ਕੈਨੇਡਾ ''ਚ ਹਰ ਸਾਲ 31 ਬਿਲੀਅਨ ਡਾਲਰ ਦਾ ਭੋਜਨ ਹੁੰਦੈ ਬਰਬਾਦ
Sunday, Nov 11, 2018 - 01:37 PM (IST)

ਵੈਨਕੁਵਰ(ਏਜੰਸੀ)— ਕੈਨੇਡਾ 'ਚ ਹਰ ਸਾਲ ਲਗਭਗ 31 ਬਿਲੀਅਨ ਡਾਲਰਾਂ ਦਾ ਭੋਜਨ ਬਰਬਾਦ ਕੀਤਾ ਜਾਂਦਾ ਹੈ ਅਤੇ ਦੇਸ਼ 'ਚ ਕਈ ਲੋਕ ਭੁੱਖੇ ਹੀ ਸੌਂਦੇ ਹਨ। ਇਸ ਤੋਂ ਭਾਵ ਹੈ ਕਿ ਜਿੰਨਾ ਭੋਜਨ ਰੋਜ਼ਾਨਾ ਬਣਦਾ ਹੈ, ਉਸ ਦਾ ਅੱਧਾ ਹਿੱਸਾ ਕੂੜੇ 'ਚ ਹੀ ਸੁੱਟਿਆ ਜਾਂਦਾ ਹੈ। ਹਾਲਾਂਕਿ ਕਈ ਥਾਵਾਂ 'ਤੇ ਵਾਧੂ ਭੋਜਨ ਗਰੀਬਾਂ ਲਈ ਛੱਡਣ ਦੇ ਪ੍ਰਬੰਧ ਵੀ ਕੀਤੇ ਗਏ ਹਨ, ਜਿਨ੍ਹਾਂ ਕਾਰਨ ਕੁਝ ਲੋਕਾਂ ਦੇ ਪੇਟ ਭਰਦੇ ਹਨ।
ਬਰਬਾਦ ਜਾ ਰਹੇ ਭੋਜਨ ਦੇ ਵਿਸ਼ੇ 'ਤੇ ਕੋਈ ਗੱਲ ਨਹੀਂ ਕਰਦਾ ਜੋ ਬਹੁਤ ਵੱਡਾ ਮੁੱਦਾ ਹੈ। ਇਸ 'ਤੇ ਕੰਮ ਕਰਨ ਵਾਲੀਆਂ ਏਜੰਸੀਆਂ ਨੇ ਜਾਣਕਾਰੀ ਦਿੱਤੀ ਕਿ ਕਈ ਵਾਰ ਇਸ ਵਾਧੂ ਭੋਜਨ ਨੂੰ ਖਤਮ ਕਰਨ ਲਈ ਵੱਡੇ-ਵੱਡੇ ਟੋਏ ਪੁੱਟੇ ਜਾਂਦੇ ਹਨ ਤੇ ਇਸ ਨੂੰ ਦਬਾਇਆ ਜਾਂਦਾ ਹੈ ਜਦਕਿ ਕਈ ਲੋਕ ਭੁੱਖੇ ਸੌਣ ਲਈ ਮਜ਼ਬੂਰ ਹਨ।
ਅਧਿਕਾਰੀਆਂ ਮੁਤਾਬਕ ਬਹੁਤ ਸਾਰੇ ਫਲਾਂ ਅਤੇ ਹੋਰ ਖਾਣ ਵਾਲੇ ਪਦਾਰਥਾਂ ਦਾ ਵਧੇਰੇ ਉਤਪਾਦਨ ਹੋਣ ਕਾਰਨ ਵੀ ਲੋਕ ਇਨ੍ਹਾਂ ਨੂੰ ਬਰਬਾਦ ਕਰਦੇ ਹਨ ਅਤੇ ਬਿਲਕੁਲ ਠੀਕ ਚੀਜ਼ ਨੂੰ ਬਾਹਰ ਸੁੱਟ ਦਿੰਦੇ ਹਨ। ਬਹੁਤ ਸਾਰੇ ਲੋਕ ਮੀਟ, ਡਾਇਰੀ ਪ੍ਰੋਡਕਟ, ਫਲ ਅਤੇ ਸਬਜ਼ੀਆਂ ਨੂੰ ਕੁੱਝ ਦਿਨਾਂ ਬਾਅਦ ਬਦਲ ਦਿੰਦੇ ਹਨ, ਭਾਵੇਂ ਕਿ ਉਹ ਦੋ-ਤਿੰਨ ਦਿਨ ਪਹਿਲਾਂ ਹੀ ਲਿਆਂਦੇ ਗਏ ਹੋਣ ਅਤੇ ਖਾਣ ਯੋਗ ਹੋਣ। ਓਂਟਾਰੀਓ 'ਚ ਅਜਿਹੀਆਂ ਕਈ ਸੰਸਥਾਵਾਂ ਨੇ ਬਰਬਾਦ ਹੋ ਰਹੇ ਭੋਜਨ ਨੂੰ ਬਚਾਉਣ ਦੀ ਜ਼ਿੰਮੇਵਾਰੀ ਲਈ ਹੈ। ਇਸ ਸਾਲ ਅਪ੍ਰੈਲ ਮਹੀਨੇ ਵਾਲਮਾਰਟ ਨੇ ਕਿਹਾ ਸੀ ਕਿ 2025 ਤਕ ਭੋਜਨ ਬਰਬਾਦ ਹੋਣਾ ਬਿਲਕੁਲ ਬੰਦ ਕਰ ਦਿੱਤਾ ਜਾਵੇਗਾ। 'ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ' ਦੇ ਪ੍ਰੋਫੈਸਰ ਗ੍ਰਾਹਮ ਰਿਚਜ਼ ਆਪਣੀਆਂ ਕਿਤਾਬਾਂ ਰਾਹੀਂ ਲੋਕਾਂ ਨੂੰ ਇਸ ਸਮੱਸਿਆ ਤੋਂ ਜਾਗਰੂਕ ਕਰਵਾ ਰਹੇ ਹਨ।