ਫਰਿਜ਼ਨੋ ਵਿਖੇ ਸਿੱਖ ਡਰਾਈਵਰ 'ਤੇ ਠੱਗੀ ਕਰਨ ਦੇ ਲੱਗੇ ਇਲਜ਼ਾਮ ਦੀ ਅਸਲ ਸੱਚਾਈ ਆਈ ਸਾਹਮਣੇ
Tuesday, Jul 12, 2022 - 11:11 AM (IST)
ਫਰਿਜ਼ਨੋ/ਕੈਲੇਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਬੀਤੇ ਦਿਨੀਂ ਫਰਿਜ਼ਨੋ ਦੇ ਕੁੱਝ ਟੀ. ਵੀ. ਚੈਨਲਾਂ, ਰੇਡੀਓ ਸਟੇਸ਼ਨਾਂ ਅਤੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸਰਗਰਮ ਕੁਝ ਸੱਜਣਾਂ ਨੇ ਠੱਗੀ ਨਾਲ ਸਬੰਧਤ ਇੱਕ ਖ਼ਬਰ ਨੂੰ ਬੜੇ ਜੋਸ਼ੋ ਖਰੋਸ਼ ਨਾਲ ਸਮੁੱਚੇ ਭਾਈਚਾਰੇ ਵਿੱਚ ਲਿਆਂਦਾ ਸੀ। ਇਸ ਖ਼ਬਰ ਵਿੱਚ ਇਹ ਵਿਖਾਇਆ ਗਿਆ ਕਿ ਕਿਵੇਂ ਦਸਤਾਰਧਾਰੀ ਸਿੱਖ ਵਿਅਕਤੀ ਨੇ ਬਜ਼ੁਰਗ ਗੋਰੀ ਮਾਤਾ ਨਾਲ 9000 ਡਾਲਰ ਦੀ ਠੱਗੀ ਮਾਰੀ ਹੈ। ਜਿਸ ਇਨਸਾਨ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਸੀ, ਜਦੋਂ ਇਹ ਵੀਡੀਓ ਉਸ ਸਿੱਖ ਵਿਅਕਤੀ ਤੱਕ ਪਹੁੰਚੀ ਤਾਂ ਉਸ ਦੇ ਮਨ ਨੂੰ ਬਹੁਤ ਠੇਸ ਪਹੁੰਚੀ। ਇਸ ਉਪਰੰਤ ਉਸ ਨੇ ਮੀਡੀਆ ਨਾਲ ਸੰਪਰਕ ਕਰਕੇ ਆਪਣੇ ਪੱਖ ਦੀ ਸਾਰੀ ਗੱਲ ਸਪੱਸ਼ਟ ਕਰਦੇ ਹੋਏ ਆਪਣੇ 'ਤੇ ਲੱਗੇ ਝੂਠੇ ਇਲਜ਼ਾਮਾਂ ਨੂੰ ਨਕਾਰਿਆ। ਇਸ ਸਬੰਦੀ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਇਸ ਵਿਆਕਤੀ, ਜਿਸ ਦਾ ਨਾਮ ਰਾਜ ਕਿਸ਼ਨਪੁਰਾ ਹੈ, ਨੇ ਦੱਸਿਆ ਕਿ ਉਹ ਫਰਿਜ਼ਨੋ ਵਿਖੇ ਪਿਛਲੇ 5 ਸਾਲਾਂ ਤੋਂ ਰਹਿ ਰਿਹਾ ਹੈ ਅਤੇ ਉਹ ਇੱਕ ਟੈਕਸੀ ਡਰਾਈਵਰ ਹੈ।
ਇਹ ਵੀ ਪੜ੍ਹੋ: ਖਲੀ ਦਾ ਟੋਲ ਪਲਾਜ਼ਾ ਵਾਲਿਆਂ ਨਾਲ ਪਿਆ ਪੇਚਾ, ਜੰਮ ਕੇ ਹੋਈ ਤੂੰ-ਤੂੰ, ਮੈਂ-ਮੈਂ, ਵੀਡੀਓ ਵਾਇਰਲ
ਉਸ ਨੇ ਸਾਰੀ ਦਾਸਤਾਂ ਦੱਸਦੇ ਹੋਏ ਕਿਹਾ ਕਿ ਉਸ ਨੂੰ ਇਕ ਕਾਲ ਆਉਂਦੀ ਹੈ ਅਤੇ ਦੱਸਿਆ ਜਾਂਦਾ ਹੈ ਕਿ ਮੇਰੀ ਮਾਤਾ ਨੂੰ ਏ.ਟੀ.ਐੱਮ. ਮਸ਼ੀਨ ਤੱਕ ਰਾਈਡ ਚਾਹੀਦੀ ਹੈ। ਡਰਾਈਵਰ ਰਾਜ ਕਿਸ਼ਨਪੁਰਾ ਮਾਤਾ ਨੂੰ ਰਾਈਡ ਦਿੰਦਾ ਹੈ ਅਤੇ ਉਸ ਦੀ ਹਰਪੱਖ ਤੋਂ ਮਦਦ ਕਰਦਾ ਹੈ। ਅਖੀਰ ਮਾਤਾ ਉਸ ਨੂੰ 85 ਡਾਲਰ ਕਿਰਾਇਆ ਅਤੇ 15 ਡਾਲਰ ਟਿੱਪ ਕੁੱਲ 100 ਡਾਲਰ ਦੇਕੇ ਘਰ ਨੂੰ ਤੋਰਦੀ ਹੈ। ਅਸਲੀਅਤ ਵਿੱਚ ਉਹ ਬਜ਼ੁਰਗ ਮਾਤਾ ਕਿਸੇ ਹੈਕਰ (ਠੱਗ) ਦੇ ਕਹੇ ਅਨੁਸਾਰ ਡਰਦੀ ਹੋਈ ਇਹ ਸਭ ਕਰ ਰਹੀ ਹੁੰਦੀ ਹੈ, ਜਿਸ ਦਾ ਬਾਅਦ ਵਿੱਚ ਪਤਾ ਲੱਗਾ ਕਿ ਕੋਈ ਹੈਕਰ ਮਾਤਾ ਨਾਲ ਫਰੌਡ ਕਰ ਗਿਆ। ਪਰ ਲੋਕਲ ਮੀਡੀਆ ਨੇ ਬਿਨਾਂ ਸਚਾਈ ਜਾਣੇ, ਉਥੇ ਲੱਗੇ ਸਕਿਊਰਟੀ ਕੈਮਰਿਆਂ ਦੀ ਵੀਡੀਓ ਦੇ ਅਧਾਰ ‘ਤੇ ਰਾਜ ਕਿਸ਼ਨਪੁਰਾ ਦੀ ਫੋਟੋ ਨੂੰ ਹੈਕਰ ਸਮਝ ਕੇ ਸ਼ੋਸ਼ਲ ਮੀਡੀਆ 'ਤੇ ਵੱਡੇ ਪੱਧਰ ‘ਤੇ ਵਾਇਰਲ ਕੀਤਾ।
ਜਦੋਂ ਰਾਜ ਕਿਸ਼ਨਪੁਰਾ ਨੂੰ ਇਸ ਵਾਇਰਲ ਵੀਡੀਓ ਬਾਰੇ ਪਤਾ ਲੱਗਿਆ ਤਾਂ ਉਹ ਖੁਦ ਫਰਿਜ਼ਨੋ ਪੁਲਸ ਸਟੇਸ਼ਨ ਗਿਆ, ਜਿੱਥੇ ਜਾ ਕੇ ਸਬੰਧਤ ਪੁਲਸ ਅਫਸਰ ਨਾਲ ਗੱਲਬਾਤ ਕਰਕੇ, ਉਹਨਾਂ ਇਸ ਕੇਸ ਵਿਚੋਂ ਆਪਣਾ ਨਾਮ ਕਲੀਅਰ ਕਰਵਾਉਂਦੇ ਹੋਏ ਆਪਣੀ ਸਾਰੀ ਅਸਲ ਕਹਾਣੀ ਦੱਸੀ। ਇਸ ਸਬੰਧੀ ਗੱਲਬਾਤ ਕਰਦੇ ਹੋਏ ਰਾਜ ਕਿਸ਼ਨਪੁਰਾ ਨੇ ਮੀਡੀਆ ਵਾਲੇ ਸੱਜਣਾਂ ਨੂੰ ਅਪੀਲ ਕੀਤੀ ਕਿ ਬਿਨਾਂ ਸਚਾਈ ਜਾਣੇ ਕਿਸੇ ਦੀ ਇਸ ਤਰੀਕੇ ਖਿੱਲੀ ਨਹੀਂ ਉਡਾਉਣੀ ਚਾਹੀਦੀ। ਅਜਿਹਾ ਕਰਦੇ ਹੋਏ ਜਿੱਥੇ ਕਿਸੇ ਨੂੰ ਝੂਠੇ ਦੋਸ਼ ਵਿਚ ਫਸਾਇਆ ਜਾਂਦਾ ਹੈ, ਉੱਥੇ ਹੀ ਸਮੁੱਚੇ ਭਾਈਚਾਰੇ ਦਾ ਸਿਰ ਵੀ ਨੀਵਾਂ ਹੁੰਦਾ ਹੈ। ਰਾਜ ਕਿਸ਼ਨਪੁਰਾ ਦੀ ਪੁਲਸ ਅੱਗੇ ਸੱਚੀ ਗੱਲ ਕਰਨ ਕਰਕੇ ਜਿੱਥੇ ਸਮੁੱਚੇ ਪੰਜਾਬੀ ਭਾਈਚਾਰੇ ਦਾ ਨਾਂ ਸ਼ਰਮਸਾਰ ਹੋਣ ਤੋਂ ਬਚ ਗਿਆ, ਉੱਥੇ ਹੀ ਅਖੌਤੀ ਪੱਤਰਕਾਰੀ ਲਈ ਵੀ ਸਬਕ ਹੈ ਕਿ ਸੁਣੀਆਂ-ਸੁਣਾਈਆਂ ਗੱਲਾਂ ਨੂੰ ਮੀਡੀਆ ਵਿੱਚ ਲਿਆਉਣ ਤੋਂ ਪਹਿਲਾ ਘੋਖ ਪੜਤਾਲ ਜ਼ਰੂਰ ਕਰ ਲਿਆ ਕਰਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।