ਬ੍ਰਿਟੇਨ ਨੇ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਦੇਣ ਦਾ ਟੀਚਾ ਕੀਤਾ ਪੂਰਾ

04/13/2021 5:14:16 PM

ਲੰਡਨ (ਭਾਸ਼ਾ) : ਬ੍ਰਿਟੇਨ ਵਿਚ ਰਾਸ਼ਟਰੀ ਸਿਹਤ ਸੇਵਾ (ਐਨ.ਐਚ.ਐਸ.) ਨੇ ਮੰਗਲਵਾਰ ਨੂੰ 45 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਲਈ ਕੋਵਿਡ-19 ਟੀਕਾਕਰਨ ਪ੍ਰੋਗਰਾਮ ਵਿਚ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ ਐਨ.ਐਚ.ਐਸ. ਨੇ ਘੋਸ਼ਣਾ ਕੀਤੀ ਕਿ 50 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਦਾ ਟੀਕਾਕਰਨ ਕਰਨ ਦਾ ਟੀਚਾ 15 ਅਪ੍ਰੈਲ ਦੀ ਆਖ਼ਰੀ ਤਾਰੀਖ਼ ਤੋਂ ਪਹਿਲਾਂ ਹੀ ਪੂਰਾ ਕਰ ਲਿਆ ਗਿਆ ਹੈ। 

ਬ੍ਰਿਟੇਨ ਦੀ ਸਰਕਾਰ ਨੇ ਇਸ ਵੀਰਵਾਰ ਤੱਕ 50 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ, ਜੋਖ਼ਮ ਵਾਲੇ ਅਤੇ ਸਿਹਤ ਅਤੇ ਸਮਾਜ ਸੇਵੀਆਂ ਨੂੰ ਕੋਵਿਡ-19 ਟੀਕਾ ਦੇਣ ਦਾ ਟੀਚਾ ਨਿਰਧਾਰਤ ਕੀਤਾ ਸੀ। ਐਨ.ਐਚ.ਐਸ. ਨੇ ਇਸ ਦੀ ਪੁਸ਼ਟੀ ਕੀਤੀ ਕਿ ਹੁਣ ਤੱਕ ਪੂਰੇ ਬ੍ਰਿਟੇਨ ਵਿਚ ਲੱਗਭਗ 4 ਕਰੋੜ ਟੀਕੇ ਦੀਆਂ ਖ਼ੁਰਾਕਾਂ ਦਿੱਤੀਆਂ ਗਈਆਂ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ‘ਇਕ ਹੋਰ ਬੇਹੱਦ ਮਹੱਤਵਪੂਰਨ ਮੀਲ ਦੇ ਪੱਥਰ’ ਦਾ ਸਵਾਗਤ ਕੀਤਾ।

ਉਨ੍ਹਾਂ ਕਿਹਾ ਕਿ ਹੁਣ ਮੁੱਖ ਜ਼ੋਰ ਦੂਜੀ ਖ਼ੁਰਾਕ ਦੇਣ ਦੇ ਨਾਲ-ਨਾਲ ਜੁਲਾਈ ਦੇ ਅੰਤ ਤੱਕ ਸਾਰੇ ਬਾਲਗਾਂ ਨੂੰ ਟੀਕਾ ਦੇਣ ਦਾ ਟੀਚਾ ਪੂਰਾ ਕਰਨ ਦਾ ਹੋਵੇਗਾ। ਉਨ੍ਹਾਂ ਕਿਹਾ, ‘3.2 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਕੋਵਿਡ-19 ਦਾ ਟੀਕਾ ਲਗਾਇਆ ਗਿਆ ਹੈ। ਮੈਂ ਟੀਕਾਕਰਨ ਪ੍ਰੋਗਰਾਮ ਵਿਚ ਸ਼ਾਮਲ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਪਹਿਲਾਂ ਹੀ ਕਈ ਹਜ਼ਾਰ ਲੋਕਾਂ ਦੀ ਜਾਨ ਬਚਾਈ।’ ਇਹ ਘੋਸ਼ਣਾ ਅਜਿਹੇ ਸਮੇਂ ਵਿਚ ਹੋਈ ਹੈ, ਜਦੋਂ ਬ੍ਰਿਟੇਨ ਨੇ ਆਪਣੀ ਮਾਡਰਨਾ ਟੀਕੇ ਦੀ ਪਹਿਲੀ ਖ਼ੁਰਾਕ ਦੇਣੀ ਸੁਰੂ ਕੀਤੀ ਹੈ। ਇਹ ਬ੍ਰਿਟੇਨ ਵਿਚ ਸ਼ੁਰੂ ਕੀਤਾ ਜਾਣ ਵਾਲਾ ਤੀਜਾ ਟੀਕਾ ਹੈ। ਇਹ ਫਾਈਜ਼ਰ, ਆਕਸਫੋਰਡ ਐਸਟ੍ਰਾਜੇਨੇਕਾ ਟੀਕਿਆਂ ਨਾਲ ਪੂਰੇ ਬ੍ਰਿਟੇਨ ਵਿਚ 21 ਸਥਾਨਾਂ ’ਤੇ ਉਪਲਬੱਧ ਹੋਵੇਗਾ।


cherry

Content Editor

Related News