ਸਰੀਰ ਨੂੰ ਅੰਦਰੋਂ ਖੋਖਲਾ ਕਰ ਰਹੀ ਹੈ 'ਥਾਇਰਾਈਡ' ਦੀ ਸਮੱਸਿਆ; ਜਾਣੋ ਲੱਛਣ ਅਤੇ ਬਚਾਅ ਦੇ ਤਰੀਕੇ
Monday, Feb 23, 2026 - 10:20 AM (IST)
ਹੈਲਥ ਡੈਸਕ - ਅਜੋਕੇ ਦੌਰ ਦੀ ਭੱਜ-ਦੌੜ ਭਰੀ ਜ਼ਿੰਦਗੀ ਅਤੇ ਗਲਤ ਖਾਣ-ਪੀਣ ਨੇ ਇਨਸਾਨੀ ਸਰੀਰ ਨੂੰ ਕਈ ਬਿਮਾਰੀਆਂ ਦਾ ਘਰ ਬਣਾ ਦਿੱਤਾ ਹੈ। ਇਨ੍ਹਾਂ 'ਚੋਂ ਹੀ ਇੱਕ ਨਾਮ ਹੈ 'ਥਾਇਰਾਈਡ'। ਅੰਕੜਿਆਂ ਮੁਤਾਬਕ, ਭਾਰਤ 'ਚ ਹਰ ਦਸਵਾਂ ਵਿਅਕਤੀ ਥਾਇਰਾਈਡ ਤੋਂ ਪੀੜਤ ਹੈ, ਜਿਨ੍ਹਾਂ 'ਚ ਔਰਤਾਂ ਦੀ ਗਿਣਤੀ ਸਭ ਤੋਂ ਵੱਧ ਹੈ। ਜੇਕਰ ਸਮੇਂ ਸਿਰ ਇਸ ਦੇ ਲੱਛਣਾਂ ਦੀ ਪਛਾਣ ਨਾ ਕੀਤੀ ਜਾਵੇ, ਤਾਂ ਇਹ ਦਿਲ ਦੀਆਂ ਬਿਮਾਰੀਆਂ ਅਤੇ ਮਾਨਸਿਕ ਤਣਾਅ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।
ਕੀ ਹੁੰਦਾ ਹੈ ਥਾਇਰਾਈਡ?
- ਥਾਇਰਾਈਡ ਗਲੇ ਦੇ ਅਗਲੇ ਹਿੱਸੇ 'ਚ ਇੱਕ ਤਿਤਲੀ ਦੇ ਆਕਾਰ ਦੀ ਗ੍ਰੰਥੀ ਹੁੰਦੀ ਹੈ। ਇਹ ਸਰੀਰ ਦੇ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਨ ਵਾਲੇ ਹਾਰਮੋਨ ਪੈਦਾ ਕਰਦੀ ਹੈ। ਜਦੋਂ ਇਹ ਹਾਰਮੋਨ ਲੋੜ ਤੋਂ ਵੱਧ ਜਾਂ ਘੱਟ ਬਣਨ ਲੱਗਦੇ ਹਨ, ਤਾਂ ਸਰੀਰ ਦਾ ਸੰਤੁਲਨ ਵਿਗੜ ਜਾਂਦਾ ਹੈ।
ਇਨ੍ਹਾਂ ਲੱਛਣਾਂ ਨੂੰ ਕਦੇ ਨਾ ਕਰੋ ਇਗਨੋਰ :-
- ਜੇਕਰ ਤੁਹਾਨੂੰ ਆਪਣੇ ਸਰੀਰ 'ਚ ਹੇਠ ਲਿਖੇ ਬਦਲਾਅ ਮਹਿਸੂਸ ਹੁੰਦੇ ਹਨ, ਤਾਂ ਤੁਰੰਤ ਡਾਕਟਰੀ ਜਾਂਚ ਕਰਵਾਓ :-
ਅਚਾਨਕ ਭਾਰ ਵਧਣਾ ਜਾਂ ਘਟਣਾ
- ਬਿਨਾਂ ਕਿਸੇ ਖਾਸ ਡਾਈਟ ਜਾਂ ਕਸਰਤ ਦੇ ਭਾਰ 'ਚ ਤੇਜ਼ੀ ਨਾਲ ਬਦਲਾਅ ਆਉਣਾ।
ਲਗਾਤਾਰ ਥਕਾਵਟ ਅਤੇ ਸੁਸਤੀ
- ਪੂਰੀ ਨੀਂਦ ਲੈਣ ਦੇ ਬਾਵਜੂਦ ਸਰੀਰ ਦਾ ਟੁੱਟਣਾ ਅਤੇ ਹਰ ਵੇਲੇ ਕਮਜ਼ੋਰੀ ਮਹਿਸੂਸ ਕਰਨਾ।
ਵਾਲਾਂ ਦਾ ਝੜਨਾ
- ਵਾਲਾਂ ਦਾ ਪਤਲਾ ਹੋਣਾ ਅਤੇ ਬਹੁਤ ਜ਼ਿਆਦਾ ਝੜਨਾ ਥਾਇਰਾਈਡ ਦੀ ਮੁੱਖ ਨਿਸ਼ਾਨੀ ਹੈ।
ਮਾਨਸਿਕ ਪਰੇਸ਼ਾਨੀ
- ਗੱਲ-ਗੱਲ 'ਤੇ ਘਬਰਾਹਟ ਹੋਣੀ, ਚਿੜਚਿੜਾਪਨ ਜਾਂ ਭੁੱਲਣ ਦੀ ਬਿਮਾਰੀ।
ਪੀਰੀਅਡਸ 'ਚ ਅਨਿਯਮਿਤਤਾ
- ਔਰਤਾਂ 'ਚ ਮਾਹਵਾਰੀ ਦਾ ਸਮੇਂ ਸਿਰ ਨਾ ਆਉਣਾ ਜਾਂ ਬਹੁਤ ਜ਼ਿਆਦਾ ਦਰਦ ਹੋਣਾ।
ਬਚਾਅ ਲਈ ਅਪਣਾਓ ਇਹ ਸੁਝਾਅ :-
- ਥਾਇਰਾਈਡ ਨੂੰ ਕੰਟਰੋਲ 'ਚ ਰੱਖਣ ਲਈ ਆਪਣੀ ਜੀਵਨ ਸ਼ੈਲੀ 'ਚ ਇਹ ਸੁਧਾਰ ਲਿਆਓ:
ਆਇਓਡੀਨ ਯੁਕਤ ਖੁਰਾਕ
- ਆਪਣੇ ਖਾਣੇ 'ਚ ਆਇਓਡੀਨ ਦੀ ਸਹੀ ਮਾਤਰਾ ਰੱਖੋ। ਜ਼ਿਆਦਾ ਤਲਿਆ-ਭੁੰਨਿਆ ਅਤੇ ਜੰਕ ਫੂਡ ਖਾਣ ਤੋਂ ਪਰਹੇਜ਼ ਕਰੋ।
ਨਿਯਮਿਤ ਕਸਰਤ ਤੇ ਯੋਗਾ
- ਰੋਜ਼ਾਨਾ 30-40 ਮਿੰਟ ਸੈਰ ਕਰੋ। ਥਾਇਰਾਈਡ ਲਈ ਸਰਵਾਂਗਾਸਨ' ਅਤੇ 'ਉੱਜਈ ਪ੍ਰਾਣਾਯਾਮ' ਸਭ ਤੋਂ ਉੱਤਮ ਮੰਨੇ ਜਾਂਦੇ ਹਨ।
ਤਣਾਅ ਤੋਂ ਦੂਰੀ
- ਮੈਡੀਟੇਸ਼ਨ ਕਰੋ ਅਤੇ ਆਪਣੀ ਨੀਂਦ ਪੂਰੀ ਲਓ। ਮਾਨਸਿਕ ਤਣਾਅ ਇਸ ਬਿਮਾਰੀ ਨੂੰ ਹੋਰ ਵਧਾਉਂਦਾ ਹੈ।
ਧਨੀਏ ਦਾ ਪਾਣੀ
- ਆਯੁਰਵੇਦ ਅਨੁਸਾਰ, ਸਵੇਰੇ ਖਾਲੀ ਪੇਟ ਧਨੀਏ ਦੇ ਬੀਜਾਂ ਦਾ ਪਾਣੀ ਪੀਣਾ ਥਾਇਰਾਈਡ ਦੇ ਮਰੀਜ਼ਾਂ ਲਈ ਬਹੁਤ ਲਾਹੇਵੰਦ ਹੈ।
