ਵਿਕਾਸ ਨਗਰ ’ਚ ਪਾਣੀ ਦਾ ਗੰਭੀਰ ਸੰਕਟ, ਚਾਰ ਦਿਨ ਤੋਂ ਸਪਲਾਈ ਠੱਪ

Monday, Dec 08, 2025 - 12:17 PM (IST)

ਵਿਕਾਸ ਨਗਰ ’ਚ ਪਾਣੀ ਦਾ ਗੰਭੀਰ ਸੰਕਟ, ਚਾਰ ਦਿਨ ਤੋਂ ਸਪਲਾਈ ਠੱਪ

ਜ਼ੀਰਕਪੁਰ (ਧੀਮਾਨ) : ਜ਼ੀਰਕਪੁਰ ਦੇ ਵਿਕਾਸ ਨਗਰ ’ਚ ਪਿਛਲੇ ਚਾਰ ਦਿਨਾਂ ਤੋਂ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਠੱਪ ਪਈ ਹੈ, ਜਿਸ ਕਾਰਨ ਸਥਾਨਕ ਵਾਸੀਆਂ ਦੀ ਪਰੇਸ਼ਾਨੀ ਸਿਖਰ ’ਤੇ ਪਹੁੰਚ ਗਈ ਹੈ। ਸੀਵਰੇਜ ਪਾਈਪਲਾਈਨ ਵਿਛਾਉਣ ਦੌਰਾਨ ਮੁੱਖ 8 ਇੰਚ ਦੀ ਪਾਣੀ ਲਾਈਨ ਟੁੱਟ ਗਈ ਸੀ ਪਰ ਕਈ ਸ਼ਿਕਾਇਤਾਂ ਦੇ ਬਾਵਜੂਦ ਨਗਰ ਕੌਂਸਲ ਵੱਲੋਂ ਨਾ ਤਾਂ ਇਸ ਦੀ ਮੁਰੰਮਤ ਕਰਵਾਈ ਗਈ ਹੈ ਅਤੇ ਨਾ ਹੀ ਕੋਈ ਬਦਲਵਾਂ ਪ੍ਰਬੰਧ ਕੀਤਾ ਗਿਆ ਹੈ। ਲੋਕਾਂ ਨੂੰ ਰੋਜ਼ਾਨਾ ਦੀਆਂ ਲੋੜਾਂ ਲਈ ਨਿੱਜੀ ਟੈਂਕਰਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ, ਪਰ ਲੋਕਾਂ ਦਾ ਕਹਿਣਾ ਹੈ ਕਿ ਟੈਂਕਰਾਂ ਤੋਂ ਆ ਰਿਹਾ ਪਾਣੀ ਵੀ ਗੰਦਾ ਤੇ ਵਰਤਣਯੋਗ ਨਹੀਂ ਹੈ। ਇਸ ਤੋਂ ਇਲਾਵਾ ਘਰਾਂ ਤੋਂ ਦੂਰ ਖੜ੍ਹੇ ਟੈਂਕਰਾਂ ਤੋਂ ਘਰ ਤੱਕ ਬਾਲਟੀਆਂ ਭਰ ਕੇ ਪਾਣੀ ਲਿਜਾਣਾ ਪਰਿਵਾਰਾਂ ਲਈ ਵੱਡੀ ਮੁਸ਼ਕਲ ਬਣ ਚੁਕਾ ਹੈ।

ਡਿਵਾਈਨ ਅਪਾਰਟਮੈਂਟ ਦੇ ਨਿਵਾਸੀ ਗੌਰਵ ਨੇ ਦੋਸ਼ ਲਾਇਆ ਕਿ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਦੇ ਅਧਿਕਾਰੀ ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਮੌਕੇ ’ਤੇ ਨਹੀਂ ਆਏ ਅਤੇ ਲੋਕਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਟੁੱਟੀ ਪਾਈਪ ਦੀ ਮੁਰੰਮਤ ਦਾ ਕੰਮ ਠੇਕੇਦਾਰ ਨੂੰ ਸੌਂਪਿਆ ਗਿਆ ਹੈ ਅਤੇ ਪੁਰਾਣੀ ਲਾਈਨ ਦੀ ਥਾਂ ਨਵੀਂ ਪੀ. ਵੀ. ਸੀ. ਪਾਈਪ ਪਾਈ ਜਾ ਰਹੀ ਹੈ, ਪਰ ਕੰਮ ਬਹੁਤ ਹੌਲੀ ਗਤੀ ਨਾਲ ਹੋ ਰਿਹਾ ਹੈ, ਜਿਸ ਨਾਲ ਜਲਦੀ ਰਾਹਤ ਮਿਲਣ ਦੀ ਸੰਭਾਵਨਾ ਘੱਟ ਦਿਖ ਰਹੀ ਹੈ।

ਸਥਾਨਕ ਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪਾਈਪਲਾਈਨ ਦੀ ਮੁਰੰਮਤ ਤੁਰੰਤ ਨਹੀਂ ਕੀਤੀ ਗਈ ਤਾਂ ਹਾਲਾਤ ਹੋਰ ਵੀ ਵਿਗੜ ਸਕਦੇ ਹਨ, ਕਿਉਂਕਿ ਕਈ ਘਰਾਂ ਵਿੱਚ ਪੀਣ ਵਾਲਾ ਪਾਣੀ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਤੁਰੰਤ ਦਖ਼ਲ ਦੇਵੇ ਅਤੇ ਵਿਕਾਸ ਨਗਰ ਵਿੱਚ ਪਾਣੀ ਸਪਲਾਈ ਬਹਾਲ ਕਰਕੇ ਇਸ ਗੰਭੀਰ ਸਮੱਸਿਆ ਤੋਂ ਮੁਕਤੀ ਦਿਵਾਏ। ਇਸ ਸਬੰਧ ਵਿੱਚ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਪਰਵਿੰਦਰ ਭੱਟੀ ਨੇ ਕਿਹਾ ਹੈ ਕਿ ਸਮੱਸਿਆ ਦਾ ਨਿਪਟਾਰਾ ਜਲਦ ਹੀ ਕਰਵਾਇਆ ਜਾਵੇਗਾ ਤੇ ਪਾਣੀ ਸਪਲਾਈ ਨੂੰ ਦੁਬਾਰਾ ਸੁਚਾਰੂ ਕੀਤਾ ਜਾਵੇਗਾ।


author

Babita

Content Editor

Related News