ਸ਼ਹੀਦੀ ਜਾਗ੍ਰਿਤੀ ਯਾਤਰਾ ਪਟਨਾ ਤੋਂ ਚੱਲ ਕੇ ਅੰਮ੍ਰਿਤਸਰ ਪਹੁੰਚੀ, 27 ਨੂੰ ਸ੍ਰੀ ਆਨੰਦਪੁਰ ਸਾਹਿਬ ''ਚ ਹੋਵੇਗੀ ਸਮਾਪਤੀ

Sunday, Oct 26, 2025 - 11:59 PM (IST)

ਸ਼ਹੀਦੀ ਜਾਗ੍ਰਿਤੀ ਯਾਤਰਾ ਪਟਨਾ ਤੋਂ ਚੱਲ ਕੇ ਅੰਮ੍ਰਿਤਸਰ ਪਹੁੰਚੀ, 27 ਨੂੰ ਸ੍ਰੀ ਆਨੰਦਪੁਰ ਸਾਹਿਬ ''ਚ ਹੋਵੇਗੀ ਸਮਾਪਤੀ

ਅੰਮ੍ਰਿਤਸਰ (ਸਰਬਜੀਤ) : ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਤੌਰ 'ਤੇ ਤਖ਼ਤ ਪਟਨਾ ਸਾਹਿਬ ਤੋਂ ਨਿਕਲੀ ਜਾਗ੍ਰਿਤੀ ਯਾਤਰਾ ਅੱਜ ਅੰਮ੍ਰਿਤਸਰ ਪਹੁੰਚੀ। ਤਖ਼ਤ ਪਟਨਾ ਸਾਹਿਬ ਦੇ ਸੀਨੀਅਰ ਉਪ ਪ੍ਰਧਾਨ ਲਖਵਿੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਅੰਮ੍ਰਿਤਸਰ ਪਹੁੰਚੇ ਅਤੇ ਯਾਤਰਾ ਦਾ ਸਵਾਗਤ ਕੀਤਾ। ਤਖ਼ਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ 17 ਸਤੰਬਰ ਨੂੰ ਯਾਤਰਾ ਤਖ਼ਤ ਪਟਨਾ ਸਾਹਿਬ ਤੋਂ ਸ਼ੁਰੂ ਹੋਈ ਸੀ ਅਤੇ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਤੈਅ ਕਰਦਿਆਂ ਅੰਮ੍ਰਿਤਸਰ ਪਹੁੰਚੀ ਹੈ। ਉਨ੍ਹਾਂ ਦੱਸਿਆ ਕਿ ਸੈਂਕੜਿਆਂ ਮੀਲਾਂ ਦੇ ਇਸ ਸਫ਼ਰ ਦੌਰਾਨ ਸੰਗਤ ਨੇ ਬੜੇ ਉਤਸ਼ਾਹ ਨਾਲ ਯਾਤਰਾ ਦਾ ਸਵਾਗਤ ਕੀਤਾ।

ਇਹ ਵੀ ਪੜ੍ਹੋ : ਪੰਜਾਬ 'ਚ ਸਸਪੈਂਡ SHO ਭੂਸ਼ਣ ਦਾ ਪਰਿਵਾਰ ਆਇਆ ਸਾਹਮਣੇ, ਕਰ ਦਿੱਤੇ ਵੱਡੇ ਖ਼ੁਲਾਸੇ

ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਯਾਤਰਾ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਹੋਈ ਸੀ ਜੋ ਗੋਵਿੰਦਵਾਲ ਸਾਹਿਬ, ਖਡੂਰ ਸਾਹਿਬ, ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸਾਹਿਬ ਰਾਹੀਂ ਮਾਤਾ ਕੋਲਾਂ ਜੀ ਗੁਰਦੁਆਰਾ ਸਾਹਿਬ ਪਹੁੰਚੀ, ਜਿੱਥੇ ਰਾਤ ਦਾ ਵਿਸ਼ਰਾਮ ਹੋਇਆ ਉਪਰੰਤ ਇਹ ਯਾਤਰਾ ਫਗਵਾੜਾ ਲਈ ਰਵਾਨਾ ਹੋਈ। ਅੰਮ੍ਰਿਤਸਰ ਦੀ ਸੰਗਤ ਨੇ ਵੀ ਜਾਗ੍ਰਿਤੀ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ। ਦੱਸਣਯੋਗ ਹੈ ਕਿ 27 ਅਕਤੂਬਰ ਨੂੰ ਸ੍ਰੀ ਆਨੰਦਪੁਰ ਸਾਹਿਬ 'ਚ ਪੁੱਜਣ 'ਤੇ ਯਾਤਰਾ ਦੀ ਸਮਾਪਤੀ ਹੋਵੇਗੀ। ਜਗਜੋਤ ਸਿੰਘ ਸੋਹੀ ਨੇ ਯਾਤਰਾ ਦਾ ਪ੍ਰਬੰਧ ਦੇਖ ਰਹੇ ਸੁਪਰਡੈਂਟ ਦਲਜੀਤ ਸਿੰਘ, ਪਾਪਿੰਦਰ ਸਿੰਘ, ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਦਲੀਪ ਸਿੰਘ, ਕਥਾਵਾਚਕ ਚਰਨਜੀਤ ਸਿੰਘ ਸਮੇਤ ਪੂਰੇ ਸਟਾਫ ਦਾ ਧੰਨਵਾਦ ਕੀਤਾ, ਜੋ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਯਾਤਰਾ ਨਾਲ ਜੁੜੇ ਹੋਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸੰਗਤ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News