ਬੀਮਾਰ ਲੋਕਾਂ ਦਾ ਖਾਣਾ ਮੰਨਿਆ ਜਾਂਦਾ ਹੈ 'ਦਲੀਆ', ਜਾਣੋ ਹਰ ਵਿਅਕਤੀ ਲਈ ਕਿਉਂ ਹੈ ਜ਼ਰੂਰੀ
Wednesday, Sep 11, 2024 - 01:43 PM (IST)

ਜਲੰਧਰ- ਦਲੀਆ ਇਕ ਸਾਬਤ ਅਨਾਜ ਹੈ। ਬੀਮਾਰ ਲੋਕਾਂ ਦਾ ਖਾਣਾ ਕਿਹਾ ਜਾਣ ਵਾਲਾ ਦਲੀਆ ਸਿਹਤਮੰਦ ਲੋਕਾਂ ਨੂੰ ਫਿੱਟ ਰੱਖਣ 'ਚ ਬਹੁਤ ਮਦਦ ਕਰਦਾ ਹੈ। ਇਸ ‘ਚ ਪ੍ਰੋਟੀਨ, ਵਿਟਾਮਿਨ-ਬੀ1, ਬੀ2, ਫਾਈਬਰ ਅਤੇ ਹੋਰ ਪੋਸ਼ਕ ਤੱਤ ਕਾਫ਼ੀ ਮਾਤਰਾ ’ਚ ਪਾਏ ਜਾਂਦੇ ਹਨ। ਦਲੀਆ ਖਾਣ ’ਚ ਜਿੰਨਾ ਸੁਆਦ ਹੁੰਦਾ ਹੈ, ਉਸ ਤੋਂ ਵੱਧ ਇਹ ਸਰੀਰ ਲਈ ਚੰਗਾ ਮੰਨਿਆ ਜਾਂਦਾ ਹੈ। ਦਲੀਆ ਕੋਲੈਸਟ੍ਰਾਲ ਲੈਵਲ ਨੂੰ ਘੱਟ ਕਰਨ ’ਚ ਸਾਡੀ ਮਦਦ ਕਰਦਾ ਹੈ। ਸਵੇਰ ਦੇ ਸਮੇਂ ਦਲੀਆ ਖਾਣ ਨਾਲ ਸਾਰਾ ਦਿਨ ਸਰੀਰ ਨੂੰ ਐਨਰਜ਼ੀ ਮਿਲਦੀ ਰਹਿੰਦੀ ਹੈ। ਨਾਸ਼ਤੇ ‘ਚ ਖਾਧਾ ਦਲੀਆ ਸਰੀਰ ‘ਚ ਪੌਸ਼ਟਿਕ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਲਈ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ। ਦਲੀਏ ਦੇ ਪੋਸ਼ਕ ਤੱਤ ਸਰੀਰ 'ਚੋਂ ਵਾਧੂ ਚਰਬੀ ਨੂੰ ਘੱਟ ਕਰਦੇ ਹਨ ਅਤੇ ਸਰੀਰ ਨੂੰ ਤਾਕਤ ਦਿੰਦੇ ਹਨ। ਇਸ ’ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ।
ਦਲੀਆ ਖਾਣ ਨਾਲ ਹੋਣ ਵਾਲੇ ਫਾਇਦੇ...
1. ਸ਼ੂਗਰ ਨੂੰ ਘੱਟ ਕਰੇ
ਦਲੀਆ ਸ਼ੁਗਰ ਦੇ ਮਰੀਜ਼ਾ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਰੋਜਾਨਾ ਦਲੀਏ ਦਾ ਸੇਵਨ ਕਰਨ ਨਾਲ ਡਾਇਬਟੀਜ ਘੱਟ ਹੁੰਦੀ ਹੈ।
2. ਐਨਰਜੀ ਵਧਾਵੇ
ਸਰੀਰ ’ਚ ਐਨਰਜੀ ਵਧਾਉਣ ਦਾ ਸਭ ਤੋਂ ਵਧੀਆ ਸਰੋਤ ਦਲੀਆ ਮੰਨਿਆ ਜਾਂਦਾ ਹੈ। ਦਲੀਏ ’ਚ ਭਰਪੂਰ ਮਾਤਰਾ ’ਚ ਵਿਟਾਮਿਨਸ ਪਾਏ ਜਾਂਦੇ ਹਨ, ਜੋ ਸਾਡੇ ਸਰੀਰ ਨੂੰ ਉਰਜਾ ਪ੍ਰਦਾਨ ਕਰਦੇ ਹਨ।
3. ਚਰਬੀ ਘੱਟ ਕਰੇ
ਦਲੀਏ ਦੇ ਸੇਵਨ ਨਾਲ ਸਾਡੇ ਸਰੀਰ ਦੀ ਵਧੀ ਹੋਈ ਚਰਬੀ ਘੱਟ ਹੁੰਦੀ ਹੈ। ਚਰਬੀ ਘੱਟ ਹੋਣ ਨਾਲ ਸਾਡੇ ਸਰੀਰ ਦੀ ਫਿਟਨੈਸ ਬਣੀ ਰਹਿੰਦੀ ਹੈ।
4. ਮੋਟਾਪਾ ਕੰਟਰੋਲ ਕਰੇ
ਰੋਜਾਨਾ ਸਵੇਰੇ ਦਲੀਏ ਦੇ ਸੇਵਨ ਨਾਲ ਤੁਹਾਡਾ ਢਿੱਡ ਪੂਰਾ ਦਿਨ ਭਰਿਆ ਰਹਿੰਦਾ ਹੈ। ਇਸ ਨਾਲ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ ਅਤੇ ਮੋਟਾਪਾ ਕੰਟਰੋਲ ’ਚ ਰਹਿੰਦਾ ਹੈ।
5. ਹੱਡੀਆਂ ਮਜਬੂਤ ਕਰੇ
ਦਲੀਏ ’ਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੀ ਮਾਤਰਾ ਵੀ ਪਾਈ ਜਾਂਦੀ ਹੈ, ਜੋ ਸਾਡੀ ਹੱਡੀਆਂ ਨੂੰ ਮਜਬੂਤ ਕਰਨ ’ਚ ਮਦਦ ਕਰਦਾ ਹੈ। ਇਸ ਲਈ ਰੋਜਾਨਾ ਦਲੀਏ ਦਾ ਸੇਵਨ ਕਰਨ ਨਾਲ ਹੱਡੀਆਂ ਮਜਬੂਤ ਰਹਿੰਦੀਆਂ ਹਨ।
6. ਪਾਚਨ ਪ੍ਰਣਾਲੀ
ਦਲੀਆ ਖਾਣ ਨਾਲ ਪਾਚਨ ਪ੍ਰਣਾਲੀ ਬਿਹਤਰ ਤਰੀਕੇ ਨਾਲ ਕੰਮ ਕਰਦੀ ਹੈ। ਇਸ 'ਚ ਮੌਜੂਦ ਫਾਈਬਰ ਪੇਟ ਸੰਬੰਧੀ ਕਈ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ।
7. ਕਬਜ਼ ਨੂੰ ਦੂਰ ਕਰੇ
ਜੇਕਰ ਤੁਸੀਂ ਕਬਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਰੋਜ਼ਾਨਾ 1 ਕੋਲੀ ਦਲੀਏ ਦੀ ਜ਼ਰੂਰ ਖਾਓ। ਇਸ 'ਚ ਭਰਪੂਰ ਮਾਤਰਾ 'ਚ ਫਾਈਬਰ ਪਾਇਆ ਜਾਂਦਾ ਹੈ, ਜੋ ਪਾਚਨ ਨੂੰ ਠੀਕ ਕਰਨ 'ਚ ਮਦਦ ਕਰਦਾ ਹੈ। ਇਸ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
8. ਬ੍ਰੈਸਟ ਕੈਂਸਰ ਤੋਂ ਬਚਾਏ
ਦਲੀਆ 'ਚ ਫਾਈਬਰ ਮੌਜੂਦ ਹੁੰਦਾ ਹੈ, ਜਿਸ ’ਚ ਬ੍ਰੈਸਟ ਕੈਂਸਰ ਨਾਲ ਲੜਨ ਦੀ ਸਮਰਥਾ ਹੁੰਦੀ ਹੈ। ਔਰਤਾਂ ਨੂੰ ਖਾਸ ਤੌਰ 'ਤੇ ਦਲੀਏ ਦੀ ਵਰਤੋਂ ਕਰਨੀ ਚਾਹੀਦੀ ਹੈ, ਇਸ ਨਾਲ ਉਨ੍ਹਾਂ ਨੂੰ ਬ੍ਰੈਸਟ ਕੈਂਸਰ ਦਾ ਖਤਰਾ ਨਹੀਂ ਰਹਿੰਦਾ।
9. ਕੋਲੈਸਟਰੋਲ
ਦਲੀਆ ਊਰਜਾ ਦਾ ਬਿਹਤਰੀਨ ਸਰੋਤ ਹੈ। ਦਲੀਆ ਕਿਸੇ ਵੀ ਮਸਾਲੇਦਾਰ ਸੁਆਦੀ ਖਾਣੇ ਦੇ ਬਦਲੇ ਤੁਹਾਨੂੰ ਦੁਗਣੀ ਊਰਜਾ ਪ੍ਰਦਾਨ ਕਰਦਾ ਹੈ। ਇਸ ਦੇ ਇਲਾਵਾ ਇਹ ਸਰੀਰ 'ਚ ਜ਼ਿਆਦਾ ਕੋਲੈਸਟਰੋਲ ਨਹੀਂ ਜੰਮਣ ਦਿੰਦਾ।
10. ਹੀਮੋਗਲੋਬਿਨ ਨੂੰ ਵਧਾਉਣ ’ਚ ਸਹਾਇਕ
ਜੇਕਰ ਤੁਹਾਡੇ ਸਰੀਰ ’ਚ ਹੀਮੋਗਲੋਬਿਨ ਦੀ ਕਮੀ ਹੋ ਗਈ ਹੈ ਤਾਂ ਤੁਹਾਨੂੰ ਦਲੀਏ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਦਲੀਏ ’ਚ ਭਰਪੂਰ ਮਾਤਰਾ ’ਚ ਆਇਰਨ ਪਾਇਆ ਜਾਂਦਾ ਹਨ, ਜੋ ਹੀਮੋਗਲੋਬਿਨ ਦੀ ਕਮੀ ਨੂੰ ਪੂਰਾ ਕਰਦਾ ਹੈ ।