ਆਰ. ਟੀ. ਓ. ਨੇ ਲੈ ਲਿਆ ਐਕਸ਼ਨ, ਇਹ ਨੰਬਰ ਪਲੇਟਾਂ ਤੇ ਆਰ. ਸੀ. ਵਾਲੇ 'ਤੇ ਕਾਰਵਾਈ ਦੇ ਹੁਕਮ
Monday, Oct 27, 2025 - 11:13 AM (IST)
ਮਾਨਸਾ (ਜੱਸਲ) : ਵਾਹਨਾਂ ਦੀ ਆਰ. ਸੀ. ਅਤੇ ਨੰਬਰ ਪਲੇਟਾਂ ਬਣਾ ਕੇ ਦੇਸ਼ ਭਰ ’ਚ ਸਪਲਾਈ ਕਰਨ ਨੂੰ ਲੈ ਕੇ ਜ਼ਿਲ੍ਹਾ ਟਰਾਂਸਪੋਰਟ ਅਫਸਰ ਮਾਨਸਾ ਦੀ ਸ਼ਿਕਾਇਤ ’ਤੇ ਥਾਣਾ ਝੁਨੀਰ ਦੀ ਪੁਲਸ ਨੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਹਾਲੇ ਉਸਦੀ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲਸ ਨੇ ਵੀ ਇਸ ਵਿਅਕਤੀ ਨੂੰ ਸੂਚਨਾ ਨੋਟਿਸ ਜਾਰੀ ਕੀਤਾ ਹੈ। ਝੁਨੀਰ ਵਾਸੀ ਇਹ ਵਿਅਕਤੀ ਸੋਸ਼ਲ ਮੀਡੀਆ ’ਤੇ ਵੀਡੀਓ ਪਾਕੇ ਦੇਸ਼ ਭਰ ਵਿਚ ਵਾਹਨਾਂ ਦੀਆਂ ਆਰ. ਸੀ. ਅਤੇ ਨੰਬਰ ਪਲੇਟ ਬਣਵਾ ਕੇ ਦੇਣ ਦਾ ਪ੍ਰਚਾਰ ਕਰਦਾ ਸੀ। ਟਰਾਂਸਪੋਰਟ ਮਹਿਕਮੇ ਅਨੁਸਾਰ ਉਹ ਅਜਿਹਾ ਨਹੀਂ ਕਰ ਸਕਦਾ ਅਤੇ ਇਹ ਗੈਰ-ਕਾਨੂੰਨੀ ਹੈ। ਜ਼ਿਲ੍ਹਾ ਟਰਾਂਸਪੋਰਟ ਅਫਸਰ ਮਾਨਸਾ ਗਗਨਦੀਪ ਸਿੰਘ ਨੇ ਥਾਣਾ ਝੁਨੀਰ ਦੀ ਪੁਲਸ ਨੂੰ ਸ਼ੋਸਲ ਮੀਡੀਆ ’ਤੇ ਇਕ ਵਰਮਾ ਨਾਮੀ ਵਿਅਕਤੀ ਵੱਲੋਂ ਨੰਬਰ ਪਲੇਟਾਂ ਅਤੇ ਆਰ. ਸੀ. ਬਣਾਉਣ ਦੀਆਂ ਪੋਸਟਾਂ ਦੇਖਣ ਤੋਂ ਬਾਅਦ ਉਸਦੇ ਖ਼ਿਲਾਫ ਕਾਰਵਾਈ ਹਿੱਤ ਲਈ ਪੱਤਰ ਭੇਜਿਆ।
ਇਹ ਵੀ ਪੜ੍ਹੋ : ਖੁਸ਼ੀਆਂ ਨੇ ਧਾਰਿਆ ਮਾਤਮ ਦਾ ਰੂਪ, ਵਿਆਹ ਤੋਂ ਕੁਝ ਘੰਟੇ ਪਹਿਲਾਂ ਲਾੜੀ ਦੀ ਮੌਤ
ਉਨ੍ਹਾਂ ਕਿਹਾ ਕਿ ਇਹ ਸਭ ਗੈਰ-ਕਾਨੂੰਨੀ ਹੈ, ਜਿਸ ਦਾ ਨੋਟਿਸ ਲੈਣਾ ਚਾਹੀਦਾ ਹੈ। ਥਾਣਾ ਝੁਨੀਰ ਦੀ ਪੁਲਸ ਨੇ ਟਰਾਂਸਪੋਰਟ ਅਫਸਰ ਦੀ ਸ਼ਿਕਾਇਤ ’ਤੇ ਵਰਮਾ ਝੁਨੀਰ ਨਾਮੀ ਵਿਅਕਤੀ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਮਹਿਕਮੇ ਅਨੁਸਾਰ ਇਹ ਵਿਅਕਤੀ ਜਾਅਲੀ ਵਾਹਨ, ਹਾਈ ਸਕਿਓਰਿਟੀ ਨੰਬਰ ਪਲੇਟਾਂ ਅਤੇ ਵਾਹਨ ਆਰ. ਸੀ. ਜਾਰੀ ਕਰਨ ਸਬੰਧੀ ਸ਼ੋਸਲ ਮੀਡੀਆ ’ਤੇ ਪੋਸਟਾਂ ਪਾਉਂਦਾ ਸੀ, ਜੋ ਕਿ ਵਾਹਨ ਐਕਟ ਨਿਯਮਾਂ ਦੇ ਉਲਟ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਲਿਆ ਗਿਆ ਇਹ ਵੱਡਾ ਫ਼ੈਸਲਾ
ਜ਼ਿਲ੍ਹਾ ਟਰਾਂਸਪੋਰਟ ਅਫਸਰ ਗਗਨਦੀਪ ਸਿੰਘ ਨੇ ਦੱਸਿਆ ਕਿ ਇਸ ਵਿਅਕਤੀ ਵੱਲੋਂ ਵਹੀਕਲ ਐਕਟ ਦੇ ਵਿਰੁੱਧ ਸੋਸ਼ਲ ਮੀਡੀਆ ’ਤੇ ਪੋਸਟਾਂ ਪਾ ਕੇ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਉਹ ਦੇਸ਼ ਭਰ ਵਿਚ ਵਾਹਨਾਂ ਦੀਆਂ ਆਰ. ਸੀ. ਅਤੇ ਨੰਬਰ ਪਲੇਟਾਂ ਬਣਾ ਕੇ ਦਿੰਦਾ ਹੈ, ਜਿਸ ਸਬੰਧੀ ਉਨ੍ਹਾਂ ਪੁਲਸ ਨੂੰ ਪੱਤਰ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਹੈ। ਥਾਣਾ ਝੁਨੀਰ ਦੇ ਸਹਾਇਕ ਥਾਣੇਦਾਰ ਮੇਵਾ ਸਿੰਘ ਨੇ ਦੱਸਿਆ ਕਿ ਆਰ. ਟੀ. ਓ. ਦਫਤਰ ਦੀ ਸ਼ਿਕਾਇਤ ’ਤੇ ਵਰਮਾ ਝੁਨੀਰ ਨਾਮੀ ਵਿਅਕਤੀ ਖ਼ਿਲਾਫ ਮਾਮਲਾ ਦਰਜ ਕੀਤਾ ਹੈ, ਜਿਸ ਦੀ ਅਜੇ ਗ੍ਰਿਫਤਾਰੀ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਸ ਨੂੰ ਸੂਚਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਹਾਦਸਾ, ਵਿਦਿਆਰਥੀਆਂ ਨਾਲ ਭਰੀ ਬੱਸ ਆਈ ਹਾਈਟੈਂਸ਼ਨ ਤਾਰਾਂ 'ਚ ਫਸੀ
