ਚੀਨ-ਜਾਪਾਨ ’ਚ ਈਸਟ ਚਾਈਨਾ ਸੀ ਨੂੰ ਲੈ ਕੇ ਵਧਿਆ ਤਨਾਅ, ਫੌਜਾਂ ਅਲਰਟ
Thursday, Aug 06, 2020 - 10:51 AM (IST)
ਜਲੰਧਰ, (ਵਿਸ਼ੇਸ਼)- ਸਾਡੇ ਗੁਆਂਢੀ ਦੇਸ਼ ਚੀਨ ਦੇ ਦੁਨੀਆ ਦੇ ਵੱਡੇ ਦੇਸ਼ਾਂ ਨਾਲ ਖਰਾਬ ਹੁੰਦੇ ਰਿਸ਼ਤਿਆਂ ਦੀ ਇਸ ਸੀਰੀਜ਼ ’ਚ ਅੱਜ ਅਸੀਂ ਚੀਨ ਅਤੇ ਜਾਪਾਨ ਦੇ ਵਿਗੜਦੇ ਰਿਸ਼ਤਿਆਂ ਦੀ ਗੱਲ ਕਰਾਂਗੇ। ਉਂਝ ਤਾਂ ਇਹ ਦੋਨੋਂ ਦੇਸ਼ ਸਦੀਆਂ ਤੋਂ ਇਕ-ਦੂਸਰੇ ਦੇ ਜਾਨੀ ਦੁਸ਼ਮਣ ਹਨ, ਪਰ ਹਾਲ ਦੇ ਦਿਨਾਂ ’ਚ ਚੀਨ-ਜਾਪਾਨ ’ਚ ਈਸਟ ਚਾਈਨਾ ਸੀ ਨੂੰ ਲੈ ਕੇ ਤਨਾਅ ਵਧ ਗਿਆ ਹੈ ਅਤੇ ਦੋਨਾਂ ਦੇਸ਼ਾਂ ਦੀਆਂ ਫੌਜਾਂ ਅਲਰਟ ’ਤੇ ਹਨ। ਆਏ ਦਿਨ ਚੀਨ ਦੀ ਏਅਰਫੋਰਸ ਜਾਪਾਨ ਦੀ ਏਅਰ ਰੇਂਜ ਦੀ ਉਲੰਘਣਾ ਕਰਦੀ ਹੈ। ਲਿਹਾਜ਼ਾ ਜਾਪਾਨ ਨੇ ਆਪਣੀ ਏਅਰਫੋਰਸ ਨੂੰ ਹਾਈ ਅਲਰਟ ’ਤੇ ਰੱਖਿਆ ਹੋਇਆ ਹੈ। ਅੱਜ ਅਸੀਂ ਪੜਤਾਲ ਕਰਾਂਗੇ ਕਿ ਆਖਿਰ ਜਾਪਾਨ ਅਤੇ ਚੀਨ ਦੇ ਰਿਸ਼ਤੇ ਇੰਨੇ ਖਰਾਬ ਕਿਉਂ ਹਨ ਅਤੇ ਦੋਨਾਂ ਦੇਸ਼ਾਂ ਦੇ ਵਿਚਾਲੇ ਤਾਜ਼ਾ ਵਿਵਾਦ ਦੀ ਜੜ ਉਸ ਆਈਲੈਂਡ ’ਚ ਕੀ ਖਾਸੀਅਤ ਹੈ ਜਿਸ ਨੂੰ ਲੈ ਕੇ ਉਹ ਆਪਸ ’ਚ ਭਿੜ ਰਹੇ ਹਨ।
ਸੈਨਕਾਕੁਸ ਆਈਲੈਂਡ ’ਤੇ ਕਾਨੂੰਨ ਤੋਂ ਭੜਕਿਆ ਚੀਨ
22 ਜੂਨ ਨੂੰ ਇਸ਼ੀਗਾਕੀ ਸਿਟੀ ਕੌਂਸਲ ਵਲੋਂ ਪਾਸ ਕੀਤੇ ਗਏ ਇਕ ਕਾਨੂੰਨ ’ਚ ਸੈਨਕਾਕੁਸ ਆਈਲੈਂਡ ਦੇ ਪ੍ਰਸ਼ਾਸਨਿਕ ਦਰਜੇ ’ਚ ਬਦਲਾਅ ਕਰ ਦਿੱਤਾ ਹੈ ਜਿਸ ਨਾਲ ਚੀਨ ਭੜਕ ਉੱਠਿਆ ਅਤੇ ਇਥੋਂ ਹੀ ਵਿਵਾਦ ਸ਼ੁਰੂ ਹੋ ਗਿਆ। ਦਰਅਸਲ, ਚੀਨ ਇਸ ਆਈਲੈਂਡ ਨੂੰ ਆਪਣਾ ਹਿੱਸਾ ਦੱਸਦਾ ਹੈ। ਤਾਈਵਾਨ ਦੀ ਉੱਤਰ-ਪੂਰਬੀ ਦਿਸ਼ਾ ’ਚ ਸਥਿਤ ਇਹ ਆਈਲੈਂਡ ਫਿਲਹਾਲ 1972 ਤੋਂ ਜਾਪਾਨ ਕੋਲ ਹੈ ਪਰ ਇਸ ਦੇ ਮਾਲਕਾਣਾ ਹੱਕ ਦੀ ਲੜਾਈ ਚੀਨ ਅਤੇ ਜਾਪਾਨ ਦੇ ਇਤਿਹਾਸ ਦੇ ਹੀ ਵਾਂਗ ਸੈਂਕੜੇ ਸਾਲ ਪੁਰਾਣੀ ਹੈ। ਸੈਨਕਾਕੁਸ ਸਮੁੰਦਰ ਦੇ ਜਿਸ ਹਿੱਸੇ ’ਚ ਪੈਂਦਾ ਹੈ, ਉਸ ਨੂੰ ਈਸਟ ਚਾਈਨਾ ਸੀ ਕਿਹਾ ਜਾਂਦਾ ਹੈ।
ਕਿਉਂ ਖਾਸ ਹੈ ਸੈਨਕਾਕੁਸ ਆਈਲੈਂਡ
ਲਗਭਗ 7 ਵਰਗ ਕਿਲੋਮੀਟਰ ਦੇ ਇਸ ਆਈਲੈਂਡ ਸਮੂਹ ’ਚ ਕੁਲ 8 ਆਈਲੈਂਡਸ ਹਨ। ਹਾਲਾਂਕਿ ਇਨ੍ਹਾਂ ਟਾਪੂਆਂ ’ਤੇ ਕੋਈ ਆਬਾਦੀ ਨਹੀਂ ਹੈ ਪਰ ਪ੍ਰਸ਼ਾਂਤ ਮਹਾਸਾਗਰ ਦੇ ਰੁੱਝੀ ਸ਼ਿਪਿੰਗ ਰੂਟ ’ਤੇ ਹੋਣ ਕਾਰਣ ਰਣਨੀਤਕ ਅਤੇ ਕਾਰੋਬਾਰੀ ਨਜ਼ਰੀਏ ਨਾਲ ਇਸਦੀ ਬਹੁਤ ਅਹਿਮੀਅਤ ਹੈ। ਇਹ ਦੁਨੀਆ ਦੇ ਸਭ ਤੋਂ ਸੰਪੰਨ ਫਿਸ਼ਿੰਗ ਗਰਾਉਂਡਸ ਵਿਚੋਂ ਇਕ ਹੈ ਅਤੇ ਇਥੇ ਬਹੁਤ ਸਾਰੀਆਂ ਮੱਛੀਆਂ ਜਮ੍ਹਾ ਹੁੰਦੀਆਂ ਹਨ। ਮੰਨਿਆ ਜਾਂਦਾ ਹੈ ਕਿ ਪੂਰੇ ਈਸਟ ਚਾਈਨਾ ਸੀ ’ਚ ਕੱਚੇ ਤੇਲ ਅਤੇ ਗੈਲ ਦਾ ਜਿੰਨਾ ਭੰਡਾਰ ਹੈ, ਉਸਦਾ ਜ਼ਿਆਦਾਤਰ ਹਿੱਸਾ ਓਕੀਨਾਵਾ ਦੇ ਨੇੜੇ-ਤੇੜੇ ਦੇ ਹਿੱਸੇ ’ਚ ਹੈ। ਸੇਕਕਾਕੁਸ ਵੀ ਇਸੇ ਹਿੱਸੇ ’ਚ ਹੈ ਤਾਂ ਇਥੇ ਵੀ ਕੱਚੇ ਤੇਲ ਅਤੇ ਗੈਸ ਦਾ ਵੱਡਾ ਭੰਡਾਰ ਹੋਣ ਦਾ ਅਨੁਮਾਨ ਹੈ।
ਜਾਪਾਨ ਨੇ ਸ਼ੁਰੂ ਕੀਤੀ ਹਾਈਪਰਸੋਨਿਕ ਐਂਟੀ ਸ਼ਿੱਪ ਮਿਜ਼ਾਈਲ ਦੀ ਤਿਆਰੀ
ਚੀਨ ਦੇ ਨਾਲ ਵੱਧਦੇ ਵਿਵਾਦਾਂ ਦਰਮਿਆਨ ਜਾਪਾਨ ਨੇ ਹਾਈਪਰਸੋਨਿਕ ਐਂਟੀ ਸ਼ਿੱਪ ਮਿਜ਼ਾਇਲ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਹ ਮਿਜ਼ਾਇਲ ਸਮੁੰਦਰ ’ਚ ਚੀਨ ਦੀ ਕਿਸੇ ਵੀ ਤਰ੍ਹਾਂ ਦੀ ਹਿਮਾਕਤ ਦਾ ਮੂੰਹਤੋੜ ਜਵਾਬ ਦੇਣ ’ਚ ਸਮਰੱਥ ਹੋਵੇਗੀ। ਚੀਨ ਸ਼ਿੱਪ ’ਚ ਲੱਗੇ ਰਾਡਾਰ ਜਦੋਂ ਤੱਕ ਇਸ ਮਿਜ਼ਾਇਲ ਬਰੇ ਪਤਾ ਲਗਾਉਣਗੇ ਓਦੋਂ ਤੱਕ ਇਹ ਕਹਿਰ ਬਣਕੇ ਉਨ੍ਹਾਂ ਦੇ ਜੰਗੀ ਬੇੜਿਆਂ ਨੂੰ ਡੁਬੋ ਦੇਵੇਗੀ। ਜਾਪਾਨੀ ਮੀਡੀਆ ਰਿਪੋਰਟਸ ਮੁਤਾਬਕ ਉਪ ਰੱਖਿਆ ਮੰਤਰੀ ਨੇ ਜਾਣ-ਬੁੱਝ ਕੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤਾ, ਜਿਸ ਵਿਚ ਸਭ ਤੋਂ ਜ਼ਿਆਦਾ ਚਰਚਾ ਸਕ੍ਰੈਮਜੈੱਟ ਇੰਜਨ ਦੀ ਹੋ ਰਹੀ ਹੈ। ਸਕ੍ਰੈਮਜੈੱਟ ਇੰਜਨ ਉਹ ਤਕਨੀਕ ਹੈ ਜਿਸਦੀ ਵਰਤੋਂ ਭਵਿੱਖ ਦੀ ਇਸ ਐਂਟੀ-ਸ਼ਿੱਪ ਮਿਜ਼ਾਇਲ ਲਈ ਕੀਤਾ ਜਾਏਗਾ।
ਚੀਨ ਨੇ ਅਪਗ੍ਰੇਡ ਕੀਤਾ ਸ਼ੁਈਮੇਨ ਏਅਰਬੇਸ
ਜਾਪਾਨ ਨਾਲ ਵਧਦੇ ਤਨਾਅ ਦਰਮਿਆਨ ਚੀਨ ਨੇ ਜਾਪਾਨ ਦੇ ਨੇੜੇ ਸਥਿਤ ਫੁਜੀਯਾਨ ਤੋਂ ਸ਼ੁਈਮੇਨ ਏਅਰਬੇਸ ਨੂੰ ਅਪਗ੍ਰੇਡ ਕਰ ਕੇ ਉਥੇ 24ਜੇ-11 ਏਅਰਕ੍ਰਾਫਟ ਨੂੰ ਤਾਇਨਾਤ ਕੀਤਾ ਹੈ। ਇਨ੍ਹਾਂ ਏਅਰਕ੍ਰਾਫਟ ਦੀ ਤਾਇਨਾਤੀ ਦਾ ਮੁੱਖ ਉਦੇਸ਼ ਜਾਪਾਨ ’ਤੇ ਦਬਾਅ ਬਣਾਉਣਾ ਹੈ। ਇਸ ਏਅਰਬੇਸ ’ਤੇ ਚੀਨ ਨੇ ਰੂਸ ਤੋਂ ਲਈਆਂ ਗਈਆਂ ਐੱਸ-300 ਲਾਂਗ ਰੇਂਜ ਸਰਫੈੱਸ ਟੂ ਏਅਰ ਮਿਜ਼ਾਈਲਾਂ ਤਾਇਨਾਤ ਕਰ ਕੇ ਰੱਖੀਆਂ ਹਨ। ਪਹਿਲਾਂ ਇਹ ਐੱਚ ਕਿਊ-9 ਮਿਜ਼ਾਇਲ ਤਾਇਨਾਤ ਸੀ।
ਕੋਰੋਨਾ ਕਾਰਨ ਵੀ ਜਾਪਾਨ ਦੇ ਨਿਸ਼ਾਨੇ ’ਤੇ ਚੀਨ
ਦੁਨੀਆ ਭਰ ’ਚ ਫੈਲੇ ਕੋਰੋਨਾ ਕਾਰਣ ਵੀ ਚੀਨ ਜਾਪਾਨ ਦੇ ਨਿਸ਼ਾਨੇ ’ਤੇ ਹੈ। ਜਾਪਾਨ ਨੇ ਕੋਰੋਨਾ ਫੈਲਣ ਦਾ ਠੀਕਰਾ ਚੀਨ ਦੇ ਸਿਰਫ ਭੰਨਿਆ ਹੈ। ਜਾਪਾਨ ਨੇ ਕਿਹਾ ਹੈ ਕਿ ਚੀਨ ਆਪਣੇ ਪ੍ਰਭਾਅ ਦਾ ਵਿਸਤਾਰ ਕਰਨ ਅਤੇ ਰਣਨੀਤਕ ਸਰਬੋਤਮਤਾ ਕਾਇਮ ਕਰਨ ਲਈ ਕੋਰੋਨਾ ਵਾਇਰਸ ਮਹਾਮਾਰੀ ਦੀ ਵੀ ਵਰਤੋਂ ਕਰ ਰਿਹਾ ਹੈ। ਇਸ ਕਾਰਣ ਜਾਪਾਨ ਅਤੇ ਇਸ ਖੇਤਰ ਲਈ ਇਕ ਵੱਡਾ ਖਤਰਾ ਪੈਦਾ ਹੋ ਗਿਆ ਹੈ।