮ
Wednesday, Nov 19, 2025 - 01:47 PM (IST)
ਚੰਡੀਗੜ੍ਹ (ਅੰਕੁਰ): ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਨਵੇਂ ਤਿਆਰ ਕੋਰਟ ਰੂਮ ਦਾ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਤੇ ਸਮਾਜਿਕ ਨਿਆਂ, ਸ਼ਕਤੀਕਰਨ ਅਤੇ ਘੱਟ ਗਿਣਤੀ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਵੀ. ਕੇ. ਮੀਨਾ ਵੱਲੋਂ ਉਦਘਾਟਨ ਕੀਤਾ ਗਿਆ। ਇਹ ਪੂਰੇ ਦੇਸ਼ ’ਚ ਕਿਸੇ ਵੀ ਰਾਜ ਦੇ ਐੱਸ.ਸੀ.ਕਮਿਸ਼ਨ ਹੇਠ ਬਣਿਆ ਸਭ ਤੋਂ ਪਹਿਲਾ ਕੋਰਟ ਰੂਮ ਹੈ।
ਇਸ ਮੌਕੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਨਵਾਂ ਕੋਰਟ ਰੂਮ ਸ਼ਿਕਾਇਤਾਂ ਦੀ ਤੇਜ਼ ਸੁਣਵਾਈ, ਮਾਮਲਿਆਂ ਦੇ ਸਮੇਂ ਸਿਰ ਨਿਪਟਾਰੇ ਤੇ ਕਮਿਸ਼ਨ ਦੇ ਕੰਮਕਾਜ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਚ ਮਦਦਗਾਰ ਸਾਬਤ ਹੋਵੇਗਾ। ਇਸ ਕੋਰਟ ਰੂਮ ’ਚ ਆਧੁਨਿਕ ਸਹੂਲਤਾਂ, ਸੁਚਾਰੂ ਬੈਠਕ ਪ੍ਰਬੰਧ ਦੀ ਸੁਵਿਧਾ ਦਿੱਤੀ ਗਈ ਹੈ, ਜਿਸ ਨਾਲ ਹਰ ਸੁਣਵਾਈ ਪੇਸ਼ੇਵਰ, ਪਾਰਦਰਸ਼ੀ ਤੇ ਬਿਨਾਂ ਕਿਸੇ ਦੇਰੀ ਤੋਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬਹੁਤ ਜਲਦ ਕਮਿਸ਼ਨ ਵੱਲੋਂ ਆਨਲਾਈਨ ਕੋਰਟ ਵੀ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਦਾ ਕੀਮਤੀ ਸਮਾਂ ਤੇ ਪੈਸਾ ਬਚ ਸਕੇ। ਇਸ ਮੌਕੇ ਆਮ ਰਾਜ ਪ੍ਰਬੰਧ ਵਿਭਾਗ ਦੇ ਸਕੱਤਰ ਗੌਰੀ ਪਰਾਸ਼ਰ ਜੋਸ਼ੀ , ਮੈਂਬਰ ਸਕੱਤਰ ਡਾ. ਨਯਨ ਜੱਸਲ, ਐੱਸ.ਸੀ ਕਮਿਸ਼ਨ ਦੇ ਮੈਂਬਰ ਗੁਲਜ਼ਾਰ ਸਿੰਘ, ਗੁਰਪ੍ਰੀਤ ਸਿੰਘ, ਰੁਪਿੰਦਰ ਸਿੰਘ ਤੇ ਅਨੁਸੂਚਿਤ ਜਾਤੀਆਂ ਕਮਿਸ਼ਨ ਦਾ ਸਮੂਹ ਸਟਾਫ ਹਾਜ਼ਰ ਸੀ।
