ਜਾਪਾਨੀ ਕੰਪਨੀਆਂ ਨੇ ਪੰਜਾਬ ’ਚ ਨਿਵੇਸ਼ ਪ੍ਰਤੀ ਡੂੰਘੀ ਦਿਲਚਸਪੀ ਦਿਖਾਈ : ਸੰਜੀਵ ਅਰੋੜਾ

Wednesday, Dec 03, 2025 - 12:54 PM (IST)

ਜਾਪਾਨੀ ਕੰਪਨੀਆਂ ਨੇ ਪੰਜਾਬ ’ਚ ਨਿਵੇਸ਼ ਪ੍ਰਤੀ ਡੂੰਘੀ ਦਿਲਚਸਪੀ ਦਿਖਾਈ : ਸੰਜੀਵ ਅਰੋੜਾ

ਚੰਡੀਗੜ੍ਹ/ਜਲੰਧਰ (ਹਰੀਸ਼ਚੰਦਰ, ਧਵਨ)- ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲ ਕੇ ਅੱਜ ਜਾਪਾਨੀ ਉਦਯੋਗਪਤੀਆਂ ਸਾਹਮਣੇ ਸੂਬੇ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਵਜੋਂ ਪੇਸ਼ ਕਰਦੇ ਹੋਏ ਉਨ੍ਹਾਂ ਨੂੰ ਆਪਣੇ ਕਾਰੋਬਾਰ ਦੇ ਵਿਸਥਾਰ ਲਈ ਪੰਜਾਬ ਵਿਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਜਾਪਾਨ ਦੌਰੇ ਦੇ ਪਹਿਲੇ ਦਿਨ ਸੰਜੀਵ ਅਰੋੜਾ ਤੇ ਮੁੱਖ ਮੰਤਰੀ ਨੇ ਜੇ. ਬੀ. ਆਈ. ਸੀ., ਆਈਸਨ ਇੰਡਸਟਰੀ, ਯਾਮਾਹਾ, ਹੌਂਡਾ ਮੋਟਰਜ਼, ਜੇ. ਆਈ. ਸੀ. ਏ. ਦੱਖਣੀ ਏਸ਼ੀਆ ਦੇ ਜਨਰਲ ਸਕੱਤਰ, ਟਾਰੇ ਇੰਡਸਟਰੀਜ਼, ਆਰਥਿਕਤਾ, ਵਪਾਰ ਅਤੇ ਉਦਯੋਗ ਮੰਤਰਾਲੇ (ਐੱਮ. ਈ. ਟੀ. ਆਈ.) ਦੇ ਸੰਸਦੀ ਉਪ ਮੰਤਰੀ ਅਤੇ ਫੁਜਿਤਸੁ ਲਿਮਟਿਡ ਤੇ ਹੋਰ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ।

ਚਰਚਾ ਦੌਰਾਨ ਭਗਵੰਤ ਮਾਨ ਨੇ ਜਾਪਾਨ ਨਾਲ ਉੱਨਤ ਨਿਰਮਾਣ, ਗਤੀਸ਼ੀਲਤਾ, ਇਲੈਕਟ੍ਰਾਨਿਕਸ, ਫੂਡ ਪ੍ਰੋਸੈਸਿੰਗ, ਨਵਿਆਉਣਯੋਗ ਊਰਜਾ ਅਤੇ ਗਲੋਬਲ ਸੇਵਾਵਾਂ ਵਰਗੇ ਪ੍ਰਮੁੱਖ ਖੇਤਰਾਂ ਵਿਚ ਰਣਨੀਤਿਕ ਸਹਿਯੋਗ ਵਧਾਉਣ ਦੀ ਇੱਛਾ ਪ੍ਰਗਟ ਕੀਤੀ। ਉਨ੍ਹਾਂ ਨੇ ਜਾਪਾਨੀ ਕੰਪਨੀਆਂ ਨੂੰ ਸੂਬੇ ਵਿਚ ਉੱਭਰ ਰਹੇ ਨਵੇਂ ਮੌਕਿਆਂ ਦੀ ਪੜਚੋਲ ਕਰਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਪੰਜਾਬ ਦਾ ਭਵਿੱਖ ਇਨ੍ਹਾਂ ਖੇਤਰਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਇਕ ਨਵਾਂ ਰੂਪ ਧਾਰਨ ਕਰ ਰਿਹਾ ਹੈ।

ਉਦਯੋਗ ਮੰਤਰੀ ਨੇ ਕਿਹਾ ਕਿ ਇਹ ਕਾਨਫਰੰਸ ਪੰਜਾਬ ਦੀ ਪ੍ਰਗਤੀ ਨੂੰ ਦਰਸਾਏਗੀ ਅਤੇ ਦੁਨੀਆ ਦੇ ਪ੍ਰਮੁੱਖ ਉਦਯੋਗਾਂ ਨੂੰ ਇਕ ਪਲੇਟਫਾਰਮ ’ਤੇ ਲਿਆ ਕੇ ਭਾਈਵਾਲੀ ਅਤੇ ਸਹਿਯੋਗ ਦੇ ਨਵੇਂ ਮੌਕੇ ਪੇਸ਼ ਕਰੇਗੀ। ਅਜਿਹੇ ਨਿਵੇਸ਼ ਨਾ ਸਿਰਫ਼ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨਗੇ ਬਲਕਿ ਰਾਜ ਦੀ ਆਰਥਿਕ ਤਰੱਕੀ ਨੂੰ ਹੋਰ ਤੇਜ਼ ਕਰਨਗੇ।

ਉਨ੍ਹਾਂ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਜਾਪਾਨੀ ਨਿਵੇਸ਼ਕਾਂ ਨੂੰ ਹਰ ਪੱਧਰ ’ਤੇ ਪੂਰਾ ਸਮਰਥਨ ਅਤੇ ਸਹਿਯੋਗ ਪ੍ਰਦਾਨ ਕਰੇਗੀ ਅਤੇ ਸੂਬੇ ਵਿਚ ਉਦਯੋਗਿਕ ਵਿਕਾਸ ਨੂੰ ਹੋਰ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਦੁਹਰਾਇਆ ਕਿ ਪੰਜਾਬ ਅਤੇ ਜਾਪਾਨ ਵਿਸ਼ਵਾਸ, ਗੁਣਵੱਤਾ ਅਤੇ ਲੰਬੇ ਸਮੇਂ ਦੀ ਵਚਨਬੱਧਤਾ ਦੇ ਆਧਾਰ ’ਤੇ ਮਜ਼ਬੂਤ ​​ਵਪਾਰਕ ਸਬੰਧ ਸਥਾਪਤ ਕਰ ਸਕਦੇ ਹਨ ਅਤੇ ਸੂਬਾ ਸਰਕਾਰ ਇਨ੍ਹਾਂ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਜਾਪਾਨੀ ਉਦਯੋਗ ਨਾਲ ਪੰਜਾਬ ਦੇ ਮਜ਼ਬੂਤ ​​ਅਤੇ ਫਲਦਾਇਕ ਸਬੰਧਾਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਜਾਪਾਨੀ ਕੰਪਨੀਆਂ ਨੂੰ ਪੰਜਾਬ ਦੇ ਬਦਲਦੇ ਉਦਯੋਗਿਕ ਮਾਹੌਲ ਦੇ ਅਗਲੇ ਪੜਾਅ ਦਾ ਹਿੱਸਾ ਬਣਨ ਲਈ ਨਿੱਘਾ ਸੱਦਾ ਦਿੱਤਾ।


author

Anmol Tagra

Content Editor

Related News