ਛੋਟੇ ਬੱਚਿਆਂ ਨੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿਹਾੜੇ 'ਤੇ ਕੀਤਾ ਕੀਰਤਨ

Sunday, Nov 17, 2019 - 11:45 AM (IST)

ਛੋਟੇ ਬੱਚਿਆਂ ਨੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿਹਾੜੇ 'ਤੇ ਕੀਤਾ ਕੀਰਤਨ

ਰੋਮ (ਕੈਂਥ): ਬੈਲਜ਼ੀਅਮ ਦੇ ਜੰਮਪਲ ਛੋਟੇ-ਛੋਟੇ ਬੱਚਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵੱਖ-ਵੱਖ ਗੁਰੂਘਰਾਂ ਵਿੱਚ ਕੀਰਤਨ ਕੀਤਾ।4 ਗੁਰਦਵਾਰਾ ਸਾਹਿਬਾਨਾਂ ਤੋਂ ਬਾਅਦ ਬਰੱਸਲਜ਼ ਵਿਖੇ ਸਥਾਨਕ ਸੰਗਤਾਂ ਵੱਲੋਂ ਕਿਰਾਏ ਦੇ ਇੱਕ ਹਾਲ ਵਿੱਚ ਪਿਛਲੇ ਸਾਲ ਭਰ ਤੋਂ ਮਨਾਏ ਜਾ ਰਹੇ ਹਫਤਾਵਾਰੀ ਦੀਵਾਨ ਵਿੱਚ ਬੱਚਿਆਂ ਵੱਲੋਂ 3 ਘੰਟੇ ਗੁਰਬਾਣੀ ਕੀਰਤਨ ਕੀਤਾ ਗਿਆ। ਖਚਾਖਚ ਭਰੇ ਹਾਲ ਵਿੱਚ ਬੈਠੀਆਂ ਸੰਗਤਾਂ ਨੇ ਮੰਤਰ ਮੁਗਧ ਹੋ ਬੱਚਿਆਂ ਦੁਆਰਾ ਕੀਤਾ ਸ਼ਬਦ ਕੀਰਤਨ ਸਰਵਣ ਕੀਤਾ। ਸਿੱਖ ਬੱਚੀ ਅਨਮੋਲ ਕੌਰ ਨੇ ਤੰਤੀ ਸਾਜਾਂ ਨਾਲ ਸ਼ਬਦ ਗਾਏ ਅਤੇ ਤੰਤੀ ਸਾਜਾਂ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ।

ਇੱਹ ਬੱਚੇ ਸਿੱਖ ਐਜੂਕੇਸ਼ਨ ਬੈਲਜ਼ੀਅਮ ਐਂਟਵਰਪਨ ਅਤੇ ਮਾਤਾ ਸਾਹਿਬ ਕੌਰ ਅਕੈਡਮੀ ਗੈਂਟ ਦੀ ਅਗਵਾਹੀ ਹੇਠ ਗੁਰਬਾਣੀ ਗਾਇਨ ਦੀ ਸਿੱਖਿਆ ਹਾਸਲ ਕਰਦੇ ਹਨ। ਕੀਰਤਨ ਉਪਰੰਤ ਪ੍ਰਬੰਧਕਾਂ ਵੱਲੋਂ ਗ੍ਰੰਥੀ ਭਾਈ ਕੇਵਲ ਸਿੰਘ ਹੋਰਾਂ ਨੇ ਦੋਨਾਂ ਗਰੁੱਪਾਂ ਦੇ ਸੰਚਾਲਕਾਂ ਸ ਗੁਲਸ਼ਰਨ ਸਿੰਘ ਅਤੇ ਬੀਬੀ ਹਰਪ੍ਰੀਤ ਕੌਰ ਨੂੰ ਸਿਰੋਪਾਓ ਦੀ ਬਖਸਿਸ਼ ਕੀਤੀ।ਬੈਲਜ਼ੀਅਮ ਭਰ ਦੀਆਂ ਸੰਗਤਾਂ ਇਹਨਾਂ ਬੱਚਿਆਂ ਦੀ ਭਾਰੀ ਸ਼ਲਾਘਾ ਕਰ ਰਹੀਆਂ ਹਨ ਤੇ ਇਹਨਾਂ ਬੱਚਿਆਂ ਦੇ ਮਾਤਾ-ਪਿਤਾ ਵੀ ਵਧਾਈ ਦੇ ਪਾਤਰ ਹਨ ਜੋ ਪੱਛਮ ਵਿਚਲੀ ਬੇਹੱਦ ਮਸ਼ਰੂਫ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਆਪਣੇ ਬੱਚਿਆਂ ਨੂੰ ਸਿੱਖ ਧਰਮ, ਗੁਰਬਾਣੀ ਅਤੇ ਅਮੀਰ ਵਿਰਸੇ ਨਾਲ ਜੋੜਨ ਲਈ ਤਵੱਜੋ ਦੇ ਰਹੇ ਹਨ। 

PunjabKesari

ਗੁਰਦੁਆਰਾ ਸਾਹਿਬ ਬੰਦ ਹੋਣ ਕਾਰਨ ਬਰੱਸਲਜ਼ ਵਿੱਚ ਹਫਤਾਵਾਰੀ ਦੀਵਾਨਾਂ ਦੀ ਸ਼ੁਰੂਆਤ ਕਰਨ ਵਾਲੇ ਤਰਸੇਮ ਸਿੰਘ ਸ਼ੇਰਗਿੱਲ ਨੇ ਇਹਨਾਂ ਸਮਾਗਮਾਂ ਦੀ ਸਫਲਤਾ ਦਾ ਸਿਹਰਾ ਸੰਗਤਾਂ ਦੇ ਸਿਰ ਬੰਨਦਿਆਂ ਸੰਗਤਾਂ ਦੇ ਯੋਗਦਾਨ ਦੀ ਬੇਹੱਦ ਤਾਰੀਫ ਕਰਦਿਆਂ ਕਿਹਾ ਕਿ 29 ਨਵੰਬਰ ਤੋਂ 1 ਦਸੰਬਰ ਨੂੰ ਕਰਵਾਏ ਜਾ ਰਹੇ ਸਮਾਗਮਾਂ ਵਿੱਚ ਵੀ ਬੱਚਿਆਂ ਨੂੰ ਹੀ ਵਿਸ਼ੇਸ਼ ਮਹੱਤਤਾ ਦਿੱਤੀ ਜਾ ਰਹੀ ਹੈ ਤਾਂ ਜੋ ਨਵੀਂ ਪੀੜੀ ਧਰਮ ਅਤੇ ਵਿਰਸੇ ਨਾਲ ਜੁੜੀ ਰਹੇ ਅਤੇ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਨੂੰ ਅੱਗੇ ਚਲਦਾ ਰੱਖੇ।


author

Vandana

Content Editor

Related News