ਤਾਲਿਬਾਨ ਦੀ ਕੈਦ ''ਚੋਂ ਮੁਕਤ ਹੋਏ ਆਸਟ੍ਰੇਲੀਆਈ ਨਾਗਰਿਕ ਨੇ ਸ਼ੇਅਰ ਕੀਤਾ ਅਨੁਭਵ
Sunday, Dec 01, 2019 - 12:27 PM (IST)

ਸਿਡਨੀ (ਭਾਸ਼ਾ): ਤਾਲਿਬਾਨ ਦੀ ਕੈਦ ਵਿਚ 3 ਸਾਲ ਰਹਿਣ ਵਾਲੇ ਆਸਟ੍ਰੇਲੀਆਈ ਪ੍ਰੋਫੈਸਰ ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਅਮਰੀਕਾ ਦੇ ਵਿਸ਼ੇਸ਼ ਬਲਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਨੂੰ ਬਾਹਰ ਕੱਢਣ ਦੀਆਂ ਦਰਜਨਾਂ ਕੋਸ਼ਿਸ਼ਾਂ ਕੀਤੀਆਂ। ਤਾਲਿਬਾਨ ਦੀ ਕੈਦ ਤੋਂ ਰਿਹਾਅ ਹੋਣ ਦੇ ਬਾਅਦ ਪਹਿਲੀ ਵਾਰ ਸਿਡਨੀ ਵਿਚ ਇਸ ਬਾਰੇ ਵਿਚ ਉਨ੍ਹਾਂ ਨੇ ਗੱਲਬਾਤ ਕੀਤੀ। ਇੱਥੇ 50 ਸਾਲਾ ਟਿਮੋਥੀ ਵੀਕਸ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਆਸ ਤਾਂ ਨਹੀਂ ਗਵਾਈ ਸੀ ਪਰ ਇਸ ਕੈਦ ਦਾ ਉਨ੍ਹਾਂ ਦੇ ਜੀਵਨ 'ਤੇ ਇੰਨ੍ਹਾ ਪ੍ਰਭਾਵ ਪਿਆ ਹੈ ਜਿੰਨ੍ਹਾਂ ਸੋਚਿਆ ਵੀ ਨਹੀਂ ਜਾ ਸਕਦਾ।
ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚ ਨਰਕ ਜਿਹੇ ਕੈਦਖਾਨਿਆਂ ਵਿਚ ਬੰਦ ਰਹਿਣ ਵਾਲੇ ਵੀਕਸ ਨੇ ਕਿਹਾ ਕਿ ਉਨ੍ਹਾਂ ਦੀ ਇਹ ਸਜ਼ਾ ਜਿਵੇਂ ਅਚਾਨਕ ਸ਼ੁਰੂ ਹੋਈ ਸੀ ਉਂਝ ਹੀ ਅਚਾਨਕ 1,200 ਦਿਨਾਂ ਬਾਅਦ ਖਤਮ ਹੋ ਗਈ। ਵੀਕਸ ਅਤੇ ਉਨ੍ਹਾਂ ਦੇ ਅਮਰੀਕੀ ਸਾਥੀ ਕੇਵਿਨ ਕਿੰਗ ਨੂੰ 20 ਨਵੰਬਰ ਨੂੰ ਮੁਕਤ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਤਾਲਿਬਾਨ ਅਤੇ ਅਮਰੀਕਾ, ਆਸਟ੍ਰੇਲੀਆ ਤੇ ਅਫਗਾਨਿਸਤਾਨ ਸਰਕਾਰ ਦੇ ਵਿਚ ਹੋਏ ਸਮਝੌਤੇ ਦੇ ਬਾਅਦ ਰਿਹਾਅ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਵੀਕਸ ਅਤੇ ਕਿੰਗ ਕਾਬੁਲ ਦੀ ਅਮਰੀਕੀ ਯੂਨੀਵਰਸਿਟੀ ਵਿਚ ਪ੍ਰੋਫੈਸਰ ਸਨ ਅਤੇ ਅਗਸਤ 2016 ਵਿਚ ਜਦੋਂ ਉਹ ਯੂਨੀਵਰਸਿਟੀ ਤੋਂ ਘਰ ਪਰਤ ਰਹੇ ਸਨ ਉਦੋਂ ਉਨ੍ਹਾਂ ਨੂੰ ਅਗਵਾ ਕਰ ਲਿਆ ਗਿਆ ਸੀ।