ਲੁੱਟਾਂ-ਖੋਹਾਂ ਕਰਨ ਵਾਲੇ 3 ਵਿਅਕਤੀ ਨਕਦੀ, ਮੋਬਾਈਲ ਤੇ ਮੋਟਰਸਾਈਕਲ ਸਣੇ ਕਾਬੂ

Thursday, Oct 03, 2024 - 04:06 AM (IST)

ਸਾਹਨੇਵਾਲ/ਕੋਹਾੜਾ (ਜਗਰੂਪ)- ਥਾਣਾ ਸਾਹਨੇਵਾਲ ਦੀ ਪੁਲਸ ਵੱਲੋਂ ਲਗਾਤਾਰ ਚੋਰੀ, ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਬੀਤੇ ਦਿਨੀਂ ਪੈਦਲ ਜਾ ਰਹੀ ਇਕ ਔਰਤ ਨਾਲ ਲੁੱਟ-ਖੋਹ ਕਰਨ ਵਾਲੇ 3 ਵਿਅਕਤੀਆਂ ਨੂੰ ਪੁਲਸ ਨੇ ਕਾਬੂ ਕਰ ਕੇ ਸਲਾਖਾ ਪਿੱਛੇ ਭੇਜਣ ’ਚ ਸਫਲਤਾ ਹਾਸਲ ਕੀਤੀ ਹੈ।

ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਾਹਨੇਵਾਲ ਦੇ ਮੁਖੀ ਜਗਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਬੀਤੀ 29 ਸਤੰਬਰ ਨੂੰ ਬੇਬੀ ਪਤਨੀ ਸ਼ੀਤਲਾ ਪ੍ਰਸ਼ਾਦ ਵਾਸੀ ਗਲੀ ਨੰ. 1 ਸਮਰਾਟ ਕਾਲੋਨੀ ਗਿਆਸਪੁਰਾ ਦੀ ਰਹਿਣ ਵਾਲੀ ਔਰਤ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਾਈ ਸੀ ਕਿ ਉਹ ਪੈਦਲ ਜਾ ਰਹੀ ਸੀ ਕਿ ਜਦੋਂ ਉਹ ਐੱਚ. ਡੀ. ਐੱਫ. ਸੀ. ਬੈਂਕ ਕੋਲ ਪਹੁੰਚੀ ਤਾਂ ਪਿੱਛੋਂ 3 ਲੜਕੇ ਜੋ ਮੋਟਰਸਾਈਕਲ ’ਤੇ ਸਵਾਰ ਸਨ ਅਤੇ ਸਿਰ ਤੋਂ ਮੋਨੇ ਸਨ, ਨੇ ਉਸ ਦਾ ਮੋਬਾਈਲ ਫੋਨ, ਪਰਸ ਜਿਸ ’ਚ 4 ਹਜ਼ਾਰ ਰੁਪਏ ਸਨ, ਖੋਹ ਕੇ ਲੈ ਗਏ। ਕਾਰਵਾਈ ਕਰਦੇ ਹੋਏ ਪੁਲਸ ਨੇ ਤਿੰਨਾਂ ਦੋਸ਼ੀਆਂ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ |

ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ 3 ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਮੋਬਾਈਲ ਫੋਨ, 1500 ਰੁਪਏ ਦੀ ਨਕਦੀ ਅਤੇ ਇਕ ਸਪਲੈਂਡਰ ਕਾਲੇ ਰੰਗ ਦਾ ਮੋਟਰਸਾਈਕਲ ਬਰਾਮਦ ਕੀਤਾ ਹੈ।

ਤਿੰਨਾਂ ਵਿਅਕਤੀਆਂ ਦੀ ਪਛਾਣ ਪਵਨ ਕੁਮਾਰ ਪੁੱਤਰ ਆਨੰਦ ਅਸਵਾਲ, ਪਿੰਟੂ ਕੁਮਾਰ ਉਰਫ ਓਮ ਪ੍ਰਕਾਸ਼, ਸਤਿਅਮ ਕੁਮਾਰ ਪੁੱਤਰ ਜੁਗੇਸ਼ ਝਾਅ ਵਾਸੀ ਨਿਊ ਸਮਰਾਟ ਕਾਲੋਨੀ ਗਿਆਸਪੁਰਾ ਵਜੋਂ ਹੋਈ ਹੈ, ਤਿੰਨਾਂ ਵਿਅਕਤੀਆਂ ਨੂੰ ਕੋਰਟ ’ਚ ਪੇਸ਼ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


Inder Prajapati

Content Editor

Related News