ਜ਼ੀਰੋ ਬਰਨਿੰਗ ਦਾ ਮਿਸਾਲੀ ਪਿੰਡ ਸਹੌਰ: 28 ਮਸ਼ੀਨਾਂ ਨਾਲ ਤਿਆਰ ਕਰ ਰਿਹਾ ਸਭ ਤੋਂ ਵੱਧ ਪਰਾਲੀ ਦੀ ਤੂੜੀ
Tuesday, Nov 11, 2025 - 04:49 PM (IST)
ਮਹਿਲ ਕਲਾਂ (ਹਮੀਦੀ)- ਪਰਾਲੀ ਪ੍ਰਬੰਧਨ 2025 ਦੌਰਾਨ ਬਰਨਾਲਾ ਜ਼ਿਲ੍ਹੇ ਦਾ ਪਿੰਡ ਸਹੌਰ ਇਸ ਵਾਰ ਜ਼ੀਰੋ ਬਰਨਿੰਗ ਪਿੰਡ ਵੱਜੋਂ ਉਭਰ ਕੇ ਸਾਹਮਣੇ ਆਇਆ ਹੈ। ਡਿਪਟੀ ਕਮਿਸ਼ਨਰ ਬਰਨਾਲਾ ਟੀ. ਬੈਨਿਥ ਨੇ ਦੱਸਿਆ ਕਿ ਸਹੌਰ ਪਿਛਲੇ ਚਾਰ ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾ ਰਿਹਾ ਅਤੇ ਵਪਾਰਕ ਪੱਧਰ 'ਤੇ ਤੂੜੀ ਬਣਾਉਣ ਦੇ ਕਾਰੋਬਾਰ ਨਾਲ ਹੋਰਨਾਂ ਪਿੰਡਾਂ ਲਈ ਮਿਸਾਲ ਬਣਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿੱਥੇ ਪੂਰੇ ਜ਼ਿਲ੍ਹੇ 'ਚ ਲਗਭਗ 90 ਬੇਲਰ ਤਾਇਨਾਤ ਹਨ, ਉੱਥੇ ਸਿਰਫ ਸਹੌਰ ਪਿੰਡ ਵਿੱਚ 28 ਤੋਂ ਵੱਧ ਤੂੜੀ ਬਣਾਉਣ ਵਾਲੀਆਂ ਮਸ਼ੀਨਾਂ ਲਗਾਤਾਰ ਕੰਮ ਕਰ ਰਹੀਆਂ ਹਨ। ਪਿੰਡ ਦੀ ਪੰਚਾਇਤ ਅਤੇ ਅਗਾਂਹਵਧੂ ਕਿਸਾਨਾਂ ਨੇ ਮਿਲ ਕੇ ਪਰਾਲੀ ਤੋਂ ਤੂੜੀ ਤਿਆਰ ਕਰਕੇ ਇਸ ਨੂੰ ਲੁਧਿਆਣਾ ਅਤੇ ਗੜ੍ਹਸ਼ੰਕਰ ਦੇ ਬਾਜਾਰਾਂ ਵਿੱਚ ਵੇਚਣ ਦਾ ਸਫਲ ਮਾਡਲ ਖੜ੍ਹਾ ਕੀਤਾ ਹੈ।
ਪਿੰਡ ਵਿਚੋਂ ਹਰ ਰੋਜ਼ 5 ਤੋਂ 7 ਭੂੰਗ ਤੂੜੀ ਲੁਧਿਆਣਾ ਲਈ ਰਵਾਨਾ ਹੁੰਦੇ ਹਨ, ਜਦਕਿ ਇੱਕ ਭੂੰਗ ਵਿਚ 10 ਤੋਂ 15 ਟਰਾਲੀਆਂ ਤੂੜੀ ਦੀਆਂ ਹੁੰਦੀਆਂ ਹਨ। ਪਿੰਡ ਦੇ ਸਰਪੰਚ ਲਖਵੀਰ ਸਿੰਘ ਨੇ ਦੱਸਿਆ ਕਿ ਸਹੌਰ ਦੇ ਕਿਸਾਨ ਲਗਭਗ 10 ਤੋਂ 12 ਸਾਲਾਂ ਤੋਂ ਪਰਾਲੀ ਨੂੰ ਤੂੜੀ ਵਿਚ ਤਬਦੀਲ ਕਰ ਰਹੇ ਹਨ। ਇਸ ਵਾਰ ਇਹ ਕੰਮ ਪੂਰੀ ਤਰ੍ਹਾਂ ਵਪਾਰਕ ਤਰੀਕੇ ਨਾਲ ਕੀਤਾ ਗਿਆ ਅਤੇ ਪਿੰਡ ਦੇ ਕਿਸਾਨਾਂ ਨੇ ਇਕਸੁਰਤ ਨਾਲ ਅੱਗ ਨਾ ਲਗਾਉਣ ਦਾ ਫੈਸਲਾ ਲਾਗੂ ਕੀਤਾ। ਤੂੜੀ ਹਟਾਉਣ ਤੋਂ ਬਾਅਦ ਰਵਾਇਤੀ ਤਰੀਕੇ ਨਾਲ ਤਵੀਆਂ ਨਾਲ ਵਾਹ ਕਰਕੇ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ। ਪੰਚਾਇਤ ਮੈਂਬਰ ਮਲਕੀਤ ਸਿੰਘ ਨੇ ਦੱਸਿਆ ਕਿ ਇਹ ਸਾਰੀਆਂ ਮਸ਼ੀਨਾਂ ਸਿੱਧੇ ਕਿਸਾਨਾਂ ਦੀਆਂ ਆਪਣੀਆਂ ਹਨ, ਜਿਸ ਨਾਲ ਪਿੰਡ ਦੇ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲ ਰਿਹਾ ਹੈ।
ਕਿਸਾਨ ਨਰਿੰਦਰ ਸਿੰਘ ਨੇ ਕਿਹਾ ਕਿ ਤੂੜੀ ਬਣਾਉਣ ਦਾ ਕੰਮ ਉਸ ਨੇ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਸੀ, ਜਿਸ ਤੋਂ ਬਾਅਦ ਪਿੰਡ ਵਿੱਚ ਮਸ਼ੀਨਾਂ ਦੀ ਗਿਣਤੀ ਵੱਡੀ ਤੇ ਅੱਜ ਇਹ ਗਿਣਤੀ 28 ਦੇ ਕਰੀਬ ਪਹੁੰਚ ਚੁੱਕੀ ਹੈ। ਪਰਾਲੀ ਸੀਜ਼ਨ ਦੌਰਾਨ ਇਹ ਮਸ਼ੀਨਾਂ ਕਿਸਾਨਾਂ ਨੂੰ ਵਧੀਆ ਆਮਦਨ ਦੇ ਰਹੀਆਂ ਹਨ।ਕਿਸਾਨਾਂ ਨੇ ਇਹ ਵੀ ਦੱਸਿਆ ਕਿ ਸਰਦੀ ਦੇ ਮੌਸਮ ਵਿੱਚ ਉਹ ਆਪਣੇ ਦੁਧਾਰੂ ਪਸ਼ੂਆਂ ਨੂੰ ਆਮ ਤੂੜੀ ਨਾਲੋਂ ਪਰਾਲੀ ਦੀ ਤੂੜੀ ਵੱਧ ਖਿਲਾਉਂਦੇ ਹਨ ਕਿਉਂਕਿ ਪਸ਼ੂ ਇਸਨੂੰ ਵਧੇਰੇ ਪਸੰਦ ਕਰਦੇ ਹਨ। ਡਿਪਟੀ ਕਮਿਸ਼ਨਰ ਬੈਨਿਥ ਨੇ ਸਹੌਰ ਦੀ ਪੰਚਾਇਤ ਅਤੇ ਕਿਸਾਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਹੋਰਨਾਂ ਪਿੰਡਾਂ ਨੂੰ ਵੀ ਸਹੌਰ ਤੋਂ ਸਿੱਖ ਲੈਣੀ ਚਾਹੀਦੀ ਹੈ ਅਤੇ ਪਰਾਲੀ ਨੂੰ ਪ੍ਰਦੂਸ਼ਣ ਦੀ ਸਮੱਸਿਆ ਨਹੀਂ ਸਗੋਂ ਕਮਾਈ ਦਾ ਸਾਧਨ ਬਣਾਉਣ ਵੱਲ ਅੱਗੇ ਆਉਣਾ ਚਾਹੀਦਾ ਹੈ।
