ਪੰਜਾਬ ਕਾਂਗਰਸ ਦਾ ਹਰ ਸੀਨੀਅਰ ਆਗੂ ਮੁੱਖ ਮੰਤਰੀ ਦਾ ਚਿਹਰਾ ਹੈ: ਭੁਪੇਸ਼ ਬਘੇਲ
Monday, Jan 12, 2026 - 02:45 AM (IST)
ਬਠਿੰਡਾ (ਵਰਮਾ) - ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਹਮੇਸ਼ਾ ਵਾਂਗ 2027 ਦੀਆਂ ਵਿਧਾਨ ਸਭਾ ਚੋਣਾਂ ਇਕਜੁਟ ਅਤੇ ਸਮੂਹਿਕ ਅਗਵਾਈ ਹੇਠ ਲੜੇਗੀ। ਉਨ੍ਹਾਂ ਸੀਨੀਅਰ ਪਾਰਟੀ ਆਗੂਆਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਹ ਸਾਰੇ ਸਾਡੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਆਗੂ ਵੀ ਮੌਜੂਦ ਸਨ।
ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਛੱਡ ਕੇ ਕਾਂਗਰਸ ਦੀ ਹਮੇਸ਼ਾ ਇਕਜੁਟ ਅਗਵਾਈ ਹੇਠ ਚੋਣਾਂ ਲੜਨ ਦੀ ਪ੍ਰੰਪਰਾ ਰਹੀ ਹੈ, ਜਦਕਿ ਅੰਤਿਮ ਫੈਸਲਾ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਲੈਣਗੇ। ਬਘੇਲ ਪੰਜਾਬ ’ਚ ‘ਮਨਰੇਗਾ ਬਚਾਓ ਸੰਗਰਾਮ’ ਮੁਹਿੰਮ ਦੇ ਪਹਿਲੇ ਪੜਾਅ ਦੇ ਆਖਰੀ ਦੌਰੇ ’ਤੇ ਅੱਜ ਬਠਿੰਡਾ ’ਚ ਮੌਜੂਦ ਸਨ। ਭਾਜਪਾ ਸਰਕਾਰ ਦੇ ਮਨਰੇਗਾ ਨੂੰ ਖਤਮ ਕਰਨ ਦੇ ਫੈਸਲੇ ਵਿਰੁੱਧ ਪਾਰਟੀ ਦੀ ਜਨ ਸੰਪਰਕ ਮੁਹਿੰਮ ਦਾ ਇਹ ਪੰਜਵਾਂ ਦਿਨ ਸੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ‘ਮਨਰੇਗਾ ਬਚਾਓ ਸੰਗਰਾਮ’ ਮੁਹਿੰਮ ਨੂੰ ਭਾਰੀ ਸਮਰਥਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੇਂਡੂ ਅਰਥਵਿਵਸਥਾ ਨੂੰ ਤਬਾਹ ਕਰਨ ’ਤੇ ਤੁਲੇ ਹੋਏ ਹਨ। ਮਨਰੇਗਾ ਨੂੰ ਖਤਮ ਕਰ ਕੇ, ਮੋਦੀ ਸਰਕਾਰ ਨੇ ਉਨ੍ਹਾਂ ਦਾ ਕੰਮ ਕਰਨ ਦਾ ਸੰਵਿਧਾਨਕ ਅਧਿਕਾਰ ਖੋਹ ਲਿਆ ਹੈ। ਉਨ੍ਹਾਂ ਕਿਹਾ ਕਿ ਤਿੰਨ ਕਾਲੇ ਕਾਨੂੰਨ ਲਿਆ ਕੇ ਕਿਸਾਨਾਂ ਨਾਲ ਵੀ ਇਹੀ ਕੀਤਾ ਗਿਆ ਸੀ ਅਤੇ ਹੁਣ ਮਜ਼ਦੂਰਾਂ ਨਾਲ ਵੀ ਇਹੀ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸੂਬੇ ’ਚ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਵਿਗੜ ਗਈ ਹੈ। ਨਵੇਂ ਸਾਲ ਦੇ ਪਹਿਲੇ 100 ਦਿਨਾਂ ’ਚ ਪੰਜਾਬ ’ਚ ਨੌਂ ਕਤਲ ਹੋਏ ਹਨ। ਸੂਬਾ ਦੀਵਾਲੀਆਪਨ ਦੀ ਕਗਾਰ ’ਤੇ ਹੈ, ਕਰਜ਼ਾ 4 ਲੱਖ ਕਰੋੜ ਤੋਂ ਵੱਧ ਹੈ। ਕਿਤੇ ਵੀ ਵਿਕਾਸ ਕਾਰਜ ਨਹੀਂ ਹੋ ਰਹੇ ਹਨ, ਤਾਂ ਪੈਸਾ ਕਿੱਥੇ ਜਾ ਰਿਹਾ ਹੈ? ਕੀ ਇਹ ਪੈਸਾ ਦਿੱਲੀ ਦੇ ਸਿਆਸਤਦਾਨਾਂ ਨੂੰ ਅਮੀਰ ਬਣਾਉਣ ਵਾਲਾ ਹੈ?
