ਜੱਗੂ ਭਗਵਾਨਪੁਰੀਆ ਨੂੰ ਅਦਾਲਤ ਤੋਂ ਰਾਹਤ, 3 ਸਾਲ ਪੁਰਾਣੇ ਕੇਸ ''ਚੋਂ ਬਰੀ
Wednesday, Jan 14, 2026 - 12:40 PM (IST)
ਮੋਹਾਲੀ (ਜਸਬੀਰ ਜੱਸੀ) : ਗੈਂਗਸਟਰ ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰੀਆ ਸਮੇਤ ਹੋਰਨਾਂ ਖ਼ਿਲਾਫ਼ ਥਾਣਾ (ਐੱਸ. ਐੱਸ. ਓ. ਸੀ) ਫੇਜ਼-1 ਮੋਹਾਲੀ ਵਿਖੇ ਦਰਜ ਮਾਮਲੇ 'ਚ ਜੱਗੂ ਭਗਵਾਨਪੁਰੀਆ ਵਲੋਂ ਆਪਣੇ ਵਕੀਲ ਰਾਹੀਂ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ 'ਚ ਉਕਤ ਕੇਸ 'ਚੋਂ ਉਸ ਨੂੰ ਰਿਹਾਅ ਕਰਨ ਦੀ ਅਰਜ਼ੀ ਦਾਇਰ ਕੀਤੀ ਗਈ ਸੀ। ਅਦਾਲਤ ਵਲੋਂ ਉਕਤ ਅਰਜ਼ੀ 'ਤੇ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੱਗੂ ਭਗਵਾਨਪੁਰੀਆ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਉਕਤ ਐੱਫ. ਆਈ. ਆਰ. ਜਨਵਰੀ 2023 ਨੂੰ ਇਕ ਡੀ. ਐੱਸ. ਪੀ (ਐੱਸ. ਐੱਸ. ਓ. ਸੀ.) ਮੋਹਾਲੀ ਵਲੋਂ ਕਈ ਦੋਸ਼ਾਂ ਦੇ ਤਹਿਤ ਦਰਜ ਕੀਤੀ ਗਈ ਸੀ। ਪੁਲਸ ਮੁਤਾਬਕ ਉਨ੍ਹਾਂ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਗੈਂਗਸਟਰ ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰੀਆ, ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਬਲ, ਪ੍ਰਗਟ ਸਿੰਘ, ਦਰਮਨਜੋਤ ਉਰਫ਼ ਦਰਮਨ ਕਾਹਲੋਂ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਹੋਏ ਹਨ।
ਇਹ ਦੱਸਿਆ ਗਿਆ ਹੈ ਕਿ ਉਕਤ ਸਮੂਹ ਨੂੰ ਪਰਮਜੀਤ ਸਿੰਘ ਪੰਮਾ ਵਾਸੀ ਫੇਜ਼-3ਬੀ2 ਮੋਹਾਲੀ, ਜੋ ਹੁਣ ਇੰਗਲੈਂਡ ਦਾ ਵਸਨੀਕ ਹੈ, ਵਲੋਂ ਚਲਾਇਆ ਜਾ ਰਿਹਾ ਹੈ। ਉਹ ਸਿੱਖਸ ਫਾਰ ਜਸਟਿਸ (ਐੱਸ. ਐੱਫ. ਜੇ.) ਨਾਲ ਵੀ ਜੁੜਿਆ ਹੋਇਆ ਹੈ। ਉਪਰੋਕਤ ਸਮੂਹ ਨੂੰ ਭਾਰਤ ਸਰਕਾਰ ਵਲੋਂ ਪਾਬੰਦੀਸ਼ੁਦਾ ਕੀਤਾ ਗਿਆ ਹੈ। ਇਕ ਖ਼ਾਸ ਸਮੂਹ ਨਾਲ ਸਬੰਧਿਤਆਗੂਆਂ ਨੂੰ ਨਿਸ਼ਾਨਾ ਬਣਾ ਕੇ ਪੰਜਾਬ 'ਚ ਸ਼ਾਂਤੀ ਨੂੰ ਭੰਗ ਕਰਕੇ ਦਹਿਸ਼ਤ ਫੈਲਾਉਣ ਦਾ ਇਰਾਦਾ ਹੈ। ਪੁਲਸ ਦੀ ਕਹਾਣੀ ਮੁਤਾਬਕ ਜੱਗੂ ਭਗਵਾਨਪੁਰੀਆ ਅਤੇ ਪ੍ਰਗਟ ਸਿੰਘ ਹਥਿਆਰ ਅਤੇ ਗੋਲਾ-ਬਾਰੂਦ ਪ੍ਰਦਾਨ ਕਰ ਰਹੇ ਹਨ। ਅੰਮ੍ਰਿਤ ਬਲ ਅਤੇ ਦਰਮਨ ਕਾਹਲੋਂ ਉਨ੍ਹਾਂ ਦੀ ਵਿੱਤੀ ਸਹਾਇਤਾ ਕਰ ਰਹੇ ਹਨ। ਉਹ ਪੰਜਾਬ ਵਿਚ ਕੋਈ ਵੀ ਵੱਡੀ ਗੈਰ-ਕਾਨੂੰਨੀ ਗਤੀਵਿਧੀ ਕਰ ਸਕਦੇ ਹਨ।
ਐੱਸ. ਐੱਸ. ਓ. ਸੀ. ਵਲੋਂ ਗੈਂਗਸਟਰ ਜੱਗੂ ਭਗਵਾਨਪੁਰੀਆ, ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਬਲ, ਪ੍ਰਗਟ ਸਿੰਘ, ਦਰਮਨਜੋਤ ਉਰਫ਼ਦਰਮਨ ਕਾਹਲੋਂ ਅਤੇ ਉਨ੍ਹਾਂ ਦੇ ਸਾਥੀਆਂ ਦੀਆਂ ਕਾਰਵਾਈਆਂ ਗੈਰ-ਕਾਨੂੰਨੀ ਗਤੀਵਿਧੀ ਐਕਟ ਦੀ ਧਾਰਾ 17, 18, 20 ਅਤੇ ਆਈਪੀਸੀ ਦੀ ਧਾਰਾ: 120-ਬੀ ਅਤੇ ਅਸਲਾ ਐਕਟ ਦੀ ਧਾਰਾ 25-54-59 ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਪੁਲਸ ਵਲੋਂ ਜਾਂਚ ਸ਼ੁਰੂ ਕੀਤੀ ਗਈ ਅਤੇ ਜਾਂਚ ਦੌਰਾਨ 17 ਜਨਵਰੀ 2023 ਨੂੰ ਯੁਵਰਾਜ ਸਿੰਘ ਅਤੇ ਨਿਸ਼ਾਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਉਨ੍ਹਾਂ ਦੀ ਤਲਾਸ਼ੀ ਦੌਰਾਨ ਇੱਕ 32 ਬੋਰ ਦਾ ਪਿਸਤੌਲ, 4 ਜ਼ਿੰਦਾ ਕਾਰਤੂਸ ਅਤੇ ਇਕ ਮੋਟਰਸਾਈਕਲ ਬਿਨਾਂ ਰਜਿਸਟਰੇਸ਼ਨ ਨੰਬਰ ਦੇ ਬਰਾਮਦ ਕੀਤਾ ਗਿਆ। ਜਾਂਚ ਦੌਰਾਨ ਨਿਸ਼ਾਨ ਸਿੰਘ ਨੇ ਖ਼ੁਲਾਸਾ ਕੀਤਾ ਕਿ ਅੰਮ੍ਰਿਤਪਾਲ ਬੱਲ ਨੇ ਉਸਦੀ ਮੁਲਾਕਾਤ ਜਸਪਾਲ ਸਿੰਘ ਉਰਫ਼ ਹਨੀ ਨਾਲ ਕਰਵਾਈ। ਨਿਸ਼ਾਨ ਸਿੰਘ ਨੇ ਜਸਪਾਲ ਸਿੰਘ ਹਨੀ ਨਾਲ ਜਸਪਾਲ ਸਿੰਘ ਉਰਫ਼ ਹਨੀ ਦੇ ਮੋਬਾਇਲ ਨੰਬਰ 'ਤੇ ਗੱਲ ਕੀਤੀ। ਇਸ ਅਨੁਸਾਰ ਜਸਪਾਲ ਸਿੰਘ ਉਰਫ਼ ਹਨੀ ਨੂੰ ਮੌਜੂਦਾ ਮਾਮਲੇ ਵਿਚ ਨਾਮਜ਼ਦ ਕਰਕੇ 19 ਜਨਵਰੀ 2023 ਨੂੰ, ਜਸਪਾਲ ਸਿੰਘ ਉਰਫ਼ ਹਨੀ ਨੂੰ ਮੌਜੂਦਾ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।
