ਭਾਰ ਘਟਾਉਣ ਲਈ ਖ਼ੂਬ ਮਸ਼ਹੂਰ ਹੋ ਰਿਹੈ 9-1 ਰੂਲ, ਬਿਨਾਂ ਜਿਮ ਤੇ ਡਾਈਟ ਦੇ ਪਤਲਾ ਹੋ ਜਾਵੇਗਾ ਢਿੱਡ

Friday, Sep 06, 2024 - 01:55 PM (IST)

ਜਲੰਧਰ (ਬਿਊਰੋ)– ਅੱਜ ਦੇ ਸਮੇਂ ’ਤੇ ਮੋਟਾਪਾ ਇਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ, ਜੋ ਕਈ ਬੀਮਾਰੀਆਂ ਨੂੰ ਵੀ ਆਪਣੇ ਨਾਲ ਲਿਆਉਂਦਾ ਹੈ। ਅਜਿਹੇ ’ਚ ਹਰ ਕਿਸੇ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਆਪਣਾ ਭਾਰ ਕੰਟਰੋਲ ’ਚ ਰੱਖੇ। ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ’ਤੇ ਭਾਰ ਘਟਾਉਣ, ਸਹੀ ਸਰੀਰਕ ਭਾਰ ਬਰਕਰਾਰ ਰੱਖਣ, ਸਿਹਤਮੰਦ ਰਹਿਣ ਸਮੇਤ ਕਈ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ 9-1 ਰੂਲ ਕਾਫੀ ਮਸ਼ਹੂਰ ਹੋ ਰਿਹਾ ਹੈ। ਆਓ ਜਾਣਦੇ ਹਾਂ ਕਿ 9-1 ਰੂਲ ਕੀ ਹੈ ਤੇ ਸਰੀਰ ਨੂੰ ਇਸ ਤੋਂ ਕੀ-ਕੀ ਫ਼ਾਇਦੇ ਹੋ ਸਕਦੇ ਹਨ–

ਰੂਲ ਨੰਬਰ 9
ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਇਥੇ 9 ਦਾ ਮਤਲਬ ਰੋਜ਼ ਦੇ 9 ਹਜ਼ਾਰ ਸਟੈੱਪਸ ਤੋਂ ਹੈ। ਯਾਨੀ ਤੁਹਾਨੂੰ ਫਿੱਟ ਰਹਿਣ ਲਈ ਹਰ ਦਿਨ 9 ਹਜ਼ਾਰ ਸਟੈੱਪਸ ਪੂਰੇ ਕਰਨੇ ਪੈਣਗੇ। ਰਿਸਰਚ ਮੁਤਾਬਕ ਇਕ ਵਿਅਕਤੀ ਨੂੰ ਫਿੱਟ ਰਹਿਣ ਲਈ ਘੱਟ ਤੋਂ ਘੱਟ 9 ਹਜ਼ਾਰ ਸਟੈੱਪਸ ਜ਼ਰੂਰ ਚੱਲਣੇ ਚਾਹੀਦੇ ਹਨ। ਇਸ ਨਾਲ 250 ਤੋਂ 350 ਕੈਲਰੀ ਬਰਨ ਹੁੰਦੀ ਹੈ। ਇਨ੍ਹਾਂ ਸਟੈੱਪਸ ਨੂੰ ਤੁਸੀਂ ਪੂਰੇ ਦਿਨ ’ਚ ਕਦੇ ਵੀ ਪੂਰਾ ਕਰ ਸਕਦੇ ਹੋ।

ਰੂਲ ਨੰਬਰ 8
8 ਦਾ ਮਤਲਬ ਹੈ 8 ਗਲਾਸ ਪਾਣੀ। ਭਾਰ ਬਰਕਰਾਰ ਰੱਖਣ ਲਈ ਹਾਈਡ੍ਰੇਸ਼ਨ ਬਹੁਤ ਜ਼ਰੂਰੀ ਹੈ। ਹਰ ਦਿਨ ਘੱਟ ਤੋਂ ਘੱਟ 8 ਗਲਾਸ ਪਾਣੀ ਪੀਓ। ਇਸ ਨਾਲ ਤੁਹਾਡੇ ਸਰੀਰ ਦੇ ਅੰਗ ਚੰਗੀ ਤਰ੍ਹਾਂ ਨਾਲ ਕੰਮ ਕਰਨਗੇ ਤੇ ਭਾਰ ਘਟਾਉਣ ’ਚ ਵੀ ਮਦਦ ਮਿਲੇਗੀ।

ਰੂਲ ਨੰਬਰ 7
7 ਦਾ ਮਤਲਬ 7 ਘੰਟਿਆਂ ਦੀ ਨੀਂਦ ਤੋਂ ਹੈ। ਭਾਰ ਬਰਕਰਾਰ ਰੱਖਣ ਲਈ ਇਕ ਵਿਅਕਤੀ ਨੂੰ ਘੱਟ ਤੋਂ ਘੱਟ 7 ਘੰਟੇ ਸੌਣਾ ਚਾਹੀਦਾ ਹੈ, ਜਿਸ ਨਾਲ ਪੂਰਾ ਦਿਨ ਤੁਹਾਡਾ ਐਨਰਜੀ ਨਾਲ ਭਰਪੂਰ ਜਾਵੇਗਾ।

ਰੂਲ ਨੰਬਰ 6
6 ਦਾ ਮਤਲਬ ਹੈ 6 ਮਿੰਟ ਦੀ ਮੈਡੀਟੇਸ਼ਨ। ਦਿਨ ’ਚ ਇਕ ਸਮੇਂ ਕੀਤੀ 6 ਮਿੰਟ ਦੀ ਮੈਡੀਟੇਸ਼ਨ ਤੁਹਾਡਾ ਦਿਮਾਗ ਸ਼ਾਂਤ ਰੱਖਣ ਤੇ ਤੁਹਾਨੂੰ ਤਣਾਅ ਮੁਕਤ ਕਰਨ ’ਚ ਮਦਦ ਕਰਦੀ ਹੈ। ਸਵੇਰੇ ਕੀਤੀ ਮੈਡੀਟੇਸ਼ਨ ਸਭ ਤੋਂ ਚੰਗਾ ਨਤੀਜਾ ਦਿੰਦੀ ਹੈ।

ਇਹ ਖ਼ਬਰ ਵੀ ਪੜ੍ਹੋ : ਮੈਡੀਟੇਸ਼ਨ ਨਾਲ ਸਰੀਰ ਨੂੰ ਮਿਲਦੇ ਨੇ ਬੇਮਿਸਾਲ ਲਾਭ, ਗੁੱਸਾ ਦੂਰ ਕਰਨ ਦੇ ਨਾਲ ਦਿਮਾਗ ਰਹਿੰਦਾ ਹੈ ਤਣਾਅ ਮੁਕਤ

ਰੂਲ ਨੰਬਰ 5
5 ਦਾ ਮਤਲਬ ਹਰ ਰੋਜ਼ 5 ਤਰ੍ਹਾਂ ਦੇ ਫ਼ਲਾਂ ਤੇ ਸਬਜ਼ੀਆਂ ਖਾਣ ਤੋਂ ਹੈ। ਤੁਹਾਨੂੰ ਦਿਨ ’ਚ ਘੱਟ ਤੋਂ ਘੱਟ 2 ਸਰਵਿੰਗਸ ਫ਼ਲਾਂ ਦੀਆਂ ਤੇ 3 ਸਰਵਿੰਗਸ ਸਬਜ਼ੀਆਂ ਦੀਆਂ ਖਾਣੀਆਂ ਚਾਹੀਦੀਆਂ ਹਨ। ਇਸ ਨਾਲ ਸ਼ੂਗਰ, ਬਲੱਡ ਪ੍ਰੈਸ਼ਰ ਤੇ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਜਾਂਦਾ ਹੈ।

ਰੂਲ ਨੰਬਰ 4
4 ਦਾ ਮਤਲਬ ਹੈ ਕਿ ਤੁਹਾਨੂੰ ਆਪਣੇ ਕੰਮਕਾਜ ਦੇ 8 ਘੰਟਿਆਂ ’ਚ ਘੱਟ ਤੋਂ ਘੱਟ 4 ਛੋਟੀਆਂ-ਛੋਟੀਆਂ ਬ੍ਰੇਕਸ ਲੈਣੀਆਂ ਚਾਹੀਦੀਆਂ ਹਨ। ਸ਼ਾਰਟ ਬ੍ਰੇਕਸ ਤੁਹਾਡੀ ਕੰਮਕਾਜੀ ਸਮਰੱਥਾ ਨੂੰ ਵਧਾਉਂਦੀਆਂ ਹਨ। ਤੁਸੀਂ ਕੌਫੀ-ਚਾਹ ਦੀ ਬ੍ਰੇਕ ਜਾਂ ਸੀਟ ’ਤੇ ਹੀ ਬੈਠੇ-ਬੈਠੇ ਸਟ੍ਰੈਚਿੰਗ ਕਰ ਸਕਦੇ ਹੋ। ਇਸ ਨਾਲ ਤੁਹਾਡੀ ਮਾਨਸਿਕ ਸਿਹਤ ਚੰਗੀ ਰਹੇਗੀ।

ਰੂਲ ਨੰਬਰ 3
3 ਦਾ ਮਤਲਬ ਹੈ ਦਿਨ ’ਚ 3 ਸਿਹਤਮੰਦ ਭੋਜਨ। ਸਵੇਰ, ਦੁਪਹਿਰ ਤੇ ਰਾਤ ਦੇ ਖਾਣੇ ਨੂੰ ਕਦੇ ਵੀ ਨਾ ਛੱਡੋ ਕਿਉਂਕਿ ਇਸ ਨਾਲ ਤੁਸੀਂ ਬੇਵਕਤੀ ਜ਼ਿਆਦਾ ਖਾਣ ਲੱਗਦੇ ਹੋ। ਤੁਹਾਡੇ ਇਹ 3 ਭੋਜਨ ਪੂਰੀ ਤਰ੍ਹਾਂ ਨਾਲ ਸਿਹਤਮੰਦ ਤੇ ਪੋਸ਼ਣ ਨਾਲ ਭਰਪੂਰ ਹੋਣੇ ਚਾਹੀਦੇ ਹਨ।

ਰੂਲ ਨੰਬਰ 2
2 ਦਾ ਮਤਲਬ ਹੈ ਕਿ ਤੁਹਾਡੇ ਸੌਣ ਤੇ ਰਾਤ ਦੇ ਖਾਣੇ ਵਿਚਾਲੇ 2 ਘੰਟਿਆਂ ਦਾ ਅੰਤਰ ਹੋਣਾ ਚਾਹੀਦਾ ਹੈ। ਭਾਰ ਘਟਾਉਣ ਤੇ ਸਿਹਤਮੰਦ ਰਹਿਣ ਲਈ ਰਾਤ ਨੂੰ ਜਲਦੀ ਭੋਜਨ ਕਰਨਾ ਜ਼ਰੂਰੀ ਹੈ।

ਰੂਲ ਨੰਬਰ 1
1 ਦਾ ਮਤਲਬ ਰੋਜ਼ਾਨਾ ਕੋਈ ਵੀ ਇਕ ਸਰੀਰਕ ਕਸਰਤ ਕਰਨ ਤੋਂ ਹੈ। ਇਸ ’ਚ ਵਾਕ, ਜਾਗਿੰਗ, ਰਨਿੰਗ ਜਾਂ ਕੋਈ ਹੋਰ ਸਰੀਰਕ ਕਸਰਤ ਸ਼ਾਮਲ ਹੋ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਚ ਦੱਸੇ ਗਏ ਸੁਝਾਅ ਆਮ ਜਾਣਕਾਰੀ ’ਤੇ ਆਧਾਰਿਤ ਹਨ। ਇਸ ਲਈ ਕਿਸੇ ਵੀ ਇਲਾਜ, ਦਵਾਈ ਜਾਂ ਡਾਈਟ ਨੂੰ ਅਮਲ ’ਚ ਲਿਆਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।


sunita

Content Editor

Related News