ਪੁਲਸ ਨੂੰ ਪਲਾਸਟਿਕ ਬੈਗ ''ਚ ਬੰਦ ਮਿਲੀ ਨਵਜੰਮੀ ਬੱਚੀ, ਜਾਰੀ ਕੀਤੀ ਫੁਟੇਜ

06/27/2019 10:22:37 AM

ਵਾਸ਼ਿੰਗਟਨ (ਬਿਊਰੋ)— ਅਮਰੀਕੀ ਰਾਜ ਜੌਰਜੀਆ ਦੀ ਪੁਲਸ ਨੇ ਜੰਗਲ ਵਿਚ ਮਿਲੀ ਨਵਜੰਮੀ ਬੱਚੀ ਦਾ ਇਕ ਵੀਡੀਓ ਜਾਰੀ ਕੀਤਾ ਹੈ। ਪੁਲਸ ਨੂੰ ਬੱਚੀ ਪਲਾਸਟਿਕ ਦੇ ਬੈਗ ਅੰਦਰ ਬੰਦ ਮਿਲੀ ਸੀ। ਫੋਰਸਿਥ ਕਾਊਂਟੀ ਸ਼ੇਰਿਫ ਦੇ ਦਫਤਰ ਨੇ ਮੰਗਲਵਾਰ ਨੂੰ ਇਹ ਵੀਡੀਓ ਫੁਟੇਜ ਇਸ ਉਮੀਦ ਨਾਲ ਜਾਰੀ ਕੀਤਾ ਕਿ ਸ਼ਾਇਦ ਕੋਈ ਵਿਅਕਤੀ ਇਸ ਬੱਚੀ ਦੀ ਪਛਾਣ ਕਰ ਸਕੇ। ਇਹ ਬੱਚੀ 6 ਜੂਨ ਨੂੰ ਅਟਲਾਂਟਾ ਤੋਂ 64 ਕਿਲੋਮੀਟਰ ਦੂਰ ਕੁਮਿੰਗ ਵਿਚ ਮਿਲੀ ਸੀ। 

 

ਸ਼ੇਰਿਫ ਦਫਤਰ ਨੇ ਇਕ ਬਿਆਨ ਵਿਚ ਕਿਹਾ,''ਉਹ ਇਸ ਮਾਮਲੇ ਦੀ ਤੇਜ਼ੀ ਨਾਲ ਜਾਂਚ ਕਰ ਰਿਹਾ ਹੈ। ਉਹ ਚਾਹੁੰਦਾ ਹੈ ਕਿ ਬੱਚੀ ਸਬੰਧੀ ਜਲਦ ਕੋਈ ਸੁਰਾਗ ਮਿਲ ਸਕੇ। ਭਾਵੇਂਕਿ ਹਾਲੇ ਤੱਕ ਸਾਨੂੰ ਇਸ ਬੱਚੀ ਦੀ ਪਛਾਣ ਬਾਰੇ ਪੂਰੇ ਦੇਸ਼ ਭਰ ਵਿਚੋਂ ਕੋਈ ਸੁਰਾਗ ਨਹੀਂ ਮਿਲਿਆ ਹੈ।'' ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਇਸ ਆਸ ਨਾਲ ਫੁਟੇਜ ਜਾਰੀ ਕੀਤਾ ਹੈ ਕਿ ਤਾਂ ਜੋ ਬੱਚੀ ਦੀ ਪਛਾਣ ਨੂੰ ਲੈ ਕੇ ਕੋਈ ਵਿਸ਼ਵਾਸਯੋਗ ਜਾਣਕਾਰੀ ਮਿਲ ਸਕੇ। 

PunjabKesari

ਵੀਡੀਓ ਵਿਚ ਇਕ ਅਧਿਕਾਰੀ ਨੂੰ ਪਲਾਸਟਿਕ ਬੈਗ ਖੋਲ੍ਹਦੇ ਦੇਖਿਆ ਜਾ ਸਕਦਾ ਹੈ ਜਿਸ ਦੇ ਅੰਦਰ ਬੱਚੀ ਲਗਾਤਾਰ ਰੋ ਰਹੀ ਸੀ। ਨਵਜੰਮੀ ਬੱਚੀ ਦਾ ਗਰਭਨਾਲ ਵੀ ਜੁੜਿਆ ਹੋਇਆ ਸੀ। ਅਧਿਕਾਰੀਆਂ ਮੁਤਾਬਕ ਇਹ ਬੱਚੀ ਸ਼ਾਇਦ ਭਾਰਤੀ ਹੈ ਇਸ ਲਈ ਬੱਚੀ ਨੂੰ 'ਭਾਰਤ' ਦਾ ਨਾਮ ਦਿੱਤਾ ਹੈ। ਅਧਿਕਾਰੀਆਂ ਮੁਤਾਬਕ ਬੱਚੀ ਹੁਣ ਠੀਕ ਹੈ ਅਤੇ ਜੌਰਜੀਆ ਦੇ ਪਰਿਵਾਰ ਅਤੇ ਬਾਲ ਸੇਵਾ ਵਿਭਾਗ ਦੀ ਦੇਖਭਾਲ ਵਿਚ ਹੈ।


Vandana

Content Editor

Related News