ਕੈਨੇਡਾ ‘ਚ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ, ਇਸੇ ਸਾਲ ਆਉਣਾ ਸੀ ਪੰਜਾਬ
Tuesday, Jan 20, 2026 - 03:38 PM (IST)
ਖੰਨਾ (ਵਿਪਨ): ਖੰਨਾ ਦੇ ਨਾਲ ਲੱਗਦੇ ਪਿੰਡ ਕਟਾਹਰੀ ਦੇ 27 ਸਾਲਾ ਨੌਜਵਾਨ ਅਮਰਵੀਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਖ਼ਬਰ ਨਾਲ ਕਸਬਾ ਰਾੜਾ ਸਾਹਿਬ ਅਤੇ ਆਸ-ਪਾਸ ਦੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਸ਼ਿੰਗਾਰਾ ਸਿੰਘ ਨੇ ਭਰੇ ਗਲੇ ਨਾਲ ਦੱਸਿਆ ਕਿ ਅਮਰਵੀਰ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਨੇ ਪੰਜਾਬ ਵਿਚ ਰਹਿੰਦਿਆਂ ਵੀ ਆਪਣੀ ਮਿਹਨਤ ਨਾਲ ਚੰਗੀ ਪਛਾਣ ਬਣਾਈ ਸੀ। ਅਮਰਵੀਰ ਸਿੰਘ ਚਾਰ ਸਾਲ ਪਹਿਲਾਂ 2022 ਵਿਚ ਉਚੇਰੀ ਵਿੱਦਿਆ ਹਾਸਲ ਕਰਨ ਲਈ ਕੈਨੇਡਾ ਗਿਆ ਸੀ। ਇਸ ਸਮੇਂ ਉਹ ਵਰਕ ਪਰਮਿਟ ‘ਤੇ ਟਰੱਕ ਚਲਾ ਰਿਹਾ ਸੀ ਅਤੇ ਇਸ ਸਾਲ ਪੰਜਾਬ ਆਉਣ ਦੀ ਇੱਛਾ ਵੀ ਜਤਾਈ ਸੀ।
ਮ੍ਰਿਤਕ ਦੀ ਦੇਹ ਅੱਜ ਉਸ ਦੇ ਜੱਦੀ ਪਿੰਡ ਕਟਾਹਰੀ ਪੁੱਜ ਗਈ ਹੈ। ਨੌਜਵਾਨ ਦੀ ਬੇਵਕਤੀ ਮੌਤ ‘ਤੇ ਇਲਾਕੇ ਦੇ ਵੱਖ-ਵੱਖ ਸਮਾਜਿਕ ਅਤੇ ਰਾਜਨੀਤਿਕ ਆਗੂਆਂ ਵੱਲੋਂ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ।
