ਕੰਪਲੈਕਸ ਬਣਾਉਣ ਲਈ ਗਲਤ ਤਰੀਕੇ ਨਾਲ ਨਕਸ਼ਾ ਪਾਸ ਕਰਨ ਵਾਲੇ ਨਿਗਮ ਅਧਿਕਾਰੀਆਂ ’ਤੇ ਡਿੱਗੇਗੀ ਗਾਜ

Saturday, Sep 28, 2024 - 05:42 AM (IST)

ਲੁਧਿਆਣਾ (ਹਿਤੇਸ਼) - ਇਕ ਪਾਸੇ ਜਿਥੇ ਮਾਡਲ ਟਾਊਨ ’ਚ ਕਮਰਸ਼ੀਅਲ ਰੋਡ ਡਿਕਲੇਰੇਸ਼ਨ ਦੇ ਲਈ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਪਹਿਲਾਂ ਹੀ ਬਣਾਏ ਗਏ ਕੰਪਲੈਕਸ ਨੂੰ ਨਗਰ ਨਿਗਮ ਵੱਲੋਂ ਸੀਲ ਕਰ ਦਿੱਤਾ ਗਿਆ ਹੈ, ਉਥੇ ਇਨ੍ਹਾਂ ਇਮਾਰਤਾਂ ਨੂੰ ਬਣਾਉਣ ਲਈ ਗਲਤ ਤਰੀਕੇ ਨਾਲ ਨਕਸ਼ਾ ਪਾਸ ਕਰਨ ਵਾਲੇ ਜ਼ੋਨ-ਡੀ ਦੇ ਅਧਿਕਾਰੀਆਂ ’ਤੇ ਵੀ ਗਾਜ ਡਿੱਗੇਗੀ, ਜਿਸ ਦੇ ਤਹਿਤ ਅਦਾਲਤ ਵੱਲੋਂ ਚੀਫ ਸੈਕਟਰੀ ਤੋਂ ਰਿਪੋਰਟ ਮੰਗੀ ਗਈ ਹੈ।

ਇਸ ਮਾਮਲੇ ’ਚ ਆਸ-ਪਾਸ ਦੇ ਲੋਕਾਂ ਵੱਲੋਂ ਰਿਹਾਇਸ਼ੀ ਇਲਾਕੇ ’ਚ ਨਾਜਾਇਜ਼ ਤੌਰ ’ਤੇ ਕਮਰਸ਼ੀਅਲ ਇਮਾਰਤਾਂ ਬਣਾਉਣ ਦਾ ਮੁੱਦਾ ਉਠਾਇਆ ਗਿਆ ਹੈ। ਜਿਸ ਦੇ ਮੁਤਾਬਕ ਮਾਡਲ ਟਾਊਨ ’ਚ ਗੁਲਾਟੀ ਚੌਕ ਤੋਂ ਲੈ ਕੇ ਗੁੱਜਰਖਾਂ ਕਾਲਜ ਦੇ ਅੱਗਿਓਂ ਹੁੰਦੇ ਹੋਏ ਦੁਗਰੀ ਰੋਡ ਤੱਕ ਜਾਣ ਵਾਲੀ ਸੜਕ ਨੂੰ ਕਮਰਸ਼ੀਅਲ ਡਿਕਲੇਅਰ ਕਰਨ ਲਈ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਜਿਸ ਦੇ ਬਾਵਜੂਦ ਨਗਰ ਨਿਗਮ ਅਧਿਕਾਰੀਆਂ ਵੱਲੋਂ ਗਲਤ ਤਰੀਕੇ ਨਾਲ ਨਕਸ਼ਾ ਪਾਸ ਕਰ ਕੇ ਕਮਰਸ਼ੀਅਲ ਇਮਾਰਤਾਂ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਅਤੇ ਫਿਰ ਕੰਪਲੀਸ਼ਨ ਸਰਟੀਫਿਕੇਟ ਵੀ ਜਾਰੀ ਕਰ ਦਿੱਤਾ ਗਿਆ।

ਹਾਲਾਂਕਿ ਨਗਰ ਨਿਗਮ ਅਧਿਕਾਰੀਆਂ ਵੱਲੋਂ ਕਮਰਸ਼ੀਅਲ ਰੋਡ ਡਿਕਲੇਰੇਸ਼ਨ ਲਈ ਜਨਰਲ ਹਾਊਸ ਦੀ ਮੀਟਿੰਗ ’ਚ ਪ੍ਰਸਤਾਵ ਪਾਸ ਕਰਨ ਤੋਂ ਬਾਅਦ ਵੱਖਰੇ ਤੌਰ ’ਤੇ ਨੋਟੀਫਿਕੇਸ਼ਨ ਜਾਰੀ ਕਰਨ ਦੀ ਲੋੜ ਨਾ ਹੋਣ ਦਾ ਦਾਅਵਾ ਕੀਤਾ ਗਿਆ ਹੈ ਪਰ ਕੋਰਟ ਇਸ ਦਲੀਲ ਨਾਲ ਸਹਿਮਤ ਨਹੀਂ ਹੋਈ ਅਤੇ ਸਾਈਟ ’ਤੇ ਚੱਲ ਰਹੇ ਉਸਾਰੀ ਕਾਰਜ ਬੰਦ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਸ ਦੇ ਆਧਾਰ ’ਤੇ ਨਗਰ ਨਿਗਮ ਵੱਲੋਂ 3 ਇਮਾਰਤਾਂ ਨੂੰ ਸੀਲ ਕਰਨ ਦੀ ਰਿਪੋਰਟ ਪੇਸ਼ ਕੀਤੀ ਗਈ ਹੈ।

ਹੁਣ ਇਸ ਮਾਮਲੇ ’ਚ ਅਦਾਲਤ ਵੱਲੋਂ ਚੀਫ ਸੈਕਟਰੀ ਨੂੰ ਐਫੀਡੇਵਿਟ ਦਾਖਲ ਕਰਨ ਲਈ ਕਿਹਾ ਗਿਆ ਹੈ, ਜਿਸ ਤੋਂ ਬਾਅਦ ਤੋਂ ਨਗਰ ਨਿਗਮ ਦੇ ਗਲਿਆਰਿਆਂ ’ਚ ਹਲਚਲ ਮਚ ਗਈ ਹੈ ਅਤੇ ਮਾਡਲ ਟਾਊਨ ’ਚ ਕੰਪਲੈਕਸ ਬਣਾਉਣ ਲਈ ਗਲਤ ਤਰੀਕੇ ਨਾਲ ਨਕਸ਼ਾ ਪਾਸ ਕਰਨ ਵਾਲੇ ਨਿਗਮ ਅਧਿਕਾਰੀਆਂ ’ਤੇ ਗਾਜ ਡਿੱਗਣ ਦੀ ਚਰਚਾ ਸੁਣਨ ਨੂੰ ਮਿਲ ਰਹੀ ਹੈ।

ਸਰਕਾਰ ਵੱਲੋਂ ਵੀ ਮੰਗੀ ਗਈ ਹੈ ਕੋਤਾਹੀ ਵਰਤਣ ਵਾਲੇ ਇਮਾਰਤੀ ਸ਼ਾਖਾ ਦੇ ਮੁਲਾਜ਼ਮਾਂ ਦੀ ਲਿਸਟ
ਇਸ ਮਾਮਲੇ ’ਚ ਨਗਰ ਨਿਗਮ ਅਧਿਕਾਰੀਆਂ ’ਤੇ ਗਾਜ ਡਿੱਗਣ ਦੇ ਸੰਕੇਤ ਇਸ ਗੱਲ ਤੋਂ ਵੀ ਮਿਲ ਰਹੇ ਹਨ ਕਿ ਸਰਕਾਰ ਵੱਲੋਂ ਵੀ ਨਕਸ਼ਾ ਪਾਸ ਕਰਨ ਤੋਂ ਲੈ ਕੇ ਇਮਾਰਤ ਬਣਾਉਣ ਦੌਰਾਨ ਜ਼ੋਨ-ਡੀ ’ਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਲਿਸਟ ਮੰਗੀ ਗਈ ਹੈ।

ਇਸ ਸਬੰਧੀ ਸਰਕੁਲਰ ਲੋਕਲ ਬਾਡੀ ਵਿਭਾਗ ਦੇ ਡਾਇਰੈਕਟਰ ਵੱਲੋਂ ਜਾਰੀ ਕੀਤਾ ਗਿਆ ਹੈ ਅਤੇ ਕਮਿਸ਼ਨਰ ਤੋਂ ਕੋਤਾਹੀ ਵਰਤਣ ਵਾਲੇ ਇਮਾਰਤੀ ਸ਼ਾਖਾ ਦੇ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੀ ਸਿਫਾਰਸ਼ ਭੇਜਣ ਲਈ ਕਿਹਾ ਗਿਆ ਹੈ।

ਹੋਰ ਵੀ ਹਨ ਨਾਜਾਇਜ਼ ਤੌਰ ’ਤੇ ਬਣ ਰਹੀਆਂ ਇਮਾਰਤਾਂ
ਮਾਡਲ ਟਾਊਨ ’ਚ ਸਿਰਫ ਗੁਲਾਟੀ ਚੌਕ ਤੋਂ ਦੁੱਗਰੀ ਰੋਡ ਤੱਕ ਜਾਣ ਵਾਲੀ ਸੜਕ ’ਤੇ ਹੀ ਨਹੀਂ ਹੈ ਅਤੇ ਹੋਰ ਵੀ ਵੱਡੀ ਗਿਣਤੀ ’ਚ ਇਮਾਰਤਾਂ ਦਾ ਨਿਰਮਾਣ ਸਰਕਾਰ ਵੱਲੋਂ ਕਮਰਸ਼ੀਅਲ ਡਿਕਲੇਰੇਸ਼ਨ ਦਾ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਿਨਾਂ ਹੀ ਹੋ ਰਿਹਾ ਹੈ।

ਇਨ੍ਹਾਂ ਵਿਚ ਚਾਰ ਖੰਭਾ ਰੋਡ, ਲਾਇਲਪੁਰ ਸਵੀਟ ਤੋਂ ਲੈ ਕੇ ਗੁਰੂ ਤੇਗ ਬਹਾਦਰ ਹਸਪਤਾਲ, ਬੀ. ਸੀ. ਐੱਮ. ਸਕੂਲ ਰੋਡ, ਇਸ਼ਮੀਤ ਚੌਕ ਤੋਂ ਕ੍ਰਿਸ਼ਨਾ ਮੰਦਰ, ਟਿਊਸ਼ਨ ਮਾਰਕੀਟ ਦੇ ਅੱਗਿਓਂ ਹੁੰਦੇ ਹੋਏ ਗੁਰਦੁਆਰਾ ਸਾਹਿਬ ਤੱਕ, ਬਾਬਾ ਦੀਪ ਸਿੰਘ ਗੁਰਦੁਆਰਾ ਤੋਂ ਬਿਜਲੀ ਆਫਿਸ ਤੱਕ, ਚਿਲਡਰਨ ਪਾਰਕ ਰੋਡ, ਬਸੰਤ ਆਰਟ ਤੋਂ ਪੋਸਟ ਆਫਿਸ ਤੋਂ ਹੁੰਦੇ ਹੋਏ ਦੁੱਗਰੀ ਰੋਡ ’ਤੇ ਸਥਿਤ ਇਮਾਰਤਾਂ ਸ਼ਾਮਲ ਹਨ।

ਇਨ੍ਹਾਂ ਇਮਾਰਤਾਂ ਦੇ ਨਿਰਮਾਣ ਲਈ ਨਾ ਤਾਂ ਨਕਸ਼ਾ ਪਾਸ ਹੋ ਸਕਦਾ ਹੈ ਅਤੇ ਨਾ ਹੀ ਫੀਸ ਜਮ੍ਹਾ ਕਰ ਕੇ ਰੈਗੁਲਰ ਕੀਤਾ ਜਾ ਸਕਦਾ ਹੈ, ਜਿਸ ਦੇ ਮੱਦੇਨਜ਼ਰ ਕਈ ਵਾਰ ਇਮਾਰਤਾਂ ਤੋੜਨ ਜਾਂ ਸੀਲਿੰਗ ਦੀ ਕਾਰਵਾਈ ਕੀਤੀ ਗਈ ਹੈ ਪਰ ਕੁਝ ਦੇਰ ਬਾਅਦ ਫਿਰ ਉਨ੍ਹਾਂ ਇਮਾਰਤਾਂ ’ਚ ਸ਼ੋਅਰੂਮ ਖੁੱਲ੍ਹ ਗਏ ਹਨ।

ਇਨ੍ਹਾਂ ’ਚ ਬਾਂਸਲ ਸਵੀਟ, ਲੈਂਸਕਾਰਟ, ਬਰਗਰ ਬਾਈਟ, ਕਾਰ ਡਿਟੇਲਿੰਗ ਸਟੂਡੀਓ, ਕੁਲਚਾ ਕਲਚਰ, ਜੈਸਮੀਨ ਬੁਟੀਕ, ਸੇਠੀ ਸਟੱਡੀ ਸਰਕਲ ਸਮੇਤ ਕਈ ਫੂਡ ਜੁਆਇੰਟ, ਸ਼ੋਅਰੂਮ ਅਤੇ ਹਸਪਾਤਲ ਸ਼ਾਮਲ ਹਨ।ਇਸੇ ਤਰ੍ਹਾਂ ਜਿਸ ਗੁੱਜਰਖਾਂ ਕਾਲਜ ਰੋਡ ’ਤੇ ਨੋਟੀਫਿਕੇਸ਼ਨ ਜਾਰੀ ਨਾ ਹੋਣ ਕਾਰਨ 3 ਇਮਾਰਤਾਂ ਨੂੰ ਸੀਲ ਕੀਤਾ ਗਿਆ ਹੈ, ਉਸ ਸੜਕ ’ਤੇ ਵੀ ਕਈ ਹੋਰ ਕਮਰਸ਼ੀਅਲ ਇਮਾਰਤਾਂ ਬਣ ਚੁੱਕੀਆਂ ਹਨ।


Inder Prajapati

Content Editor

Related News