ਨਸ਼ੀਲੇ ਟੀਕਿਆਂ ਦੇ ਮਾਮਲੇ ’ਚ ਦੋਸ਼ੀ ਨੂੰ 10 ਸਾਲ ਕੈਦ, ਇਕ ਲੱਖ ਜੁਰਮਾਨਾ
Saturday, Jan 10, 2026 - 12:44 PM (IST)
ਮੋਹਾਲੀ (ਜੱਸੀ) : ਨਸ਼ੀਲੇ ਟੀਕਿਆਂ ਦੇ ਗੈਰ-ਕਾਨੂੰਨੀ ਕਾਰੋਬਾਰ ਦੇ ਮਾਮਲੇ ’ਚ ਐੱਸ. ਟੀ. ਐੱਫ. ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕਰਨ ਗੁਪਤਾ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੰਦਿਆਂ 10 ਸਾਲ ਦੀ ਕੈਦ ਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ’ਚ ਉਸ ਨੂੰ ਇਕ ਸਾਲ ਦੀ ਹੋਰ ਕੈਦ ਕੱਟਣੀ ਪਵੇਗੀ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪ੍ਰਸ਼ਾਤ ਵਰਮਾ ਦੀ ਅਦਾਲਤ ’ਚ ਸਰਕਾਰੀ ਧਿਰ ਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਉਪਰੰਤ ਅਦਾਲਤ ਨੇ ਇਹ ਫ਼ੈਸਲਾ ਸੁਣਾਇਆ।
ਜਾਣਕਾਰੀ ਅਨੁਸਾਰ 13 ਅਗਸਤ 2022 ਨੂੰ ਐੱਸ. ਟੀ. ਐੱਫ. ਦੇ ਪੁਲਸ ਕਰਮਚਾਰੀ ਪੁਲਸ ਲਾਈਨ, ਇੰਡਸਟਰੀਅਲ ਏਰੀਆ ਫੇਜ਼-7 ਮੋਹਾਲੀ ਨੇੜੇ ਗਸ਼ਤ ਕਰ ਰਹੇ ਸਨ, ਜਦੋਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਕਰਨ ਨਸ਼ੀਲੇ ਟੀਕਿਆਂ ਦੀ ਤਸਕਰੀ ਕਰ ਰਿਹਾ ਹੈ। ਸੂਚਨਾ ਦੇ ਆਧਾਰ ’ਤੇ ਐੱਸ. ਟੀ. ਐੱਫ. ਟੀਮ ਨੇ ਆਟੋ ਮਾਰਟ ਰੋਡ, ਇੰਡਸਟਰੀਅਲ ਏਰੀਆ ਫੇਜ਼-7 ਨੇੜੇ ਨਾਕਾਬੰਦੀ ਦੌਰਾਨ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸ ਕੋਲੋਂ 44 ਨਸ਼ੀਲੇ ਟੀਕੇ ਬਰਾਮਦ ਹੋਏ। ਇਸ ਤੋਂ ਇਲਾਵਾ ਉਸ ਦੀ ਜੇਬ ’ਚੋਂ 500 ਰੁਪਏ ਨਕਦ ਵੀ ਮਿਲੇ। ਐੱਸ.ਟੀ.ਐੱਫ. ਵੱਲੋਂ ਮੁਲਜ਼ਮ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਨਸ਼ੀਲੇ ਟੀਕੇ ਜ਼ਬਤ ਕਰ ਲਏ ਗਏ ਸਨ। ਅਦਾਲਤ ਨੇ ਸਾਰੇ ਸਬੂਤਾਂ ਤੇ ਗਵਾਹੀਆਂ ਦੇ ਆਧਾਰ ’ਤੇ ਕਰਨ ਗੁਪਤਾ ਨੂੰ ਦੋਸ਼ੀ ਕਰਾਰ ਦਿੱਤਾ।
