ਆਸੀਆ ਮਾਮਲਾ: ਦੰਗਾ ਕਰਨ ਤੇ ਸ਼ਾਂਤੀ ਭੰਗ ਕਰਨ ਦੇ ਮਾਮਲੇ ''ਚ 250 ਗ੍ਰਿਫਤਾਰ

Sunday, Nov 04, 2018 - 06:19 PM (IST)

ਇਸਲਾਮਾਬਾਦ/ਲਾਹੌਰ— ਪਾਕਿਸਤਾਨੀ ਪੁਲਸ ਨੇ ਈਸਾਈ ਔਰਤ ਆਸੀਆ ਬੀਬੀ ਨੂੰ ਈਸ਼ਨਿੰਦਾ ਦੇ ਇਲਜ਼ਾਮ ਤੋਂ ਬਰੀ ਕਰਨ ਤੋਂ ਬਾਅਦ ਤਿੰਨ ਦਿਨ ਦੇ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ, ਸਾੜ-ਫੂਕ ਤੇ ਭੰਨ-ਤੋੜ ਦੇ ਸਿਲਸਿਲੇ 'ਚ ਕਰੀਬ 250 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਕੱਟੜਪੰਥੀ ਇਸਲਾਮੀ ਪਾਰਟੀ 'ਤਰਜੀਹ-ਏ-ਲੱਬੇਕ ਪਾਕਿਸਤਾਨ' (ਟੀ.ਐੱਲ.ਪੀ.) ਨਾਲ ਸਮਝੌਤਾ ਕਰਨ ਤੋਂ ਇਕ ਦਿਨ ਬਾਅਦ ਸਰਕਾਰ ਹਰਕਤ 'ਚ ਨਜ਼ਰ ਆਈ ਤੇ ਉਸ ਨੇ ਪ੍ਰਦਰਸ਼ਨ ਦੌਰਾਨ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲੇ ਲੋਕਾਂ ਖਿਲਾਫ ਕਾਰਵਾਈ ਵਿੱਢ ਦਿੱਤੀ। 

ਪਿਛਲੇ ਬੁੱਧਵਾਰ ਨੂੰ ਆਪਣੇ ਇਤਿਹਾਸਕ ਫੈਸਲੇ 'ਚ ਸੁਪਰੀਮ ਕੋਰਟ ਦੀ ਪ੍ਰਧਾਨ ਜੱਜ ਸਾਕਿਬ ਨਿਸਾਰ ਦੀ ਅਗਵਾਈ ਵਾਲੀ ਬੈਂਚ ਨੇ ਈਸ਼ਨਿੰਦਾ ਮਾਮਲੇ 'ਚ ਦੋਸ਼ੀ ਕਰਾਰ ਦਿੱਤੀ ਗਈ ਆਸੀਆ ਬੀਬੀ ਨੂੰ ਮਿਲੀ ਮੌਤ ਦੀ ਸਜ਼ਾ ਨੂੰ ਪਟਲ ਦਿੱਤਾ ਸੀ। ਇਸ ਤੋਂ ਬਾਅਦ ਟੀ.ਐੱਲ.ਪੀ. ਤੇ ਹੋਰ ਧੜਿਆਂ ਦੀ ਅਗਵਾਈ 'ਚ ਪੂਰੇ ਦੇਸ਼ 'ਚ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ। ਟੀ.ਐੱਲ.ਪੀ. ਤੇ ਹੋਰ ਧੜਿਆਂ ਦੀ ਅਗਵਾਈ ਵਾਲੇ ਪ੍ਰਦਰਸ਼ਨਕਾਰੀਆਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਪ੍ਰਮੁੱਖ ਸੜਕਾਂ 'ਤੇ ਜਾਮ ਲਗਾ ਦਿੱਤਾ ਸੀ। ਗ੍ਰਹਿ ਮੰਤਰਾਲੇ ਨੇ ਪ੍ਰਦਰਸ਼ਨਕਾਰੀਆਂ ਖਿਲਾਫ ਅਪਰਾਧਿਕ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਟੀਐੱਲਪੀ ਮੁਖੀ ਖਾਦਿਮ ਹੁਸੈਨ ਰਿਕਾਵੀ ਤੇ ਆਲਾ ਨੇਤਾ ਅਫਜ਼ਲ ਕਾਦਰੀ ਸਣੇ ਪੰਜ ਹਜ਼ਾਰ ਲੋਕਾਂ ਖਿਲਾਫ ਦੰਗਾ ਕਰਨ ਤੇ ਸ਼ਾਂਤੀ ਭੰਗ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ। 

ਇਕ ਪੱਤਰਕਾਰ ਏਜੰਸੀ ਦੀ ਰਿਪੋਰਟ ਮੁਤਾਬਕ ਲਾਹੌਰ 'ਚ ਪੁਲਸ ਨੇ ਟੀਐੱਲਪੀ ਨੇਤਾਵਾਂ ਸਣੇ 1500 ਲੋਕਾਂ ਖਿਲਾਫ ਸੜਕਾਂ ਰੋਕਣ ਤੇ ਕਾਨੂੰਨ ਤੇ ਵਿਵਸਥਾ ਭੰਗ ਕਰਨ ਦੇ ਦੋਸ਼ 'ਚ 11 ਮਾਮਲੇ ਦਰਜ ਕੀਤੇ ਗਏ ਹਨ। ਫੈਸਲਾਬਾਦ 'ਚ ਪੁਲਸ ਨੇ ਤਿੰਨ ਹਜ਼ਾਰ ਲੋਕਾਂ ਖਿਲਾਫ 29 ਮਾਮਲੇ ਦਰਜ ਕੀਤੇ ਹਨ, ਜਦਕਿ 218 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਚਿਨੀਓਟ 'ਚ ਤਿੰਨ ਮਾਮਲੇ ਦਰਜ ਕਰਕੇ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਰਗੋਧਾ 'ਚ 300 ਲੋਕਾਂ ਖਿਲਾਫ ਦੋ ਮਾਮਲੇ ਤੇ ਜੰਗ 'ਚ 150 ਲੋਕਾਂ ਦੇ ਖਿਲਾਫ 2 ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ 'ਚੋਂ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸਲਾਮਾਬਾਦ 'ਚ ਇਕ ਧਾਰਮਿਕ ਪਾਰਟੀ ਦੇ 20 ਵਰਕਰਾਂ ਸਣੇ 100 ਤੋਂ ਜ਼ਿਆਦਾ ਲੋਕਾਂ ਖਿਲਾਫ ਦੋ ਮਾਮਲੇ ਦਰਜ ਕੀਤੇ ਗਏ ਹਨ। ਕਰਾਚੀ ਦੇ ਗੁਲਿਸਤਾਂ-ਏ-ਜੌਹਰ ਤੇ ਪਹਿਲਵਾਨ ਗੋਥ ਇਲਾਕਿਆਂ 'ਚ ਗੋਲੀ ਚਲਾਉਣ ਤੇ ਲੋਕਾਂ ਨੂੰ ਆਪਣੇ ਕਾਰੋਬਾਰ ਬੰਦ ਕਰਨ ਲਈ ਮਜਬੂਰ ਕਰਨ ਦੇ ਦੋਸ਼ਾਂ ਹੇਠ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਇਮਰਾਨ ਖਾਨ ਫਿਲਹਾਲ ਚੀਨ ਦੀ ਅਧਿਕਾਰਿਕ ਯਾਤਰਾ 'ਤੇ ਹਨ। ਉਨ੍ਹਾਂ ਨੇ ਤਿੰਨ ਦਿਨ ਪਹਿਲਾਂ ਚੱਲੇ ਪ੍ਰਦਰਸ਼ਨਾਂ ਦੌਰਾਨ ਸਰਕਾਰੀ ਤੇ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀਆਂ ਘਟਨਾਵਾਂ 'ਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਖਬਰ 'ਚ ਕਿਹਾ ਗਿਆ ਹੈ ਕਿ ਖਾਨ ਨੇ ਹੁੱਲੜਬਾਜਾਂ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਆਸੀਆ ਬੀਬੀ (47 ਸਾਲ) 'ਤੇ ਗੁਆਂਢ ਦੇ ਝਗੜੇ ਨੂੰ ਲੈ ਕੇ ਈਸ਼ਨਿੰਦਾ ਦਾ ਦੋਸ਼ ਲਗਾਇਆ ਗਿਆ ਸੀ ਤੇ 2010 'ਚ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਸੀ।


Related News