ਗੁਰਦੁਆਰਾ ਸਾਹਿਬ ਕੋਰੈਜੋ ''ਚ 25 ਸਿੰਘਾਂ ਵਾਲੇ ਅਖੰਡ ਪਾਠ ਹੋਏ ਸੰਪੂਰਨ, ਸੰਗਤਾਂ ਦੀ ਹਾਜ਼ਰੀ ''ਚ ਮਨਾਇਆ ਵਿਆਹ ਪੁਰਬ
Monday, Jul 06, 2026 - 07:57 AM (IST)
ਇਮਿਲੀਆ (ਕੈਂਥ) : ਕੋਰੈਜੋ, ਰੇਜੋ ਇਮਿਲੀਆ ਵਿਖੇ ਸਥਿਤ ਗੁਰਦੁਆਰਾ ਸਾਹਿਬ ਯਾਦ ਸ਼ਹੀਦਾਂ ਵਿਖੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਧੰਨ ਮਾਤਾ ਗੰਗਾ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਪਿਛਲੇ ਤਿੰਨ ਦਿਨਾਂ ਤੋਂ 25 ਸਿੰਘਾਂ ਵਾਲੀ ਪੁਰਾਤਨ ਮਰਿਆਦਾ ਅਨੁਸਾਰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਸਨ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰ ਵੇਲੇ ਪਾਏ ਗਏ। ਉਪਰੰਤ ਆਰਤੀ ਆਰਤੇ ਦਾ ਕੀਰਤਨ ਹੋਇਆ ਅਤੇ ਸੰਗਤਾਂ ਵੱਲੋਂ ਗੁਰੂ ਸਾਹਿਬ ਪ੍ਰਤੀ ਅਥਾਹ ਸ਼ਰਧਾ ਦਾ ਪ੍ਰਗਟਾਵਾ ਕਰਦੇ ਹੋਏ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਉਸ ਵੇਲੇ ਮਾਹੌਲ ਰੂਹਾਨੀਅਤ ਅਤੇ ਅਨੰਦ ਦੀਆਂ ਸਿਖਰਾਂ 'ਤੇ ਸੀ। ਉਪਰੰਤ ਕੀਰਤਨੀ ਜੱਥੇ ਵੱਲੋਂ ਲਾਵਾਂ ਦਾ ਪਾਠ ਕੀਤਾ ਗਿਆ।

ਇਸ ਦੌਰਾਨ ਸਜੇ ਦੀਵਾਨਾਂ ਵਿੱਚ ਭਾਈ ਜਸਵਿੰਦਰ ਸਿੰਘ ਜੀ ਨੇ ਸੰਗਤਾਂ ਨੂੰ 25 ਸਿੰਘਾਂ ਦੀ ਮਰਿਆਦਾ ਵਾਲੇ ਅਖੰਡ ਪਾਠ ਸਾਹਿਬ ਦਾ ਇਤਿਹਾਸ ਸਰਵਣ ਕਰਵਾਇਆ ਅਤੇ ਉਪਰੰਤ ਗੁਰੂ ਸਾਹਿਬ ਜੀ ਅਤੇ ਮਾਤਾ ਜੀ ਦੇ ਵਿਆਹ ਪੁਰਬ ਦੀ ਸਾਖੀ ਸੰਗਤਾਂ ਨੂੰ ਸੁਣਾ ਕੇ ਨਿਹਾਲ ਕੀਤਾ ਅਤੇ ਸਭਨਾਂ ਨੂੰ ਇਤਿਹਾਸ ਤੋਂ ਸੇਧ ਲੈ ਕੇ ਗੁਰੂ ਸਾਹਿਬ ਜੀ ਵੱਲੋਂ ਪਾਏ ਪੂਰਨਿਆਂ 'ਤੇ ਚੱਲਣ ਦੀ ਪ੍ਰੇਰਨਾ ਅਤੇ ਬੇਨਤੀ ਕੀਤੀ। ਜ਼ਿਕਰਯੋਗ ਹੈ ਕਿ ਇਸ ਮੌਕੇ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਵੱਲੋਂ ਹਾਜ਼ਰੀ ਭਰੀ ਗਈ। ਸੰਪੂਰਨਤਾ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਅਖੰਡ ਪਾਠ ਸਾਹਿਬ ਦੀਆਂ ਸੇਵਾਵਾਂ ਨਿਭਾਉਣ ਵਾਲੇ ਸਮੂਹ ਸਿੰਘਾਂ ਦੇ ਜਥੇ ਨੂੰ ਅਤੇ ਆਈਆਂ ਸੰਗਤਾਂ ਨੂੰ ਜੀ ਆਇਆਂ ਕਹਿੰਦਿਆਂ ਹੋਇਆਂ ਧੰਨਵਾਦ ਕੀਤਾ।

ਉਹਨਾਂ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ 25 ਸਿੰਘਾਂ ਦੀ ਮਰਿਆਦਾ ਵਾਲਾ ਅਖੰਡ ਪਾਠ ਸਾਹਿਬ ਪਹਿਲੀ ਵਾਰ ਹੀ ਇਸ ਗੁਰਦੁਆਰਾ ਸਾਹਿਬ ਵਿਖੇ ਹੋਇਆ ਹੈ ਅਤੇ ਜਥੇ ਦੇ ਸਮੂਹ ਸਿੰਘਾਂ ਵੱਲੋਂ ਬਹੁਤ ਹੀ ਰਹਿਤ ਮਰਿਆਦਾ ਦਾ ਕਰੜਾ ਪਹਿਰਾ ਰੱਖਦਿਆਂ ਹੋਇਆਂ ਸੰਪੂਰਨਤਾ ਹੋਈ ਹੈ। ਕਮੇਟੀ ਵੱਲੋਂ ਜਥੇ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੀਆਂ ਸੇਵਾਵਾਂ ਨਿਭਾਉਣ ਲਈ ਅਤੇ ਹੋਰ ਸੇਵਾਵਾਂ ਕਰਨ ਵਾਲੇ ਸੇਵਾਦਾਰਾਂ ਨੂੰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਿਰੋਪਾਓ ਨਾਲ ਨਿਵਾਜਿਆ ਗਿਆ। ਇਸ ਮੌਕੇ ਵਿਆਹ ਪੁਰਬ ਦੀ ਖੁਸ਼ੀ ਵਿੱਚ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਭੰਡਾਰਿਆਂ ਵਿੱਚੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਅਤੁੱਟ ਵਰਤਾਏ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Related News
ਇਟਲੀ ''ਚ ਬਿਨਾਂ ਪੇਪਰਾਂ ਵਾਲੇ ਭਾਰਤੀਆਂ ਦਾ ਕਾਰਾ, ਇਟਾਲੀਅਨ ਬਜ਼ੁਰਗ ਤੋਂ ਪੈਨਸ਼ਨ ਲੁੱਟਣ ਦੇ ਚੱਕਰ ''ਚ ਪਹੁੰਚੇ ਜੇਲ੍ਹ
