ਡਰਾਈਵਿੰਗ ਟੈਸਟ ’ਚ ਵੱਡਾ ਫਰਜ਼ੀਵਾੜਾ: ਪਿਤਾ ਦੀ ਜਗ੍ਹਾ ਬੇਟਾ ਦੇ ਰਿਹਾ ਸੀ ਟੈਸਟ
Tuesday, Oct 28, 2025 - 06:21 AM (IST)
ਲੁਧਿਆਣਾ (ਰਾਮ) : ਆਰ. ਟੀ. ਏ. ਵਿਭਾਗ ਦੀ ਚੌਕਸੀ ਨੇ ਡਰਾਈਵਿੰਗ ਟੈਸਟ ’ਚ ਧੋਖਾਦੇਹੀ ਦੀ ਇਕ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਵਿਭਾਗ ਦੀ ਸ਼ਿਕਾਇਤ ’ਤੇ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਇਕ ਪਿਓ-ਪੁੱਤ ਖਿਲਾਫ ਧੋਖਾਦੇਹੀ ਅਤੇ ਪਛਾਣ ਲੁਕੋਣ ਦਾ ਕੇਸ ਦਰਜ ਕੀਤਾ ਹੈ। ਇਹ ਘਟਨਾ 9 ਅਕਤੂਬਰ ਦੀ ਸਵੇਰ ਸੈਕਟਰ-32, ਚੰਡੀਗੜ੍ਹ ਰੋਡ ਸਥਿਤ ਡ੍ਰਾਈਵਿੰਗ ਟੈਸਟ ਸੈਂਟਰ ਦੀ ਹੈ। ਆਰ. ਟੀ. ਏ. ਅਧਿਕਾਰੀ ਦੀਪਕ ਠਾਕੁਰ ਨੇ ਦੱਸਿਆ ਕਿ ਉਸ ਦਿਨ ਡਾਟਾ ਐਂਟਰੀ ਆਪ੍ਰੇਟਰ ਧਰਮਿੰਦਰ ਨੇ ਸੂਚਨਾ ਦਿੱਤੀ ਕਿ ਸ਼ੇਰਪੁਰ ਵਾਸੀ ਪਰਮਿੰਦਰ ਸਿੰਘ ਟੈਸਟ ਦੇਣ ਆਏ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਘਟਨਾ! ਵੱਡੇ ਭਰਾ ਤੋਂ ਦੁਖੀ ਨਿੱਕੇ ਨੇ ਖ਼ੁਦ 'ਤੇ ਪੈਟਰੋਲ ਪਾ ਕੇ ਲਾ ਲਾਈ ਅੱਗ
ਦਸਤਾਵੇਜ਼ਾਂ ਦੀ ਜਾਂਚ ਅਤੇ ਫੋਟੋਗ੍ਰਾਫੀ ਦੌਰਾਨ ਸਭ ਕੁਝ ਸਹੀ ਪਾਇਆ ਗਿਆ ਪਰ ਜਿਉਂ ਹੀ ਉਹ ਕਾਰ ਟੈਸਟ ਲਈ ਪੁੱਜੇ ਤਾਂ ਗਾਰਡ ਨੇ ਦਸਤਾਵੇਜ਼ਾਂ ਦੀ ਮੁੜ ਜਾਂਚ ਕੀਤੀ ਅਤੇ ਟੈਸਟ ਟ੍ਰੈਕ ’ਤੇ ਲੱਗੇ ਕੈਮਰੇ ਤੋਂ ਡਰਾਈਵਰ ਸੀਟ ’ਤੇ ਬੈਠੇ ਵਿਅਕਤੀ ਦਾ ਚਿਹਰਾ ਸਕੈਨ ਕੀਤਾ ਗਿਆ, ਜਿਸ ਵਿਚ ਪਾਇਆ ਗਿਆ ਕਿ ਟੈਸਟ ਦੇਣ ਵਾਲਾ ਵਿਅਕਤੀ ਉਹ ਨਹੀਂ ਹੈ, ਜਿਸ ਦੀ ਫੋਟੋ ਸਿਸਟਮ ਵਿਚ ਦਰਜ ਹੈ। ਧਰਮਿੰਦਰ ਨੇ ਤੁਰੰਤ ਇਸ ਦੀ ਜਾਣਕਾਰੀ ਅਧਿਕਾਰੀ ਦੀਪਕ ਠਾਕੁਰ ਨੂੰ ਦਿੱਤੀ। ਉਨ੍ਹਾਂ ਨੇ ਬਿਨਾਂ ਦੇਰ ਦੇ ਪੁਲਸ ਨੂੰ ਸੂਚਿਤ ਕੀਤਾ। ਕੁਝ ਹੀ ਸਮੇਂ ’ਚ ਡਵੀਜ਼ਨ ਨੰ. 7 ਦੀ ਪੁਲਸ ਟੀਮ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕੀਤੀ। ਪੁੱਛਗਿੱਛ ’ਚ ਖੁਲਾਸਾ ਹੋਇਆ ਕਿ ਟੈਸਟ ਦੇਣ ਵਾਲਾ ਵਿਅਕਤੀ ਪ੍ਰਿੰਸ, ਪਰਮਿੰਦਰ ਸਿੰਘ ਦਾ ਬੇਟਾ ਹੈ। ਉਸ ਨੇ ਪੁਲਸ ਸਾਹਮਣੇ ਕਬੂਲ ਕੀਤਾ ਕਿ ਉਸ ਦੇ ਪਿਤਾ ਦੀ ਸਿਹਤ ਠੀਕ ਨਹੀਂ ਸੀ, ਇਸ ਲਈ ਉਹ ਉਨ੍ਹਾਂ ਦੀ ਜਗ੍ਹਾ ਟੈਸਟ ਦੇਣ ਆਇਆ ਸੀ।
ਇਹ ਵੀ ਪੜ੍ਹੋ : ਆਸਟ੍ਰੇਲੀਆ ਜਾ ਰਹੇ 4 ਭਾਰਤੀ ਈਰਾਨ 'ਚ ਅਗਵਾ, ਟਾਰਚਰ ਵਾਲੀਆਂ ਵੀਡੀਓ ਭੇਜ ਕੇ ਮੰਗੀ ਕਰੋੜਾਂ ਦੀ ਫਿਰੌਤੀ
ਦੀਪਕ ਠਾਕੁਰ ਨੇ ਕਿਹਾ ਕਿ ਕਿਸੇ ਹੋਰ ਦੀ ਜਗ੍ਹਾ ਟੈਸਟ ਦੇਣਾ ਨਾ ਸਿਰਫ ਸਰਕਾਰੀ ਦਸਤਾਵੇਜ਼ਾਂ ’ਚ ਧੋਖਾਦੇਹੀ ਹੈ, ਸਗੋਂ ਇਹ ਕਾਨੂੰਨ ਦੀ ਉਲੰਘਣਾ ਵੀ ਹੈ। ਥਾਣਾ ਡਵੀਜ਼ਨ ਨੰ. 7 ਦੇ ਮੁਖੀ ਗਗਨਦੀਪ ਸਿੰਘ ਨੇ ਦੱਸਿਆ ਕਿ ਆਰ. ਟੀ. ਏ. ਵਿਭਾਗ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਅਤੇ ਪੁਲਸ ਅੱਗੇ ਦੀ ਜਾਂਚ ’ਚ ਜੁਟੀ ਹੋਈ ਹੈ। ਆਰ. ਟੀ. ਏ. ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਡਰਾਈਵਿੰਗ ਟੈਸਟ ਵਿਚ ਧੋਖਾਦੇਹੀ ਕਰਨ ਵਾਲਿਆਂ ’ਤੇ ਹੁਣ ਹੋਰ ਸਖ਼ਤੀ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
