ਪੰਜਾਬ ਪੁਲਸ ਦੇ ਅੜਿੱਕੇ ਚੜ੍ਹਿਆ ਗੋਸਾ ਗੈਂਗ ਦਾ ਲੀਡਰ! CIA ਸਟਾਫ਼ ਦੇ ਮੈਂਬਰ ਬਣ ਕੇ ਲੁੱਟੇ ਸੀ ਕੈਨੇਡੀਅਨ ਡਾਲਰ

Tuesday, Jan 13, 2026 - 05:30 PM (IST)

ਪੰਜਾਬ ਪੁਲਸ ਦੇ ਅੜਿੱਕੇ ਚੜ੍ਹਿਆ ਗੋਸਾ ਗੈਂਗ ਦਾ ਲੀਡਰ! CIA ਸਟਾਫ਼ ਦੇ ਮੈਂਬਰ ਬਣ ਕੇ ਲੁੱਟੇ ਸੀ ਕੈਨੇਡੀਅਨ ਡਾਲਰ

ਲੁਧਿਆਣਾ (ਰਾਜ): ਜਗਰਾਓਂ ਸਥਿਤ ਚੀਨਾ ਵੈਸਟਰਨ ਯੂਨੀਅਨ ਦੇ ਕਰਮਚਾਰੀ ਕੋਲੋਂ ਸੀ.ਆਈ.ਏ. ਪੁਲਸ ਦੇ ਮੁਲਾਜ਼ਮ ਬਣ ਕੇ ਕੈਨੇਡੀਅਨ ਡਾਲਰ ਲੁੱਟਣ ਦੇ ਮਾਮਲੇ ਨੂੰ ਪੁਲਸ ਨੇ ਸੁਲਝਾ ਲਿਆ ਹੈ। ਇਸ ਮਾਮਲੇ ਵਿਚ ਪੁਲਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਵਿਚ ਤਲਵੰਡੀ ਰਾਏ ਦਾ ਰਹਿਣ ਵਾਲਾ ਸਰਬਜੀਤ ਸਿੰਘ ਉਰਫ਼ ਗੋਸਾ, ਅੰਮ੍ਰਿਤਸਰ ਦੇ ਪਿੰਡ ਸਠਿਆਲਾ ਦਾ ਹਰਜੀਤ ਸਿੰਘ, ਪਿੰਡ ਰਮਨਾ ਚੱਕ ਦਾ ਸਕੱਤਰ ਸਿੰਘ ਅਤੇ ਗੁਰਦਾਸਪੁਰ ਦਾ ਸਟੀਫਨ ਮਸੀਹ ਹੈ। ਮੁਲਜ਼ਮਾਂ ਦੇ ਕਬਜ਼ੇ ਵਿਚੋਂ ਲੁੱਟੇ ਗਏ 30 ਹਜ਼ਾਰ ਕੈਨੇਡੀਅਨ ਡਾਲਰ (ਲਗਭਗ 20 ਲੱਖ ਭਾਰਤੀ ਰੁਪਏ), ਵਾਰਦਾਤ ਵਿਚ ਵਰਤੀ ਗਈ ਚਿੱਟੇ ਰੰਗ ਦੀ ਇਨੋਵਾ ਕਾਰ, 02 ਪਿਸਤੌਲ (ਪੁਆਇੰਟ 32 ਬੋਰ) ਅਤੇ 12 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡੀਸ਼ਨਲ ਸੀ.ਪੀ. ਰੁਪਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਸੋਮਵਾਰ 5 ਜਨਵਰੀ ਨੂੰ ਦੁਪਹਿਰ ਵੇਲੇ ਥਾਣਾ ਸਰਾਭਾ ਨਗਰ ਵਿੱਚ ਨੀਤਿਨ ਗੋਇਲ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਜਗਰਾਓਂ ਵਿਚ ਚੀਨਾ ਵੈਸਟਰਨ ਯੂਨੀਅਨ ਦਾ ਕੰਮ ਹੈ। ਉਸ ਨੇ ਆਪਣੇ ਡਰਾਈਵਰ ਰਵੀ ਕੁਮਾਰ ਨੂੰ ਬੈਗ ਵਿਚ 30,000 ਕੈਨੇਡੀਅਨ ਡਾਲਰ ਦੇ ਕੇ ਆਪਣੇ ਲੁਧਿਆਣਾ ਦੇ ਦੋਸਤ ਦਿਵਾਕਰ ਕੋਲ ਭੇਜਿਆ ਸੀ। ਡਰਾਈਵਰ ਰਵੀ ਕੁਮਾਰ ਬੱਸ ਰਾਹੀਂ ਜਗਰਾਓਂ ਤੋਂ ਲੁਧਿਆਣਾ ਪਹੁੰਚਿਆ ਸੀ। ਪੀੜਤ ਡਰਾਈਵਰ ਨੇ ਦੱਸਿਆ ਕਿ ਜਿਵੇਂ ਹੀ ਉਹ ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਦੇ ਬਾਹਰ ਬੱਸ ਤੋਂ ਉਤਰਿਆ, ਉਸੇ ਬੱਸ ਤੋਂ ਤਿੰਨ ਅਣਪਛਾਤੇ ਵਿਅਕਤੀ ਵੀ ਉਸ ਦੇ ਪਿੱਛੇ ਉਤਰ ਆਏ। ਉਨ੍ਹਾਂ ਨੇ ਖ਼ੁਦ ਨੂੰ ਸੀਆਈਏ ਦੇ ਮੁਲਾਜ਼ਮ ਦੱਸਿਆ ਅਤੇ ਰਵੀ ਨੂੰ ਰੋਕ ਲਿਆ ਅਤੇ ਪੁੱਛਿਆ ਕਿ ਉਸ ਦੇ ਬੈਗ ਵਿਚ ਕੀ ਹੈ। ਜਦੋਂ ਰਵੀ ਨੇ ਦੱਸਿਆ ਕਿ ਬੈਗ ਵਿਚ ਡਾਲਰ ਹਨ, ਤਾਂ ਮੁਲਜ਼ਮਾਂ ਨੇ ਝਪੱਟਾ ਮਾਰ ਕੇ ਬੈਗ ਖੋਹ ਲਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਪਹਿਲਾਂ ਤੋਂ ਖੜ੍ਹੀ ਇਕ ਚਿੱਟੇ ਰੰਗ ਦੀ ਇਨੋਵਾ ਕਾਰ ਵਿਚ ਬੈਠ ਕੇ ਤੇਜ਼ੀ ਨਾਲ ਫ਼ਰਾਰ ਹੋ ਗਏ ਸਨ। 

ਰਵੀ ਕੁਮਾਰ ਨੇ ਮੁਲਜ਼ਮਾਂ ਦੀ ਕਾਰ ਦਾ ਨੰਬਰ ਨੋਟ ਕਰ ਲਿਆ ਸੀ। ਜਿਵੇਂ ਹੀ ਪੁਲਸ ਨੂੰ ਇਸ ਦੀ ਸੂਚਨਾ ਮਿਲੀ ਤਾਂ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਗਈ। ਜਾਂਚ ਵਿਚ ਸਾਹਮਣੇ ਆਇਆ ਕਿ ਇਹ ਵਾਰਦਾਤ ਉਕਤ ਮੁਲਜ਼ਮਾਂ ਨੇ ਕੀਤੀ ਹੈ, ਜਿਸ ਤੋਂ ਬਾਅਦ ਪੁਲਸ ਨੇ ਇਕ-ਇਕ ਕਰਕੇ ਚਾਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਫੜੇ ਗਏ ਮੁਲਜ਼ਮਾਂ ਨੂੰ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੇ ਹੁਣ ਤੱਕ ਕਿੰਨੀਆਂ ਵਾਰਦਾਤਾਂ ਕੀਤੀਆਂ ਹਨ ਅਤੇ ਉਨ੍ਹਾਂ ਦੇ ਗੈਂਗ ਵਿਚ ਜਸਪਾਲ ਤੋਂ ਇਲਾਵਾ ਹੋਰ ਕੌਣ-ਕੌਣ ਸ਼ਾਮਲ ਹੈ। ਜਦਕਿ ਮੁਲਜ਼ਮਾਂ ਦਾ ਪੰਜਵਾਂ ਸਾਥੀ ਅੰਮ੍ਰਿਤਸਰ ਦੇ ਜੱਬੋਵਾਲ ਦਾ ਰਹਿਣ ਵਾਲਾ ਜਸਪਾਲ ਸਿੰਘ ਅਜੇ ਵੀ ਫ਼ਰਾਰ ਹੈ। ਉਸਨੂੰ ਫੜਨ ਲਈ ਪੁਲਿਸ ਦੀਆਂ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।

ਸਰਬਜੀਤ ਸਿੰਘ ਦੇ ਖ਼ਿਲਾਫ਼ ਪਹਿਲਾਂ ਵੀ ਚਾਰ ਕੇਸ ਦਰਜ

ਪੁਲਸ ਨੇ ਦੱਸਿਆ ਕਿ ਮੁਲਜ਼ਮ ਸਰਬਜੀਤ ਸਿੰਘ ਗੋਸਾ ਗੈਂਗ ਦਾ ਲੀਡਰ ਹੈ। ਉਸ ਦੇ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ ਲੁੱਟ-ਖੋਹ, ਆਰਮਜ਼ ਐਕਟ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਚਾਰ ਕੇਸ ਦਰਜ ਹਨ। ਉਸ ਨੇ ਹੀ ਬਾਕੀ ਮੁਲਜ਼ਮਾਂ ਨੂੰ ਆਪਣੇ ਨਾਲ ਮਿਲਾਇਆ ਅਤੇ ਲੁੱਟ-ਖੋਹ ਦਾ ਗੈਂਗ ਬਣਾਇਆ। ਪੁਲਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਉਸ ਦੇ ਪੰਜਵੇਂ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ।


author

Anmol Tagra

Content Editor

Related News