ਕੰਗਣਾ ਰਣੌਤ ਨੇ ਬੇਬੇ ਮਹਿੰਦਰ ਕੌਰ ਤੋਂ ਮੰਗੀ ਮੁਆਫ਼ੀ, ਬਠਿੰਡਾ ਅਦਾਲਤ 'ਚ ਹੋਈ ਸੀ ਪੇਸ਼ੀ

Monday, Oct 27, 2025 - 04:14 PM (IST)

ਕੰਗਣਾ ਰਣੌਤ ਨੇ ਬੇਬੇ ਮਹਿੰਦਰ ਕੌਰ ਤੋਂ ਮੰਗੀ ਮੁਆਫ਼ੀ, ਬਠਿੰਡਾ ਅਦਾਲਤ 'ਚ ਹੋਈ ਸੀ ਪੇਸ਼ੀ

ਬਠਿੰਡਾ : ਕਿਸਾਨੀ ਸੰਘਰਸ਼ ਦੌਰਾਨ ਬਜ਼ੁਰਗ ਔਰਤ ਨੂੰ ਟਿੱਪਣੀ ਕਰਨ ਦੇ ਮਾਮਲੇ 'ਚ ਅਦਾਕਾਰਾ ਕੰਗਣਾ ਰਣੌਤ ਅੱਜ ਬਠਿੰਡਾ ਅਦਾਲਤ 'ਚ ਪੇਸ਼ ਹੋਈ। ਕੰਗਣਾ ਰਣੌਤ ਨੇ ਜਨਤਕ ਤੌਰ 'ਤੇ ਬੇਬੇ ਮਹਿੰਦਰ ਕੌਰ ਤੋਂ ਮੁਆਫ਼ੀ ਮੰਗੀ ਹੈ। ਕੰਗਣਾ ਨੇ ਕਿਹਾ ਕਿ ਜੇਕਰ ਮੇਰੀ ਗੱਲ ਨਾਲ ਕਿਸੇ ਨੂੰ ਦੁੱਖ ਪਹੁੰਚਿਆ ਹੋਵੇ ਤਾਂ ਮੈਂ ਦਿਲੋਂ ਮੁਆਫ਼ੀ ਮੰਗਦੀ ਹਾਂ। ਅਦਾਲਤ 'ਚ ਪੇਸ਼ ਹੋਣ ਤੋਂ ਬਾਅਦ ਕੰਗਣਾ ਰਣੌਤ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਸਾਰੇ ਮਾਮਲੇ 'ਚ ਇੱਕ ਵੱਡੀ ਗਲਤ ਫਹਿਮੀ ਹੋਈ ਹੈ। ਉਸ ਨੇ ਕਿਹਾ ਕਿ ਮੈਂ ਮਾਤਾ (ਬਜ਼ੁਰਗ ਕਿਸਾਨ ਔਰਤ) ਨੂੰ ਸੁਨੇਹਾ ਦਿੱਤਾ ਹੈ ਕਿ ਉਹ ਗਲਤ ਫਹਿਮੀ ਦਾ ਸ਼ਿਕਾਰ ਹੋਈਆਂ ਹਨ। ਮੈਂ ਆਪਣੇ ਸੁਫ਼ਨੇ 'ਚ ਵੀ ਕਿਸੇ ਦਾ ਅਪਮਾਨ ਕਰਨ ਬਾਰੇ ਨਹੀਂ ਸੋਚ ਸਕਦੀ। ਮਾਂ ਚਾਹੇ ਹਿਮਾਚਲ ਦੀ ਹੋਵੇ ਜਾਂ ਪੰਜਾਬ ਦੀ, ਮੇਰੇ ਲਈ ਆਦਰਯੋਗ ਹੈ। ਸਭ ਮੈਨੂੰ ਪਿਆਰ ਕਰਦੇ ਹਨ। 
ਇਹ ਵੀ ਪੜ੍ਹੋ : ਪੰਜਾਬ 'ਚ 112 ਦਵਾਈਆਂ ਪੂਰੀ ਤਰ੍ਹਾਂ ਬੈਨ, ਸਿਹਤ ਵਿਭਾਗ ਦੀ ਸਖ਼ਤ ਚਿਤਾਵਨੀ, ਹੋ ਜਾਓ ਸਾਵਧਾਨ (ਵੀਡੀਓ)

ਕੰਗਣਾ ਨੇ ਦੱਸਿਆ ਕਿ ਜਿਸ ਟਵੀਟ ਨੂੰ ਲੈ ਕੇ ਵਿਵਾਦ ਹੋਇਆ, ਉਹ ਉਸਦਾ ਅਸਲੀ ਟਵੀਟ ਨਹੀਂ ਸੀ, ਸਗੋਂ ਕਿਸੇ ਵਕੀਲ ਦੀ ਪੋਸਟ ਨੂੰ ਰੀਟਵੀਟ ਕੀਤਾ ਗਿਆ ਸੀ। ਉਸ ਨੇ ਕਿਹਾ ਕਿ ਉਸ ਸਮੇਂ ਦੇਸ਼ 'ਚ ਕਈ ਅੰਦੋਲਨ ਚੱਲ ਰਹੇ ਸਨ ਅਤੇ ਉਸ ਨੇ ਸਿਰਫ਼ ਇੱਕ ਆਮ ਟਵੀਟ ਕੀਤਾ ਸੀ। ਕੰਗਣਾ ਨੇ ਕਿਹਾ ਕਿ ਜੇ ਕੇਸ ਨੂੰ ਦੇਖਿਆ ਜਾਵੇ ਤਾਂ ਇਸਦਾ ਮੇਰੇ ਨਾਲ ਸਿੱਧਾ ਕੋਈ ਲੈਣਾ-ਦੇਣਾ ਨਹੀਂ ਸੀ। ਜੋ ਗਲਤ ਫਹਿਮੀ ਹੋਈ, ਉਸ ਲਈ ਮੈਨੂੰ ਅਫ਼ਸੋਸ ਹੈ। ਮੇਰਾ ਕਿਸੇ ਦਾ ਦਿਲ ਦੁਖਾਉਣ ਦਾ ਇਰਾਦਾ ਨਹੀਂ ਸੀ। ਦੱਸਣਯੋਗ ਹੈ ਕਿ ਕੰਗਣਾ ਰਣੌਤ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਟਵੀਟ ਕੀਤਾ ਸੀ ਕਿ ਔਰਤਾਂ 100 ਰੁਪਏ ਲੈ ਕੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਹੁੰਦੀਆਂ ਹਨ। ਕੰਗਣਾ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਬਾਰੇ ਇਕ ਪੋਸਟ 'ਤੇ ਟਿੱਪਣੀ ਵੀ ਕੀਤੀ, ਇਸ 'ਚ ਇਕ ਬਜ਼ੁਰਗ ਔਰਤ ਦੀ ਫੋਟੋ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਪੈਨਸ਼ਨ ਧਾਰਕਾਂ ਲਈ ਖ਼ੁਸ਼ਖ਼ਬਰੀ, ਮਾਨ ਸਰਕਾਰ ਨੇ ਚੁੱਕਿਆ ਵੱਡਾ ਕਦਮ
ਪੁਲਸ ਵਲੋਂ ਕੀਤੇ ਗਏ ਸੁਰੱਖਿਆ ਦੇ ਸਖ਼ਤ ਪ੍ਰਬੰਧ
ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਵਿਭਾਗ ਨੇ ਕੰਗਣਾ ਰਣੌਤ ਦੀ ਪੇਸ਼ੀ ਦੌਰਾਨ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ। ਅਦਾਲਤ ਦੇ ਅਹਾਤੇ ਦੇ ਸਾਰੇ ਪ੍ਰਵੇਸ਼ ਦੁਆਰ 'ਤੇ ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ ਅਤੇ ਆਉਣ ਵਾਲਿਆਂ ਦੀ ਸਖ਼ਤ ਜਾਂਚ ਕੀਤੀ ਜਾ ਰਹੀ ਸੀ। ਪੁਲਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ ਅਤੇ ਪੁਲਸ ਕਿਸੇ ਵੀ ਗੜਬੜ ਜਾਂ ਵਿਰੋਧ ਪ੍ਰਦਰਸ਼ਨ ਨਾਲ ਨਜਿੱਠਣ ਲਈ ਅਲਰਟ 'ਤੇ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News