ਦੀਵਾਲੀ ''ਤੇ ਪਟਾਕੇ ਚਲਾਉਂਦੇ ਮੁੰਡੇ ਦੇ ਸਿਰ ''ਚ ਗੋਲ਼ੀ ਮਾਰ ਕੇ ਕਤਲ! CCTV ਕੈਮਰੇ ਚੈੱਕ ਕਰ ਰਹੀ ਪੁਲਸ
Saturday, Oct 25, 2025 - 06:39 PM (IST)
ਲੁਧਿਆਣਾ (ਅਨਿਲ)- ਦੀਵਾਲੀ ਦੀ ਰਾਤ ਘਰ ਦੇ ਬਾਹਰ ਪਟਾਕੇ ਚਲਾਉਣ ਵਾਲੇ ਨੌਜਵਾਨ ਅਮਿਤ ਕੁਮਾਰ (27) ਦੇ ਸਿਰ ’ਚ ਗੋਲੀ ਲੱਗਣ ਕਾਰਨ ਮੌਤ ਹੋ ਜਾਣ ਦੇ ਮਾਮਲੇ ’ਚ ਪੁਲਸ ਵਲੋਂ ਕਾਰਵਾਈ ਕਰਦੇ ਹੋਏ ਅਣਪਛਾਤੇ ਮੁਲਜ਼ਮਾਂ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸ. ਵਿਜੇ ਕੁਮਾਰ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਨੂੰ ਅਮਿਤ ਕੁਮਾਰ ਆਪਣੇ ਪਰਿਵਾਰ ਦੇ ਨਾਲ ਘਰ ਦੇ ਬਾਹਰ ਪਟਾਕੇ ਚਲਾ ਰਿਹਾ ਸੀ ਅਤੇ ਇਸੇ ਦੌਰਾਨ ਉਹ ਅਚਾਨਕ ਡਿੱਗ ਪਿਆ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਦੋਂ ਡਾਕਟਰਾਂ ਦੀ ਟੀਮ ਵਲੋਂ ਮ੍ਰਿਤਕ ਅਮਿਤ ਕੁਮਾਰ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਤਾਂ ਡਾਕਟਰਾਂ ਵਲੋਂ ਉਸ ਦੀ ਮੌਤ ਦਾ ਕਾਰਨ ਸਿਰ ’ਚ ਗੋਲੀ ਲੱਗਣਾ ਦੱਸਿਆ ਗਿਆ।
ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਵਲੋਂ ਮਾਮਲੇ ’ਚ ਕਾਰਵਾਈ ਕਰਦਿਆਂ ਮ੍ਰਿਤਕ ਅਮਿਤ ਕੁਮਾਰ ਦੀ ਮਾਤਾ ਸੁਨੈਨਾ ਪਤਨੀ ਸਰਜਾ ਕੁਮਾਰ ਦੇ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਅਣਪਛਾਤੇ ਮੁਲਜ਼ਮਾਂ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਵਲੋਂ ਉਕਤ ਇਲਾਕੇ ’ਚ ਲੱਗੇ ਸਾਰੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਅਤੇ ਇਸ ਇਲਾਕੇ ’ਚ ਕਿਨ੍ਹਾਂ-ਕਿਨ੍ਹਾਂ ਲੋਕਾਂ ਕੋਲ ਹਥਿਆਰ ਹਨ, ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
