ਚੀਨ 'ਚ ਜਨਸੰਖਿਆ ਸੰਕਟ 'ਚ ਵਾਧਾ, ਨੌਜਵਾਨਾਂ 'ਚ ਵਿਆਹ ਅਤੇ ਬੱਚੇ ਪੈਦਾ ਕਰਨ ਦੀ ਨਹੀਂ ਰਹੀ ਦਿਲਚਸਪੀ

11/24/2021 4:05:53 PM

ਬੀਜਿੰਗ (ਭਾਸ਼ਾ)- ਚੀਨ ਵਿਚ ਘਟਦੀ ਜਨਮ ਦਰ ਦੇ ਇਲਾਵਾ ਘੱਟ ਲੋਕ ਵਿਆਹ ਕਰਵਾ ਰਹੇ ਹਨ, ਜਿਸ ਨਾਲ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਵਿਚ ਜਨਸੰਖਿਆ ਸੰਕਟ ਤੇਜ਼ ਹੋ ਰਿਹਾ ਹੈ। ਹਾਲ ਹੀ 'ਚ ਜਾਰੀ 'ਚਾਈਨਾ ਸਟੈਟਿਸਟੀਕਲ ਯਿਅਰਬੁੱਕ 2021' ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਲਗਾਤਾਰ 7 ਸਾਲਾਂ ਵਿਚ ਚੀਨ 'ਚ ਵਿਆਹ ਰਜਿਸਟ੍ਰੇਸ਼ਨਾਂ ਦੀ ਗਿਣਤੀ ਘਟੀ ਹੈ, ਜੋ ਪਿਛਲੇ ਸਾਲ 17 ਸਾਲ ਦੇ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ। ਨਾਗਰਿਕ ਮਾਮਲਿਆਂ ਦੇ ਮੰਤਰਾਲਾ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਚੀਨ ਵਿਚ 2021 ਦੀਆਂ ਪਹਿਲੀਆਂ ਤਿੰਨ ਤਿਮਾਹੀਆਂ ਵਿਚ ਕੁੱਲ 58.7 ਲੱਖ ਜੋੜਿਆਂ ਨੇ ਵਿਆਹ ਕਰਾਇਆ, ਜੋ ਪਿਛਲੇ ਸਾਲ ਦੀ ਸਮਾਨ ਮਿਆਦ ਨਾਲੋਂ ਥੋੜ੍ਹਾ ਘੱਟ ਹੈ। ਚੀਨ ਦੇ ਸਰਕਾਰੀ ਅਖ਼ਬਾਰ ਚਾਈਨਾ ਡੇਲੀ ਨੇ ਬੁੱਧਵਾਰ ਨੂੰ ਰਿਪੋਰਟ ਦਿੱਤੀ ਕਿ ਇਹ ਖਦਸ਼ਾ ਹੈ ਕਿ 2021 ਵਿਚ ਚੀਨ ਵਿਚ ਵਿਆਹ ਰਜਿਸਟ੍ਰੇਸ਼ਨ ਦੀ ਗਿਣਤੀ ਵਿਚ ਗਿਰਾਵਟ ਜਾਰੀ ਰਹੇਗੀ। ਪੁਸਤਕ ਦੇ ਅੰਕੜਿਆਂ ਅਨੁਸਾਰ ਇਹ ਘਟਦੀ ਜਨਮ ਦਰ ਦਾ ਇਕ ਹੋਰ ਕਾਰਨ ਹੈ।

ਇਹ ਵੀ ਪੜ੍ਹੋ : ਤਾਲਿਬਾਨ ਦੇ ਕੈਬਨਿਟ ਵਿਸਤਾਰ ’ਚ 27 ਨਵੇਂ ਲੜਾਕੇ ਸ਼ਾਮਲ, ਔਰਤਾਂ ਨੂੰ ਇਸ ਵਾਰ ਵੀ ਨਹੀਂ ਮਿਲੀ ਜਗ੍ਹਾ

ਚੀਨ ਵਿਚ ਪਿਛਲੇ ਸਾਲ ਜਨਮ ਦਰ 0.852 ਫ਼ੀਸਦੀ ਸੀ, ਜੋ ਕਿ 1978 ਤੋਂ ਬਾਅਦ ਪਹਿਲੀ ਵਾਰ 1 ਫ਼ੀਸਦੀ ਤੋਂ ਹੇਠਾਂ ਹੈ। ਜਨਸੰਖਿਆ ਸੰਕਟ ਨੂੰ ਡੂੰਘਾ ਹੁੰਦਾ ਦੇਖ ਕੇ, ਚੀਨ ਨੇ 2016 ਵਿਚ ਸਾਰੇ ਜੋੜਿਆਂ ਨੂੰ 2 ਬੱਚੇ ਪੈਦਾ ਕਰਨ ਦੀ ਇਜਾਜ਼ਤ ਦੇਣ ਲਈ ਦਹਾਕਿਆਂ ਪੁਰਾਣੀ ਇਕ-ਬੱਚਾ ਨੀਤੀ ਨੂੰ ਖ਼ਤਮ ਕਰ ਦਿੱਤਾ ਸੀ ਅਤੇ ਇਸ ਸਾਲ ਜੋੜਿਆਂ ਨੂੰ 3 ਬੱਚੇ ਪੈਦਾ ਕਰਨ ਦੀ ਇਜਾਜ਼ਤ ਦੇਣ ਲਈ ਨੀਤੀ ਵਿਚ ਮੁੜ ਸੋਧ ਕੀਤੀ। ਤੀਜੇ ਬੱਚੇ ਦੀ ਆਗਿਆ ਦੇਣ ਦਾ ਫ਼ੈਸਲਾ ਹਾਲ ਹੀ ਵਿਚ ਇਕ ਦਹਾਕੇ ਵਿਚ ਹੋਈ ਮਰਦਮਸ਼ੁਮਾਰੀ ਤੋਂ ਬਾਅਦ ਲਿਆ ਗਿਆ ਸੀ। ਚੀਨ ਦੀ ਆਬਾਦੀ ਸਰਕਾਰੀ ਅਨੁਮਾਨਾਂ ਦਰਮਿਆਨ ਸਭ ਤੋਂ ਹੌਲੀ ਰਫ਼ਤਾਰ ਨਾਲ ਵੱਧ ਰਹੀ ਹੈ। ਇੱਥੋਂ ਦੀ ਆਬਾਦੀ 1.412 ਅਰਬ ਹੋ ਗਈ ਹੈ। ਵਿਆਹ ਰਜਿਸਟ੍ਰੇਸ਼ਨ ਵਿਚ ਗਿਰਾਵਟ ਦੇ ਕਾਰਨਾਂ ਨੂੰ ਰੇਖਾਂਕਿਤ ਕਰਦੇ ਹੋਏ, ਜਨਸੰਖਿਆ ਵਿਗਿਆਨੀ ਹੇ ਯਾਫੂ ਨੇ ਚੀਨ ਵਿਚ ਨੌਜਵਾਨਾਂ ਦੀ ਗਿਣਤੀ ਵਿਚ ਗਿਰਾਵਟ ਨੂੰ ਇਕ ਕਾਰਨ ਦੱਸਿਆ ਹੈ। ਉਨ੍ਹਾਂ ਨੈਸ਼ਨਲ ਬਿਊਰੋ ਆਫ ਸਟੈਟਿਸਟਿਕਸ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਚੀਨ ਵਿਚ 80 ਦੇ ਦਹਾਕੇ, 90 ਦੇ ਦਹਾਕੇ ਅਤੇ 2000 ਦੇ ਦਹਾਕੇ ਦੇ ਬਾਅਦ ਦੀ ਆਬਾਦੀ ਵਿਚ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ : ਗੌਤਮ ਗੰਭੀਰ ਨੂੰ ISIS ਤੋਂ ਮਿਲੀ ਜਾਨੋ ਮਾਰਨ ਦੀ ਧਮਕੀ, ਘਰ ਦੇ ਬਾਹਰ ਵਧਾਈ ਗਈ ਸੁਰੱਖਿਆ

ਮਾਹਰ ਨੇ ਚਾਈਨਾ ਡੇਲੀ ਨੂੰ ਦੱਸਿਆ ਕਿ ਕੰਮ ਦੇ ਜ਼ਿਆਦਾ ਦਬਾਅ ਅਤੇ ਔਰਤਾਂ ਦੇ ਸਿੱਖਿਆ ਪੱਧਰ ਵਿਚ ਸੁਧਾਰ ਅਤੇ ਆਰਥਿਕ ਆਜ਼ਾਦੀ ਕਾਰਨ ਨੌਜਵਾਨਾਂ ਵਿਚ ਵਿਆਹ ਪ੍ਰਤੀ ਦਿਲਚਸਪੀ ਵੀ ਘਟੀ ਹੈ। ਉਨ੍ਹਾਂ ਕਿਹਾ ਕਿ ਇਕ ਹੋਰ ਵੱਡਾ ਕਾਰਨ ਮਰਦਾਂ ਅਤੇ ਔਰਤਾਂ ਦੀ ਆਬਾਦੀ ਦਾ ਅਸੰਤੁਲਿਤ ਅਨੁਪਾਤ ਹੈ। ਚੀਨ ਵਿਚ, ਸੱਤਵੀਂ ਰਾਸ਼ਟਰੀ ਜਨਗਣਨਾ ਦੇ ਅਨੁਸਾਰ ਪੁਰਸ਼ਾਂ ਦੀ ਗਿਣਤੀ ਔਰਤਾਂ ਨਾਲੋਂ 3.49 ਲੱਖ ਵੱਧ ਹੈ। ਯਾਫੂ ਨੇ ਕਿਹਾ ਕਿ ਇਸ ਵਿਚ ਵਿਆਹ ਯੋਗ ਉਮਰ ਦੀਆਂ ਔਰਤਾਂ ਦੀ ਤੁਲਨਾ ਵਿਚ 20 ਸਾਲ ਦੀ ਉਮਰ ਵਿਚ 1.75 ਲੱਖ ਜ਼ਿਆਦਾ ਮਰਦ ਹਨ। ਇਸ ਤੋਂ ਇਲਾਵਾ ਘਰਾਂ ਦੀਆਂ ਵਧਦੀਆਂ ਕੀਮਤਾਂ ਅਤੇ ਮਹਿੰਗੇ ਰਿਹਾਇਸ਼ੀ ਕੰਪਲੈਕਸ ਵੀ ਵਿਆਹ ਕਰਵਾਉਣ ਅਤੇ ਬੱਚੇ ਪੈਦਾ ਕਰਨ ਦੇ ਰਾਹ ਵਿਚ ਵੱਡੀ ਰੁਕਾਵਟ ਹਨ।

ਇਹ ਵੀ ਪੜ੍ਹੋ : ਅਭਿਨੰਦਨ ਵਰਧਮਾਨ ਨੂੰ ਵੀਰ ਚੱਕਰ ਨਾਲ ਸਨਮਾਨਤ ਕਰਨ ’ਤੇ ਪਾਕਿ ਨੂੰ ਲੱਗੀਆਂ ਮਿਰਚਾਂ

ਉਨ੍ਹਾਂ ਕਿਹਾ ਕਿ ਚੀਨ ਵਿਚ ਵਿਆਹ ਅਤੇ ਬੱਚੇ ਦੇ ਜਨਮ ਦਾ ਨਜ਼ਦੀਕੀ ਸਬੰਧ ਹੈ ਅਤੇ ਵਿਆਹ ਤੋਂ ਬਾਅਦ ਪੈਦਾ ਹੋਣ ਵਾਲੇ ਬੱਚਿਆਂ ਦਾ ਅਨੁਪਾਤ ਘੱਟ ਹੈ। ਇਸ ਲਈ ਵਿਆਹ ਦੀ ਰਜਿਸਟ੍ਰੇਸ਼ਨ ਵਿਚ ਗਿਰਾਵਟ ਦਾ ਜਨਮ ਦਰ 'ਤੇ ਮਾੜਾ ਅਸਰ ਪੈਣਾ ਤੈਅ ਹੈ। ਇਸ ਲਈ ਸੁਧਾਰਾਤਮਕ ਉਪਾਅ ਤੇਜ਼ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਵਿਆਹ ਅਤੇ ਬੱਚੇ ਪੈਦਾ ਕਰਨ ਲਈ ਉਤਸ਼ਾਹਿਤ ਕਰਨ ਲਈ ਵਿਆਹ ਅਤੇ ਜਣੇਪਾ ਛੁੱਟੀ ਵੀ ਵਧਾਈ ਜਾਣੀ ਚਾਹੀਦੀ ਹੈ। 60 ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਗਿਣਤੀ ਪਹਿਲਾਂ ਹੀ 26.4 ਲੱਖ ਦਾ ਅੰਕੜਾ ਛੂਹ ਚੁੱਕੀ ਹੈ, ਜੋ ਕਿ ਕੁੱਲ ਆਬਾਦੀ ਦਾ 18.7 ਫ਼ੀਸਦੀ ਹੈ। ਚਾਈਨਾ ਡੇਲੀ ਦੀ ਖ਼ਬਰ ਵਿਚ ਕਿਹਾ ਗਿਆ ਹੈ ਕਿ ਅਸਲ ਵਿਚ 2036 ਵਿਚ ਸੀਨੀਅਰ ਨਾਗਰਿਕਾਂ ਦੀ ਆਬਾਦੀ ਚੀਨ ਦੀ ਕੁੱਲ ਆਬਾਦੀ ਦਾ 29.1 ਫ਼ੀਸਦੀ ਹੋਣ ਦੀ ਉਮੀਦ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News