ਮਾਪੇ ਸਾਵਧਾਨ! ਬੱਚਿਆਂ ''ਚ ਇਨ੍ਹਾਂ 6 ਲੱਛਣਾਂ ਨੂੰ ਕਦੇ ਨਾ ਕਰੋ ਨਜ਼ਰਅੰਦਾਜ਼, ਹੋ ਸਕਦੇ ਹਨ ਜਾਨਲੇਵਾ
Saturday, Feb 14, 2026 - 01:02 PM (IST)
ਹੈਲਥ ਡੈਸਕ - ਬੱਚਿਆਂ ਦਾ ਖੇਡਦੇ-ਖੇਡਦੇ ਬਿਮਾਰ ਹੋਣਾ ਇਕ ਆਮ ਗੱਲ ਹੈ ਪਰ ਕੁਝ ਅਜਿਹੇ ਲੱਛਣ ਹੁੰਦੇ ਹਨ ਜਿਨ੍ਹਾਂ ਨੂੰ ਅਣਗੌਲਿਆ ਕਰਨਾ ਮਾਪਿਆਂ ਲਈ ਭਾਰੀ ਪੈ ਸਕਦਾ ਹੈ। ਬਲੂ ਫਿਸ਼ ਪੀਡੀਆਟ੍ਰਿਕਸ ਦੀ ਮਾਹਿਰ ਡਾਕਟਰ ਅਮਾਂਡਾ ਚੈਨ ਨੇ ਮਾਪਿਆਂ ਨੂੰ ਛੇ ਅਜਿਹੇ ਗੰਭੀਰ ਸੰਕੇਤਾਂ ਬਾਰੇ ਸੁਚੇਤ ਕੀਤਾ ਹੈ, ਜਿਨ੍ਹਾਂ ਨੂੰ ਕਦੇ ਵੀ ਹਲਕੇ 'ਚ ਨਹੀਂ ਲੈਣਾ ਚਾਹੀਦਾ। ਇਕ ਅੰਕੜੇ ਮੁਤਾਬਕ, ਅਮਰੀਕਾ ਵਿੱਚ ਬੱਚੇ ਹਰ ਸਾਲ ਜ਼ੁਕਾਮ, ਫਲੂ ਅਤੇ ਹੋਰ ਇਨਫੈਕਸ਼ਨਾਂ ਕਾਰਨ ਲਗਭਗ 2.2 ਕਰੋੜ ਸਕੂਲੀ ਦਿਨ ਗੁਆ ਦਿੰਦੇ ਹਨ। ਅਜਿਹੇ ਵਿੱਚ ਬੱਚਿਆਂ ਦੀ ਸਿਹਤ ਪ੍ਰਤੀ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ।
ਇਹ ਹਨ ਉਹ 6 ਲੱਛਣ ਜਿਨ੍ਹਾਂ 'ਤੇ ਰੱਖਣੀ ਚਾਹੀਦੀ ਹੈ ਨਜ਼ਰ :-
ਸਰੀਰ 'ਤੇ ਧੱਫੜ
- ਜੇਕਰ ਬੱਚੇ ਦੇ ਸਰੀਰ 'ਤੇ ਧੱਫੜ ਦੇ ਨਾਲ-ਨਾਲ ਦਰਦ, ਬੁਖਾਰ, ਉਲਟੀਆਂ ਜਾਂ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਹੋਵੇ, ਤਾਂ ਇਹ ਗੰਭੀਰ ਹੋ ਸਕਦਾ ਹੈ। ਚਿਹਰੇ ਜਾਂ ਬੁੱਲ੍ਹਾਂ 'ਤੇ ਸੋਜ ਹੋਣ ਦੀ ਸੂਰਤ 'ਚ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਪੇਟ ਦੀ ਇਨਫੈਕਸ਼ਨ ਅਤੇ ਉਲਟੀਆਂ
- ਜੇਕਰ ਬੱਚਾ ਉਲਟੀਆਂ ਕਾਰਨ ਪਾਣੀ ਜਾਂ ਤਰਲ ਪਦਾਰਥ ਪਚਾਉਣ 'ਚ ਅਸਮਰੱਥ ਹੈ, ਤਾਂ ਉਸ ਨੂੰ ਡੀਹਾਈਡ੍ਰੇਸ਼ਨ ਹੋ ਸਕਦੀ ਹੈ। ਅਜਿਹੇ 'ਚ ਆਈ.ਵੀ. ਫਲੂਇਡਜ਼ ਦੀ ਲੋੜ ਪੈ ਸਕਦੀ ਹੈ।
ਤੇਜ਼ ਬੁਖਾਰ
- ਨਵਜੰਮੇ ਬੱਚਿਆਂ 'ਚ 100.4 ਡਿਗਰੀ ਜਾਂ ਉਸ ਤੋਂ ਵੱਧ ਬੁਖਾਰ ਬਹੁਤ ਖ਼ਤਰਨਾਕ ਹੋ ਸਕਦਾ ਹੈ। ਇਹ ਮੇਨਿਨਜਾਈਟਿਸ ਜਾਂ ਖੂਨ ਦੀ ਇਨਫੈਕਸ਼ਨ ਵਰਗੀਆਂ ਜਾਨਲੇਵਾ ਬਿਮਾਰੀਆਂ ਦਾ ਸੰਕੇਤ ਹੋ ਸਕਦਾ ਹੈ।
ਗਰਦਨ ਦਾ ਅਕੜਾਅ
- ਜੇਕਰ ਬੱਚੇ ਨੂੰ ਬੁਖਾਰ ਦੇ ਨਾਲ-ਨਾਲ ਗਰਦਨ ਮੋੜਨ 'ਚ ਤਕਲੀਫ ਹੋ ਰਹੀ ਹੈ, ਤਾਂ ਇਹ ਦਿਮਾਗੀ ਬੁਖਾਰ ਦਾ ਲੱਛਣ ਹੋ ਸਕਦਾ ਹੈ, ਜਿਸ ਲਈ ਤੁਰੰਤ ਐਮਰਜੈਂਸੀ ਸਹਾਇਤਾ ਦੀ ਲੋੜ ਹੁੰਦੀ ਹੈ।
ਲਗਾਤਾਰ ਸਿਰ ਦਰਦ
- ਸਿਰ ਦਰਦ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਿ ਨੀਂਦ ਦੀ ਕਮੀ ਜਾਂ ਮਾਈਗ੍ਰੇਨ। ਪਰ ਜੇਕਰ ਸਿਰ ਦਰਦ ਲਗਾਤਾਰ ਬਣਿਆ ਰਹਿੰਦਾ ਹੈ, ਤਾਂ ਇਹ ਕਿਸੇ ਇਨਫੈਕਸ਼ਨ ਜਾਂ ਗੰਭੀਰ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ।
ਸਾਹ ਲੈਣ ਵਿੱਚ ਤਕਲੀਫ
- ਚਾਹੇ ਇਹ ਦਮਾ ਹੋਵੇ ਜਾਂ ਬੱਚੇ ਦੇ ਗਲੇ 'ਚ ਕੁਝ ਫਸ ਗਿਆ ਹੋਵੇ, ਸਾਹ ਲੈਣ ਵਿੱਚ ਦਿੱਕਤ ਹੋਣ 'ਤੇ ਬਿਨਾਂ ਦੇਰੀ ਕੀਤੇ ਡਾਕਟਰ ਕੋਲ ਜਾਣਾ ਚਾਹੀਦਾ ਹੈ।
ਡਾਕਟਰੀ ਸਲਾਹ
- ਡਾਕਟਰਾਂ ਦਾ ਕਹਿਣਾ ਹੈ ਕਿ ਮਾਪਿਆਂ ਨੂੰ ਹਮੇਸ਼ਾ ਬੱਚਿਆਂ ਦੇ ਵਿਹਾਰ ਅਤੇ ਇਨ੍ਹਾਂ ਲੱਛਣਾਂ 'ਤੇ ਨਜ਼ਰ ਰੱਖਣੀ ਚਾਹੀਦੀ ਹੈ। ਕਿਸੇ ਵੀ ਐਮਰਜੈਂਸੀ ਦੀ ਸੂਰਤ 'ਚ ਤੁਰੰਤ ਨਜ਼ਦੀਕੀ ਹਸਪਤਾਲ ਨਾਲ ਸੰਪਰਕ ਕਰੋ।
