ਇਟਲੀ ''ਚ ਬਿਨਾਂ ਪੇਪਰਾਂ ਵਾਲੇ ਭਾਰਤੀਆਂ ਦਾ ਕਾਰਾ, ਇਟਾਲੀਅਨ ਬਜ਼ੁਰਗ ਤੋਂ ਪੈਨਸ਼ਨ ਲੁੱਟਣ ਦੇ ਚੱਕਰ ''ਚ ਪਹੁੰਚੇ ਜੇਲ੍ਹ
Monday, Jul 06, 2026 - 06:07 AM (IST)
ਤੇਰਾਚੀਨਾ (ਦਲਵੀਰ ਸਿੰਘ ਕੈਂਥ) : ਇਟਲੀ ਵਿੱਚ ਵੱਧ ਰਹੇ ਅਪਰਾਧਾਂ ਵਿੱਚ ਪ੍ਰਵਾਸੀਆਂ ਦਾ ਨਾਂਅ ਆਉਣਾ ਇੱਕ ਆਮ ਜਿਹੀ ਗੱਲ ਬਣਦੀ ਜਾ ਰਹੀ ਹੈ। ਅਫ਼ਸੋਸ ਇਨ੍ਹਾਂ ਪ੍ਰਵਾਸੀਆਂ ਵਿੱਚ ਭਾਰਤੀਆਂ ਦਾ ਜ਼ਿਕਰ ਇਟਲੀ ਦੇ ਉਨ੍ਹਾਂ ਤਮਾਮ ਕਿਰਤੀਆਂ, ਕਾਰੋਬਾਰੀਆਂ, ਧਾਰਮਿਕ ਤੇ ਸਮਾਜ-ਸੇਵੀ ਭਾਰਤੀ ਸ਼ਖਸੀਅਤਾਂ ਨੂੰ ਕੱਖੋਂ ਹੋਲੇ ਕਰਦਾ ਨਜ਼ਰੀਂ ਆਉਂਦਾ ਹੈ, ਜਿਹੜੇ ਕਿ ਇਟਲੀ ਵਿੱਚ ਸਦਾ ਹੀ ਇਮਾਨਦਾਰੀ ਨਾਲ ਮਿਹਨਤ ਕਰ ਮਾਣ-ਸਨਮਾਨ ਨਾਲ ਜ਼ਿੰਦਗੀ ਨੂੰ ਹੰਢਾਅ ਰਹੇ ਹਨ। ਉਂਝ ਤਾਂ ਇਟਲੀ ਦੇ ਵੱਖ-ਵੱਖ ਖੇਤਰਾਂ ਵਿੱਚ ਕੁਝ ਭਾਰਤੀ ਅਪਰਾਧਿਕ ਬਿਰਤੀ ਵਾਲੇ ਲੋਕ ਬਿਨਾਂ ਸੋਚੇ ਅਜਿਹੇ ਕੰਮਾਂ ਨੂੰ ਅੰਜਾਮ ਦੇਣ ਵਿੱਚ ਕੋਈ ਕਸਰ ਨਹੀਂ ਛੱਡਦੇ ਜਿਹੜੇ ਕਿ ਬਾਅਦ ਵਿੱਚ ਬੰਦੇ ਨੂੰ ਸਿਵਾਏ ਜੇਲ੍ਹ ਦੇ ਹੋਰ ਕਿਧਰੇ ਨਹੀਂ ਲੈ ਜਾਂਦੇ।
ਇਹ ਵੀ ਪੜ੍ਹੋ : ਅਯਾਤੁੱਲਾ ਅਲੀ ਖਮੇਨੀ ਦੀ ਹੋਈ ਅੰਤਿਮ ਅਰਦਾਸ, ਲੱਖਾਂ ਲੋਕਾਂ ਨੇ ਦਿੱਤੀ ਸ਼ਰਧਾਂਜਲੀ
ਪਰ ਬੀਤੀ ਰਾਤ ਇਟਲੀ ਦੇ ਮਿੰਨੀ ਪੰਜਾਬ ਕਰਕੇ ਜਾਣੇ ਜਾਂਦੇ ਸੂਬੇ ਲਾਸੀਓ ਦੇ ਜ਼ਿਲ੍ਹਾ ਲਾਤੀਨਾ ਅਧੀਨ ਆਉਂਦੇ ਸ਼ਹਿਰ ਤੇਰਾਚੀਨਾ ਵਿੱਚ 3 ਭਾਰਤੀਆਂ ਨੇ ਜਿਹੜਾ ਕਾਂਡ ਇੱਕ 80 ਸਾਲਾ ਇਟਾਲੀਅਨ ਬਜ਼ੁਰਗ ਨਾਲ ਲੁੱਟ ਕਰਨ ਦੀ ਕੋਸ਼ਿਸ਼ ਕੀਤੀ, ਉਸ ਨੇ ਇਲਾਕੇ ਦੇ ਸਾਰੇ ਭਾਰਤੀ ਭਾਈਚਾਰੇ ਨੂੰ ਇਟਾਲੀਅਨ ਲੋਕਾਂ ਦੀ ਨਿੰਦਿਆਂ ਦਾ ਪਾਤਰ ਬਣਾ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ 3 ਬੇਘਰ ਭਾਰਤੀ ਬਿਨਾਂ ਪੇਪਰਾਂ ਦੇ ਤੇਰਾਚੀਨਾ ਇਲਾਕੇ ਵਿੱਚ ਇਧਰ-ਉਧਰ ਘੁੰਮ ਕੇ ਆਪਣਾ ਡੰਗ ਟਪਾ ਰਹੇ ਸਨ ਕਿ ਬੀਤੀ ਰਾਤ ਇਹਨਾਂ ਤਿੰਨਾਂ ਨੇ ਸ਼ਹਿਰ ਤੇਰਾਚੀਨਾ ਦੇ ਵਿਚਕਾਰ ਇੱਕ 80 ਸਾਲਾ ਇਟਾਲੀਅਨ ਤੋਂ ਉਸ ਨੂੰ ਮਿਲੀ ਪੈਨਸ਼ਨ ਦੀ ਰਕਮ ਖੋਹਣ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਹੀ ਬਜ਼ੁਰਗ ਦੇ ਪਰਿਵਾਰ ਦੇ ਇੱਕ ਵਿਅਕਤੀ ਨੇ ਆ ਕੇ ਉਹਨਾਂ ਦਾ ਵਿਰੋਧ ਕੀਤਾ। ਪੇਸ਼ ਚੱਲਦੀ ਨਾ ਦੇਖ ਕੇ ਇੱਕ ਭਾਰਤੀ ਤਾਂ ਘਟਨਾ ਸਥਾਨ ਤੋਂ ਰੱਫੂਚੱਕਰ ਹੋ ਗਿਆ, ਜਦੋਂ ਕਿ ਦੂਜੇ ਦੋਵੇਂ ਇੱਕ 28 ਸਾਲਾ ਤੇ ਇੱਕ 48 ਸਾਲਾ ਭਾਰਤੀ ਹਾਲੇ ਵੀ ਘਟਨਾ ਨੂੰ ਅੰਜਾਮ ਦੇਣਾ ਚਾਹੁੰਦੇ ਸੀ। ਇਟਾਲੀਅਨ ਪਰਿਵਾਰ ਨੇ 112 ਨੰਬਰ 'ਤੇ ਕਾਲ ਕਰ ਸਾਰੀ ਘਟਨਾ ਦੀ ਜਾਣਕਾਰੀ ਪੁਲਸ ਨੂੰ ਦੇ ਦਿੱਤੀ। ਪੁਲਸ ਦੀ ਟੀਮ ਬਿਨਾਂ ਦੇਰ ਘਟਨਾ ਸਥਾਨ 'ਤੇ ਪਹੁੰਚ ਗਈ ਜਿਸ ਨੇ ਸਾਰੀ ਘਟਨਾ ਦਾ ਜਾਇਜ਼ਾ ਲੈਣ ਉਪੰਰਤ ਦੋਵਾਂ ਭਾਰਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਲਾਤੀਨਾ ਜੇਲ੍ਹ ਭੇਜ ਦਿੱਤਾ ਹੈ। ਫ਼ਰਾਰ 1 ਭਾਰਤੀ ਦੀ ਪੁਲਸ ਵੱਲੋਂ ਭਾਲ ਜਾਰੀ ਹੈ।
ਇਹ ਵੀ ਪੜ੍ਹੋ : ਹੁਣ ਬਦਰੀਨਾਥ ਦੇ ਚੜ੍ਹਾਵੇ 'ਚ ਵੀ ਹੇਰਾਫੇਰੀ ! ਜਾਂਚ ਲਈ ਕਮੇਟੀ ਦਾ ਗਠਨ
ਇਸ ਘਟਨਾ ਨੇ ਇਟਾਲੀਅਨ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਜਿਹੜਾ ਭਾਈਚਾਰਾ ਇਟਲੀ ਵਿੱਚ ਕਦੀਂ ਇਮਾਨਦਾਰੀ ਤੇ ਮਿਹਨਤੀ ਲੋਕਾਂ ਵਜੋਂ ਜਾਣਿਆ ਤੇ ਸਤਿਕਾਰਿਆ ਜਾਂਦਾ ਸੀ, ਅੱਜ ਉਸ ਭਾਈਚਾਰੇ ਦੇ ਕੁਝ ਲੋਕ ਅਪਰਾਧਾਂ ਵਿੱਚ ਮੋਹਰੀ ਬਣ ਇਟਲੀ ਦੇ ਭਾਰਤੀ ਨੌਜਵਾਨਾਂ ਦੇ ਭਵਿੱਖ ਨੂੰ ਧੁੰਦਲਾ ਕਰਨ ਦੀਆਂ ਲੀਹਾਂ 'ਤੇ ਪਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
