ਰੋਮ 'ਚ ਦਹਿਸ਼ਤ: ਬੰਗਲਾਦੇਸ਼ੀ ਪਰਿਵਾਰ ਦੇ 3 ਜੀਆਂ ਦਾ ਕਤਲ, 5 ਸਾਲ ਦੀ ਮਾਸੂਮ ਨੂੰ ਵੀ ਨਹੀਂ ਬਖਸ਼ਿਆ

Sunday, Jun 28, 2026 - 02:23 AM (IST)

ਰੋਮ 'ਚ ਦਹਿਸ਼ਤ: ਬੰਗਲਾਦੇਸ਼ੀ ਪਰਿਵਾਰ ਦੇ 3 ਜੀਆਂ ਦਾ ਕਤਲ, 5 ਸਾਲ ਦੀ ਮਾਸੂਮ ਨੂੰ ਵੀ ਨਹੀਂ ਬਖਸ਼ਿਆ

ਰੋਮ (ਦਲਵੀਰ ਸਿੰਘ ਕੈਂਥ) : ਰਾਜਧਾਨੀ ਰੋਮ ਵਿੱਚ ਬੀਤੀ ਰਾਤ ਇੱਕੋ ਪਰਿਵਾਰ ਦੇ 3 ਮੈਂਬਰਾਂ ਦਾ ਚਾਕੂ ਨਾਲ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਦੋਂਕਿ ਇਸ ਪਰਿਵਾਰ ਦਾ ਇੱਕ ਹੋਰ ਮੈਂਬਰ ਘਟਨਾ ਦੌਰਾਨ ਹਮਲਾਵਰ ਦਾ ਮੁਕਾਬਲਾ ਕਰਦੇ ਹੋਏ ਗੰਭੀਰ ਜ਼ਖਮੀ ਹੋ ਗਿਆ। 

ਇਟਾਲੀਅਨ ਮੀਡੀਏ ਅਨੁਸਾਰ ਇਹ ਦਰਦਨਾਕ ਤੇ ਦਿਲ ਕੰਬਾਊ ਘਟਨਾ ਬੰਗਲਾਦੇਸ਼ੀ ਪਰਿਵਾਰ ਨਾਲ ਘਟੀ ਹੈ ਜਿਹੜਾ ਕਿ ਰਾਜਧਾਨੀ ਰੋਮ ਦੇ ਇਲਾਕਾ ਕਾਜਾਲੋਤੀ ਦੀ ਸੜਕ ਮੌਨਤੀਲੀ-ਈ ਵਿਖੇ ਰਹਿੰਦਾ ਸੀ। ਇਸ ਪਰਿਵਾਰ ਦੇ ਮੁਖੀ ਦਾ ਨਾਮ ਕਮਾਲਉਦੀਨ (39), ਉਸਦੀ ਪਤਨੀ ਜਹਾਨ ਮੁਮਤਾਜ (38), ਬੇਟਾ ਓਨੀਅਨ (20) ਅਤੇ ਇੱਕ 5 ਸਾਲ ਦੀ ਬੇਟੀ ਅਰੋਵਾ 'ਤੇ ਬੀਤੀ ਰਾਤ ਕਰੀਬ 10 ਵਜੇ ਕਮਾਲਉਦੀਨ ਦੇ ਜਿਗਰੀ ਦੋਸਤ ਕਥਿਤ ਦੋਸ਼ੀ ਸ਼ਹਾਦਤ ਹੁਸੈਨ (43) ਬੰਗਲਾਦੇਸ਼ੀ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਇਹ ਘਟਨਾ ਪਰਿਵਾਰ ਦੀ ਰਿਹਾਇਸ਼ 'ਤੇ ਹੋਈ, ਜਦੋਂਕਿ ਲਾਸ਼ਾਂ ਰਿਹਾਇਸ਼ ਤੋਂ 100 ਮੀਟਰ ਦੂਰੀ 'ਤੇ ਪੁਲਸ ਨੂੰ ਖੂਨ ਨਾਲ ਲੱਥਪੱਥ ਮਿਲੀਆਂ। ਜਦੋਂ ਇਸ ਘਟਨਾ ਦਾ ਕਮਾਲਉਦੀਨ ਦੇ ਬੇਟੇ ਓਨੀਅਨ (20) ਨੂੰ ਪਤਾ ਲੱਗਾ ਤਾਂ ਉਸ ਨੇ ਘਰ ਆ ਕੇ ਹਮਲਾਵਰ ਕਥਿਤ ਦੋਸ਼ੀ ਹੁਸੈਨ ਨਾਲ ਮੁਕਾਬਲਾ ਕੀਤਾ ਅਤੇ ਇਸ ਲੜਾਈ ਦੌਰਾਨ ਓਨੀਅਨ ਗੰਭੀਰ ਜ਼ਖਮੀ ਹੋ ਗਿਆ।

ਇਹ ਵੀ ਪੜ੍ਹੋ : ਹੁਣ ਹਫ਼ਤੇ 'ਚ ਸਿਰਫ਼ 4 ਦਿਨ ਕਰਨਾ ਪਵੇਗਾ ਕੰਮ, 3 ਦਿਨ ਛੁੱਟੀ ! ਦੁਬਈ 'ਚ ਕਰਮਚਾਰੀਆਂ ਦੀਆਂ ਲੱਗੀਆਂ ਮੌਜਾਂ 

ਕਮਾਲਉਦੀਨ ਪਿਛਲੇ 15 ਸਾਲਾਂ ਤੋਂ ਇਟਲੀ ਵਿੱਚ ਰਹਿੰਦਿਆਂ ਇੱਕ ਸੁਪਰ ਮਾਰਕੀਟ ਵਿੱਚ ਕੰਮ ਕਰ ਰਿਹਾ ਸੀ ਅਤੇ ਉਸ ਦਾ ਪਰਿਵਾਰ ਕੁਝ ਸਾਲ ਪਹਿਲਾਂ ਹੀ ਬੰਗਲਾਦੇਸ਼ ਤੋਂ ਆਇਆ ਸੀ। ਇਸ ਖੂਨੀ ਘਟਨਾ ਨੂੰ ਜਦੋਂ ਕਮਾਲਉਦੀਨ ਦੇ ਗੁਆਂਢੀਆਂ ਦੇਖਿਆ ਤਾਂ ਤੁਰੰਤ ਪੁਲਸ ਨੂੰ ਕਾਲ ਕਰ ਦਿੱਤੀ ਪਰ ਪੁਲਸ ਆਉਣ ਪਹਿਲਾਂ ਹਮਲਾਵਰ ਕਥਿਤ ਦੋਸ਼ੀ ਸ਼ਹਾਦਤ ਹੁਸੈਨ ਵਾਰਦਾਤ ਨੂੰ ਅੰਜਾਮ ਦੇ ਕੇ ਰੱਫੂਚੱਕਰ ਹੋ ਚੁੱਕਾ ਸੀ। ਪੁਲਸ ਨੇ ਆਉਂਦਿਆਂ ਹੀ ਸਾਰੀ ਕਾਲੋਨੀ ਨੂੰ ਸੀਲ ਕਰ ਜਾਂਚ ਸ਼ੁਰੂ ਕਰ ਦਿੱਤੀ। ਇਸ ਦੌਰਾਨ ਹੀ ਕਮਾਲਉਦੀਨ ਦਾ ਬੇਟਾ ਓਨੀਅਨ (20) ਗੰਭੀਰ ਹਾਲਤ ਵਿੱਚ ਪੁਲਸ ਨੂੰ ਮਿਲਿਆ, ਜਿਸ ਨੂੰ ਰੋਮ ਦੇ ਹਸਪਤਾਲ 'ਚ ਤੁਰੰਤ ਦਾਖਲ ਕਰਵਾਇਆ ਗਿਆ। 

ਇਟਲੀ ਪੁਲਸ ਇਸ ਤੀਹਰੇ ਕਤਲ ਦੀ ਗੁੱਥੀ ਸੁਲਝਾਉਣ ਲਈ ਬਹੁਤ ਹੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ ਪਰ ਖ਼ਬਰ ਲਿਖੇ ਜਾਣ ਤੱਕ ਕਥਿਤ ਦੋਸ਼ੀ ਸ਼ਹਾਦਤ ਹੁਸੈਨ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਸੀ, ਜਦੋਂ ਕਿ ਪੁਲਸ ਨੇ ਦੋਸ਼ੀ ਦੀ ਫੋਟੋ ਵੀ ਜਨਤਕ ਕਰ ਦਿੱਤੀ ਹੈ। ਕਥਿਤ ਦੋਸ਼ੀ ਸ਼ਹਾਦਤ ਹੁਸੈਨ (43) ਨੇ ਇਸ ਘਟਨਾ ਨੂੰ ਕਿਉਂ ਅੰਜਾਮ ਦਿੱਤਾ, ਇਸ ਗੱਲ ਦਾ ਬੰਗਲਾਦੇਸ਼ੀ ਭਾਈਚਾਰੇ ਸਮੇਤ ਹੋਰ ਲੋਕਾਂ ਨੂੰ ਵੀ ਕਾਰਨ ਪਤਾ ਨਹੀਂ ਲੱਗ ਸਕਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News