ਕਰਿਆਨੇ ਦੀ ਆੜ ’ਚ ਵੇਚਦਾ ਸੀ ਚੰਡੀਗੜ੍ਹ ਮਾਰਕਾ ਸ਼ਰਾਬ, ਗ੍ਰਿਫ਼ਤਾਰ
Monday, Oct 27, 2025 - 11:43 AM (IST)
ਜ਼ੀਰਕਪੁਰ (ਧੀਮਾਨ) : ਐਕਸਾਈਜ਼ ਵਿਭਾਗ ਨੇ ਕਾਰਵਾਈ ਕਰਦਿਆਂ ਪਿੰਡ ਸ਼ਤਾਬਗੜ੍ਹ ’ਚ ਕਰਿਆਨੇ ਦੀ ਆੜ ’ਚ ਚੰਡੀਗੜ੍ਹ ਮਾਰਕਾ ਸ਼ਰਾਬ ਵੇਚਣ ਵਾਲੇ ਮੁਲਜ਼ਮ ਦੀ ਦੁਕਾਨ ’ਤੇ ਛਾਪੇਮਾਰੀ ਕਰ ਕੇ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਅਬਰਾਰ ਕੁਰੈਸ਼ੀ ਵਾਸੀ ਭੋਜਪੁਰਾ (ਅਲੀਗੜ੍ਹ) ਹਾਲ ਨਿਵਾਸੀ ਪਿੰਡ ਸ਼ਤਾਬਗੜ੍ਹ ਵਜੋਂ ਹੋਈ ਹੈ। ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਦੁਕਾਨ ’ਤੇ ਛਾਪਾ ਮਾਰਿਆ ਤੇ ਚੰਡੀਗੜ੍ਹ ਮਾਰਕਾ ਸ਼ਰਾਬ ਦੇ 72 ਅੱਧੀਏ ਬਰਾਮਦ ਕੀਤੇ। ਜਾਂਚ ਦੌਰਾਨ ਖ਼ੁਲਾਸਾ ਹੋਇਆ ਮੁਲਜ਼ਮ ਪਹਿਲਾਂ ਵੀ ਪੁਲਸ ਦੇ ਅੜਿੱਕੇ ਆ ਚੁੱਕਾ ਹੈ। ਥਾਣਾ ਜ਼ੀਰਕਪੁਰ ’ਚ 13 ਸਤੰਬਰ ਨੂੰ ਉਸ ਖ਼ਿਲਾਫ਼ ਐਕਸਾਈਜ਼ ਐਕਟ ਅਧੀਨ ਐੱਫ਼. ਆਈ. ਆਰ. ਦਰਜ ਕੀਤੀ ਗਈ ਸੀ।
ਚੰਡੀਗੜ੍ਹ ਤੋਂ ਸਸਤੀ ਸ਼ਰਾਬ ਖ਼ਰੀਦ ਕੇ ਜ਼ੀਰਕਪੁਰ ’ਚ ਵੇਚਦਾ ਸੀ ਮਹਿੰਗੀ
ਜਾਣਕਾਰੀ ਅਨੁਸਾਰ, ਐਕਸਾਈਜ਼ ਇੰਸਪੈਕਟਰ ਗੁਰਪ੍ਰੀਤ ਸਿੰਘ ਟੀਮ ਨਾਲ ਪਟਿਆਲਾ ਰੋਡ ’ਤੇ ਸ਼ਰਾਬ ਤਸਕਰੀ ਰੋਕਣ ਲਈ ਖ਼ਾਸ ਮੁਹਿੰਮ ਚਲਾ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਪਿੰਡ ਸ਼ਤਾਬਗੜ੍ਹ ’ਚ ਝੁੱਗੀਆਂ ਨੇੜੇ ਕਰਿਆਨੇ ਦੀ ਦੁਕਾਨ ’ਤੇ ਚੰਡੀਗੜ੍ਹ ਤੋਂ ਲਿਆਉਂਦੀ ਸਸਤੀ ਸ਼ਰਾਬ ਵੇਚੀ ਜਾ ਰਹੀ ਹੈ। ਜਾਂਚ ਦੌਰਾਨ ਖੁਲਾਸਾ ਹੋਇਆ ਕਿ ਮੁਲਜ਼ਮ ਅਬਰਾਰ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਖਰੀਦ ਕੇ ਜ਼ੀਰਕਪੁਰ ’ਚ ਮਹਿੰਗੇ ਰੇਟ ’ਤੇ ਵੇਚਦਾ ਸੀ। ਉਹ ਕਾਫ਼ੀ ਸਮੇਂ ਤੋਂ ਨਾਜਾਇਜ਼ ਧੰਦੇ ’ਚ ਸ਼ਾਮਲ ਸੀ।
