ਯੂਰਪ ਭਰ ''ਚ ਗਰਮੀ ਦਾ ਕਹਿਰ ! 1300 ਲੋਕਾਂ ਲਈ ਗਰਮੀ ਬਣ ਗਈ ''ਜਮਦੂਤ''
Monday, Jun 29, 2026 - 07:26 PM (IST)
ਰੋਮ, (ਦਲਵੀਰ ਸਿੰਘ ਕੈਂਥ)-ਕਦੀਂ ਸਮਾਂ ਸੀ ਕਿ ਯੂਰਪ ਦੇ ਬਹੁਤੇ ਦੇਸ਼ਾਂ 'ਚ ਗਰਮੀਆਂ ਨੂੰ ਲੋਕ ਰਾਤ ਸਮੇਂ ਕੰਬਲ ਲੈਕੇ ਸੌਂਦੇ ਸੀ, ਜਿਨ੍ਹਾਂ ਵਿੱਚੋ ਇਟਲੀ ਵੀ ਇੱਕ ਹੁੰਦਾ ਸੀ ਪਰ ਜਿਵੇਂ-ਜਿਵੇਂ ਦੁਨੀਆਂ ਭਰ ਵਿੱਚ ਜਲ-ਵਾਯੂ ਵਿੱਚ ਵੱਡਾ ਬਦਲਾਵ ਹੋਇਆ ਇਹ ਗੱਲਾਂ ਹੁਣ ਸੁਪਨਾ ਹੀ ਲੱਗਣ ਲੱਗੀਆਂ ਕਿਉਂ ਕਿ ਗਰਮ ਦੇ ਕਹਿਰ ਨੇ ਇਸ ਸਮੇਂ ਪੂਰੇ ਯੂਰਪ ਨੂੰ ਤੰਦੂਰ ਹੀ ਬਣਾ ਛੱਡਿਆ, ਜਿਸ ਕਾਰਨ ਯੂਰਪ ਭਰ ਵਿੱਚ ਗਰਮੀ 1300 ਲੋਕਾਂ ਲਈ 'ਜਮਦੂਤ' ਬਣ ਗਈ।
ਇਸ ਗੱਲ ਦਾ ਖੁਲਾਸਾ ਵਿਸ਼ਵ ਸਿਹਤ ਸੰਗਠਨ ਨੇ ਕਰਦਿਆਂ ਕਿਹਾ ਕਿ ਗਰਮੀ ਦਾ ਕਹਿਰ ਅੱਜ ਚੈੱਕ ਗਣਰਾਜ ਤੋਂ ਲੈ ਕੇ ਜਰਮਨੀ, ਪੋਲੈਂਡ ਤੇ ਇਟਲੀ ਤੱਕ ਦੇਖਣ ਨੂੰ ਮਿਲਿਆ, ਜਿੱਥੇ ਕਿ ਤਾਪਮਾਨ 40 ਡਿਗਰੀ ਤੋਂ ਦਰਜ ਕੀਤਾ ਗਿਆ, ਜੇਕਰ ਗੱਲ ਸਿਰਫ਼ ਇਟਲੀ ਦੀ ਹੀ ਕੀਤੀ ਜਾਵੇ ਤਾਂ ਇਥੇ ਸਾਹ ਘੁੱਟਣ ਵਾਲੀ ਗਰਮੀ ਨੂੰ ਇਟਲੀ ਦੇ ਬਾਸਿੰਦੇ ਮਹਿਸੂਸ ਕਰ ਰਹੇ ਹਨ। ਬਾਰੀ 'ਚ ਇੱਕ 75 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ, ਜਿੱਥੇ ਕਿ ਪ੍ਰਸ਼ਾਸ਼ਨ ਨੇ ਰੈੱਡ ਅਲਾਰਟ ਕੀਤਾ ਹੋਇਆ ਹੈ। ਵਿਸ਼ਵ ਸਿਹਤ ਸੰਸਥਾ ਨੇ ਯੂਰਪ ਨੂੰ ਵੱਧ ਗਰਮ ਹੋਣ ਵਾਲਾ ਟਾਪੂ ਦੱਸਿਆ ਹੈ, ਜਿਸ ਦੀ ਗਰਮੀ ਵਿਸ਼ਵ ਔਸਤ ਨਾਲੋਂ ਦੁੱਗਣੀ ਦੇਖੀ ਜਾ ਰਹੀ ਹੈ। ਸੰਸਥਾ ਨੇ ਇਹ ਵੀ ਕਿ 150 ਮਿਲੀਅਨ ਲੋਕ ਬਹੁਤ ਜ਼ਿਆਦਾ ਗਰਮੀ ਦੀ ਮਾਰ ਝੱਲ ਰਹੇ ਹਨ, ਜਿਸ ਕਾਰਨ ਲੋਕਾਂ ਦਾ ਜਨ-ਜੀਵਨ ਵੱਡੇ ਪੱਧਰ 'ਤੇ ਪ੍ਰਭਾਵਿਤ ਹੋ ਰਿਹਾ ਹੈ।
ਇਸ ਗਰਮੀ ਨੂੰ ਚੁਪੀਤਾ ਕਾਤਲ ਵੀ ਕਿਹਾ ਜਾ ਰਿਹਾ ਹੈ। ਮਿਲਾਨ ਅਤੇ ਰੋਮ 'ਚ ਤਾਪਮਾਨ ਲਗਭਗ 40 ਡਿਗਰੀ ਟੱਪਦਾ ਨਜ਼ਰੀ ਆ ਰਿਹਾ ਹੈ। ਮੌਸਮ ਵਿਭਾਗ ਨੇ ਦੇਸ਼ ਦੇ ਕਈ ਸ਼ਹਿਰਾਂ ਲਈ ਗਰਮੀ ਨੂੰ ਖਤਰਾ ਦੱਸਿਆ ਹੈ, ਜਦਕਿ ਇਹ ਗਰਮੀ ਕੁਝ ਦਿਨਾਂ 'ਚ 5 ਲੋਕਾਂ ਲਈ ਕਾਲ ਬਣ ਚੁੱਕੀ ਹੈ, ਜਿਨ੍ਹਾਂ 'ਚ ਬਾਰੀ ਤੋਂ ਬਾਅਦ ਲੋਦੀ ਖੇਤਰ 'ਚ ਖੇਤ 'ਚ 57 ਸਾਲ ਦੇ ਵਿਅਕਤੀ ਦੀ ਮੌਤ, ਪਿਆਚੇਂਸਾ 'ਚ 61 ਸਾਲਾ ਵਿਅਕਤੀ ਦੀ ਮੌਤ, ਪਾਵੀਆ ਖੇਤਰ 'ਚ 56 ਸਾਲਾ ਵਿਅਕਤੀ ਦੀ ਮੌਤ, ਨਾਪੋਲੀ 'ਚ ਇੱਕ ਬੇਘਰ ਗਰੀਬ ਦੀ ਮੌਤ ਤੇ ਪਾਦੂਆ ਵਿਖੇ ਵਿਅਕਤੀ ਦੀ ਮੌਤ ਨਾਲ ਗਰਮੀ ਦਾ ਕਹਿਰ ਉਨ੍ਹਾਂ ਲੋਕਾਂ ਲਈ ਵੱਡਾ ਖਤਰਾ ਬਣ ਰਿਹਾ ਹੈ, ਜਿਹੜੇ ਕਿ ਵਧੇਰੀ ਉਮਰ ਦੇ ਹਨ। ਮੌਸਮ ਵਿਭਾਗ ਨੇ ਲੋਕਾਂ ਨੂੰ ਗਰਮੀ ਤੋਂ ਬਚਣ ਦੀ ਸਲਾਹ ਦਿੰਦਿਆਂ ਠੰਡੀਆਂ ਥਾਵਾਂ 'ਤੇ ਰਹਿਣ ਦੀ ਹਦਾਇਤ ਕੀਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
