ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ 17ਵਾਂ ਮਹਾਨ ਸ਼ਹੀਦੀ ਸਮਾਗਮ
Tuesday, Jun 23, 2026 - 07:56 PM (IST)
ਰੋਮ (ਕੈਂਥ) : ਆਪਣੀ ਸ਼ਹਾਦਤ ਨਾਲ ਸੁੱਤੀ ਕੌਮ ਨੂੰ ਜਗਾਉਣ ਵਾਲੇ ਪੂਰੀ ਜਿੰਦਗੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਝੰਡਾ ਬੁਲੰਦ ਕਰਨ ਵਾਲੇ ਮਹਾਨ ਸ਼ਹੀਦ ਸੰਤ ਰਾਮਾਨੰਦ ਜੀ ਅਤੇ ਉਨ੍ਹਾਂ ਦੇ ਨਾਲ 24-25 ਮਈ 2009 ਨੂੰ ਸ਼ਹੀਦ ਹੋਣ ਵਾਲੇ ਸਹੀਦ ਤੇਲੂ ਰਾਮ ਜੀ, ਸ਼ਹੀਦ ਬਲਕਾਰ ਜੀ, ਸ਼ਹੀਦ ਵਿਜੈ ਕੁਮਾਰ ਤੇ ਸ਼ਹੀਦ ਰਜਿੰਦਰ ਕੁਮਾਰ ਜਿਨ੍ਹਾਂ ਦਾ 17ਵਾਂ ਸ਼ਹੀਦੀ ਦਿਹਾੜਾ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਮੌਤੇਕਿਆ ਮਾਜੋਰੇ (ਵਿਚੈਂਸਾ) ਵਿਖੇ ਗੁਰਦਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ।

ਸ਼ਹੀਦੀ ਸਮਾਗਮ ਮੌਕੇ ਆਰੰਭੇ ਸ਼੍ਰੀ ਅੰਮ੍ਰਿਤਬਾਣੀ ਦੇ ਆਖੰਡ ਜਾਪਾਂ ਦੇ ਭੋਗ ਉਪੰਰਤ ਸ਼ਹੀਦ ਸੰਤ ਰਾਮਾਨੰਦ ਜੀ ਨੂੰ ਸੱਚੀ ਸ਼ਰਧਾਂਜਲੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਵਜ਼ੀਰ ਭਾਈ ਸਤਨਾਮ ਸਿੰਘ ਨੇ ਸ਼ਬਦ ਕੀਰਤਨ ਤੋਂ ਦੀਵਾਨ ਆਰੰਭ ਕੀਤੇ। ਇਸ ਮੌਕੇ ਭਾਰਤ ਦੀ ਧਰਤੀ ਤੋਂ ਆਈ ਪ੍ਰਸਿੱਧ ਮਿਸ਼ਨਰੀ ਗਾਇਕਾ ਬਬਲੀ ਵਿਰਦੀ ਨੇ ਆਪਣੀ ਦਮਦਾਰ ਤੇ ਬੁਲੰਦ ਆਵਾਜ਼ ਨਾਲ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਪ੍ਰਤੀ ਜਾਗਰੂਕ ਕਰਦਿਆਂ ਸ਼ਹੀਦ ਸੰਤ ਰਾਮਾਨੰਦ ਜੀ ਵੱਲੋਂ ਕੀਤੇ ਮਿਸ਼ਨਰੀ ਕਾਰਜਾਂ ਦੀ ਸਲਾਂਘਾ ਕਰਦਿਆਂ ਕਿਹਾ ਕਿ ਸਭ ਸੰਗਤਾਂ ਨੂੰ ਸ਼ਹੀਦ ਸੰਤ ਰਾਮਾਨੰਦ ਜੀ ਦੇ ਜੀਵਨ ਫ਼ਲਸਫੇ ਤੋਂ ਸੇਧ ਲੈਕੇ ਗੁਰੂ ਵਾਲੇ ਬਣ ਮਿਸ਼ਨ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ।

ਇਸ ਮੌਕੇ ਇਨਕਲਾਬੀ ਪ੍ਰੋਗਰਾਮ ਪੇਸ਼ ਕਰਕੇ ਮਿਸ਼ਨਰੀ ਗਾਇਕਾ ਨੇ ਸ਼ਬਦਾਂ ਨਾਲ ਸੰਗਤਾਂ ਅੰਦਰ ਇੱਕ ਨਵਾਂ ਉਤਸ਼ਾਹ ਭਰਿਆ।ਇਸ ਸ਼ਹੀਦੀ ਸਮਾਰੋਹ ਨੂੰ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਮੌਤੇਕਿਆ ਮਾਜੋਰੇ (ਵਿਚੈਂਸਾ) ਦੀ ਸਮੂਹ ਪ੍ਰਬੰਧਕ ਕਮੇਟੀ ਨੇ ਸੰਤਾਂ ਦੀ ਜੀਵਣੀ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸਾਨੂੰ ਵਿਦੇਸ਼ਾਂ ਵਿੱਚ ਰਹਿੰਦਿਆਂ ਹੋਇਆਂ ਵੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਉੱਪਰ ਡੱਟਵਾਂ ਪਹਿਰਾ ਦੇਣਾ ਚਾਹੀਦਾ ਹੈ ਤਦ ਹੀ ਸਤਿਗੁਰਾਂ ਦਾ ਸੁਪਨ ਸ਼ਹਿਰ ਬੇਗਮਪੁਰਾ ਸ਼ਹਿਰ ਕੋ ਨਾਉ ਵੱਸ ਸਕਦਾ ਹੈ।ਉਹਨਾਂ ਨੇ ਕਿਹਾ ਕਿ ਸਭ ਸੰਗਤ ਨੂੰ ਮਿਸ਼ਨ ਨਾਲ ਸਬੰਧਿਤ ਕਾਰਜ ਕਰਨੇ ਚਾਹੀਦੇ ਹਨ ਅਤੇ ਸੰਤਾਂ ਦੀ ਸ਼ਹੀਦੀ ਤੋਂ ਕੁਝ ਪ੍ਰੇਰਨਾ ਲੈਣੀ ਚਾਹੀਦੀ ਹੈ।ਇਸ ਮੌਕੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
