‘ਵਿਸ਼ਵ ਦਿਲ ਦਿਵਸ’ ’ਤੇ ਵਿਸ਼ੇਸ਼ : ਸਿਹਤਮੰਦ ਅਤੇ ਲੰਮੀ ਜ਼ਿੰਦਗੀ ਜਿਊਣ ਲਈ ‘ਦਿਲ ਦਾ ਤੰਦਰੁਸਤ’ ਹੋਣਾ ਬਹੁਤ ਜ਼ਰੂਰੀ

Sunday, Sep 29, 2024 - 11:51 AM (IST)

ਜਲੰਧਰ- ਦਿਲ (ਹਾਰਟ) ਦਾ ਖਿਆਲ ਰੱਖਣ ਦੀ ਲੋੜ ਨੂੰ ਉਂਝ ਤਾਂ ਹਰ ਕੋਈ ਸਮਝਦਾ ਹੈ ਪਰ ਇਸਦੇ ਲਈ ਕੋਸ਼ਿਸ਼ ਕਰਨ ਵਾਲੇ ਬਹੁਤ ਘੱਟ ਲੋਕ ਹੁੰਦੇ ਹਨ ਅਤੇ ਸ਼ਾਇਦ ਇਹੀ ਮੁੱਖ ਕਾਰਨ ਹੈ ਕਿ ਪਹਿਲਾਂ ਦਿਲ ਦੀਆਂ ਬੀਮਾਰੀਆਂ ਬੁਢਾਪੇ ਵਿਚ ਹੁੰਦੀਆਂ ਸਨ, ਹੁਣ ਇਹ ਛੋਟੀ ਉਮਰ ਦੇ ਲੋਕਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਰਹੀਆਂ ਹਨ।

ਦਿਲ ਮਨੁੱਖੀ ਸਰੀਰ ਦੇ ਸਭ ਤੋਂ ਮਹੱਤਵਪੂਰਨ ਅੰਗਾਂ ਵਿਚੋਂ ਇਕ ਹੈ ਅਤੇ ਇਸਦੇ ਖਰਾਬ ਹੋਣ ’ਤੇ ਵਿਅਕਤੀ ਦੀ ਮੌਤ ਤਕ ਹੋ ਸਕਦੀ ਹੈ, ਇਸ ਲਈ ਦਿਲ ਦਾ ਸਹੀ ਢੰਗ ਨਾਲ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਦਿਲ ਛਾਤੀ ਦੇ ਖੱਬੇ ਪਾਸੇ ਧੜਕਦਾ ਪਾਨ ਦੇ ਆਕਾਰ ਦਾ ਇਕ ਉਹ ਛੋਟਾ ਜਿਹਾ ਅੰਗ ਹੈ, ਜਿਹੜਾ ਸਰੀਰ ਵਿਚ ਖੂਨ ਨੂੰ ਸਾਫ ਕਰਨ ਦਾ ਕੰਮ ਕਰਦਾ ਹੈ। ਜੇਕਰ ਤੁਸੀਂ ਸਿਹਤਮੰਦ ਅਤੇ ਲੰਮੀ ਜ਼ਿੰਦਗੀ ਜਿਊਣੀ ਚਾਹੁੰਦੇ ਹੋ ਤਾਂ ਆਪਣੇ ਦਿਲ ਨੂੰ ਪੂਰੀ ਤਰ੍ਹਾਂ ਤੰਦਰੁਸਤ ਰੱਖੋ, ਇਸ ਲਈ ਜ਼ਰੂਰੀ ਹੈ ਕਿ ਦਿਲ ਦੇ ਪ੍ਰਤੀ ਕੁਝ ਸਾਵਧਾਨੀਆਂ ਵਰਤੀਆਂ ਜਾਣ ਅਤੇ ਉਨ੍ਹਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇ।

ਲੋਕਾਂ ਨੂੰ ਦਿਲ ਦੀਆਂ ਬੀਮਾਰੀਆਂ ਬਾਰੇ ਜਾਗਰੂਕ ਕਰਨ ਦੇ ਮੰਤਵ ਨਾਲ ‘ਵਿਸ਼ਵ ਸਿਹਤ ਸੰਗਠਨ’ ਨੇ ਸੰਨ 2000 ਵਿਚ ‘ਵਿਸ਼ਵ ਦਿਲ ਦਿਵਸ’ (ਵਰਲਡ ਹਾਰਟ ਡੇਅ) ਮਨਾਉਣ ਦੀ ਸ਼ੁਰੂਆਤ ਕੀਤੀ ਸੀ ਅਤੇ ਉਦੋਂ ਤੋਂ ਇਹ ਸਤੰਬਰ ਮਹੀਨੇ ਦੇ ਆਖਰੀ ਐਤਵਾਰ ਨੂੰ ਮਨਾਇਆ ਜਾਂਦਾ ਸੀ। ਸੰਨ 2014 ਵਿਚ ‘ਵਿਸ਼ਵ ਦਿਲ ਦਿਵਸ’ ਮਨਾਉਣ ਦੀ ਤਰੀਕ 29 ਸਤੰਬਰ ਤੈਅ ਕੀਤੀ ਗਈ ਅਤੇ ਉਸ ਤੋਂ ਬਾਅਦ ਹੁਣ ਹਰ ਸਾਲ 29 ਸਤੰਬਰ ਨੂੰ ‘ਵਿਸ਼ਵ ਦਿਲ ਦਿਵਸ’ ਮਨਾਇਆ ਜਾਂਦਾ ਹੈ। ‘ਵਿਸ਼ਵ ਦਿਲ ਦਿਵਸ’ ਲਈ ਇਸ ਸਾਲ ਦਾ ਥੀਮ ‘ਯੂਜ਼ ਹਾਰਟ ਫਾਰ ਐਕਸ਼ਨ’ ਹੈ।

ਦਿਲ ਦੀਆਂ ਬੀਮਾਰੀਆਂ ਤੋਂ ਬਚਾਅ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

-ਬਲੱਡ ਪ੍ਰੈਸ਼ਰ ਅਤੇ ਸ਼ੂਗਰ ਨੂੰ ਕੰਟਰੋਲ ਰੱਖੋ।

-ਜ਼ਿਆਦਾ ਚਰਬੀ ਵਾਲੇ ਭੋਜਨ ਤੋਂ ਪ੍ਰਹੇਜ਼ ਕਰੋ।

-ਸਿਗਰਟਨੋਸ਼ੀ ਅਤੇ ਸ਼ਰਾਬ ਦਾ ਜ਼ਿਆਦਾ ਸੇਵਨ ਨਾ ਕਰੋ।

-ਜੰਕ ਫੂਡ ਦੀ ਜਗ੍ਹਾ ਪੌਸ਼ਟਿਕ ਖਾਣੇ ਦਾ ਸੇਵਨ ਕਰੋ।

-ਰੈਗੂਲਰ ਰੂਪ ਨਾਲ ਸੈਰ ਅਤੇ ਕਸਰਤ ਜ਼ਰੂਰ ਕਰੋ।

-ਤਣਾਅ ਰਹਿਤ ਜ਼ਿੰਦਗੀ ਜੀਓ।

-ਛਾਤੀ ਵਿਚ ਦਰਦ ਅਤੇ ਚੱਲਣ ’ਤੇ ਸਾਹ ਫੁੱਲਣ ’ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ।


ਸਿਗਰਟਨੋਸ਼ੀ, ਸ਼ਰਾਬ ਦਾ ਸੇਵਨ, ਬਲੱਡ ਪ੍ਰੈਸ਼ਰ ਤੇ ਸ਼ੂਗਰ ਦਿਲ ਦੀਆਂ ਬੀਮਾਰੀਆਂ ਦੇ ਮੁੱਖ ਕਾਰਨ

ਸ਼੍ਰੀਮਨ ਸੁਪਰ-ਸਪੈਸ਼ਲਿਟੀ ਹਸਪਤਾਲ ਦੇ ਸੀਨੀਅਰ ਕਾਰਡੀਓਲਾਜਿਸਟ ਅਤੇ ਡਾਇਰੈਕਟਰ ਡਾ. ਬੀ. ਪੀ. ਸ਼ਰਮਾ ਦਾ ਕਹਿਣਾ ਹੈ ਕਿ ਸਿਗਰਟਨੋਸ਼ੀ ਅਤੇ ਸ਼ਰਾਬ ਦਾ ਜ਼ਿਆਦਾ ਸੇਵਨ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਵੀ ਦਿਲ ਦੀਆਂ ਬੀਮਾਰੀਆਂ ਦੇ ਮੁੱਖ ਕਾਰਨ ਹਨ। ਉਨ੍ਹਾਂ ਕਿਹਾ ਕਿ ਜਿਹੜੇ ਪਰਿਵਾਰ ਵਿਚ ਦਿਲ ਦੀ ਬੀਮਾਰੀ ਤੋਂ ਪੀੜਤ ਕੋਈ ਮੈਂਬਰ ਹੋਵੇ ਤਾਂ ਬਾਕੀ ਮੈਂਬਰ ਨੂੰ ਵੀ ਦਿਲ ਦੀ ਬੀਮਾਰੀ ਹੋਣ ਦੀ ਸੰਭਾਵਨਾ ਆਮ ਲੋਕਾਂ ਤੋਂ ਜ਼ਿਆਦਾ ਇਸ ਲਈ ਹੁੰਦੀ ਹੈ ਕਿਉਂਕਿ ਇਹ ਜੈਨੇਟਿਕ ਬੀਮਾਰੀ ਵੀ ਹੈ। ਅਜਿਹੇ ਲੋਕਾਂ ਨੂੰ ਸਮੇਂ-ਸਮੇਂ ’ਤੇ ਆਪਣੇ ਦਿਲ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ।

ਹਾਈ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ਵਿਚ ਕਾਫੀ ਨੁਕਸਾਨ ਤੋਂ ਬਾਅਦ ਦਿਸਦੇ ਹਨ ਲੱਛਣ

ਇਨੋਸੈਂਟ ਹਾਰਟ ਮਲਟੀ-ਸਪੈਸ਼ਲਿਟੀ ਹਸਪਤਾਲ ਦੇ ਪ੍ਰਮੁੱਖ ਐੱਮ. ਡੀ. ਮੈਡੀਸਨ ਅਤੇ ਦਿਲ ਦੀਆਂ ਬੀਮਾਰੀਆਂ ਦੇ ਮਾਹਿਰ ਡਾ. ਚੰਦਰ ਬੌਰੀ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਦਿਲ ਦੀ ਬੀਮਾਰੀ ਦਾ ਖਤਰਾ ਹੈ। ਹਾਈ ਬਲੱਡ ਪ੍ਰੈਸ਼ਰ, ਹਾਈ ਕੋਲੈਸਟ੍ਰੋਲ ਅਤੇ ਸ਼ੂਗਰ ਪੀੜਤ ਮਰੀਜ਼ਾਂ ਵਿਚ ਅਕਸਰ ਉਦੋਂ ਤਕ ਕੋਈ ਲੱਛਣ ਨਹੀਂ ਦਿਸਦੇ, ਜਦੋਂ ਤਕ ਕਿ ਕਾਫੀ ਨੁਕਸਾਨ ਨਾ ਹੋ ਜਾਵੇ। ਰੈਗੂਲਰ ਸਿਹਤ ਜਾਂਚ ਨਾਲ ਦਿਲ ਦੀਆਂ ਬੀਮਾਰੀਆਂ ਦਾ ਜਲਦੀ ਪਤਾ ਲਾਇਆ ਜਾ ਸਕਦਾ ਹੈ ਅਤੇ ਇਸ ਨਾਲ ਬਿਹਤਰ ਪ੍ਰਬੰਧਨ ਅਤੇ ਅਗਲੀਆਂ ਸਮੱਸਿਆਵਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

ਹਾਰਟ ਫੇਲੀਅਰ ਦੇ ਮਰੀਜ਼ਾਂ ਦੀ ਮੌਤ ਦੇ ਮਾਮਲੇ ਭਾਰਤ ’ਚ ਜ਼ਿਆਦਾ

ਕੈਪੀਟੋਲ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਅਤੇ ਕਾਰਡੀਓਲਾਜਿਸਟ ਡਾ. ਹਰਨੂਰ ਸਿੰਘ ਪਰੂਥੀ ਦਾ ਕਹਿਣਾ ਹੈ ਕਿ ਹਾਰਟ ਫੇਲੀਅਰ ਭਾਰਤੀਆਂ ਵਿਚ ਦਿਲ ਦੀਆਂ ਬੀਮਾਰੀਆਂ ਦੀਆਂ ਪ੍ਰਮੁੱਖ ਸਮੱਸਿਆਵਾਂ ਵਿਚੋਂ ਇਕ ਹੈ ਅਤੇ ਇਹੀ ਕਾਰਨ ਹੈ ਕਿ ਭਾਰਤ ਵਿਚ ਇਸ ਨਾਲ ਹੋਣ ਵਾਲੀ ਮੌਤ ਦਰ ਹੋਰਨਾਂ ਦੇਸ਼ਾਂ ਤੋਂ ਕਿਤੇ ਜ਼ਿਆਦਾ ਹੈ। ਉਨ੍ਹਾਂ ਦੱਸਿਆ ਕਿ ਦਿਲ ਦੀਆਂ ਬੀਮਾਰੀਆਂ ਤੋਂ ਬਚਾਅ ਲਈ ਜਾਗਰੂਕਤਾ ਬਹੁਤ ਜ਼ਰੂਰੀ ਹੈ ਅਤੇ ਇਸਦੇ ਲਈ ਹਰ ਸਾਲ ‘ਵਿਸ਼ਵ ਦਿਲ ਦਿਵਸ’ ਮਨਾਇਆ ਜਾਂਦਾ ਹੈ।

ਛਾਤੀ ’ਚ ਹੋਣ ਵਾਲੇ ਦਰਦ ਨੂੰ ਅਣਡਿੱਠ ਨਾ ਕਰੋ

ਟੈਗੋਰ ਹਸਪਤਾਲ ਅਤੇ ਹਾਰਟ ਕੇਅਰ ਸੈਂਟਰ ਦੇ ਸੀਨੀਅਰ ਕਾਰਡੀਓਲਾਜਿਸਟ ਡਾ. ਨਿਪੁਨ ਮਹਾਜਨ ਦਾ ਕਹਿਣਾ ਹੈ ਕਿ ਛਾਤੀ ਵਿਚ ਹੋਣ ਵਾਲੇ ਦਰਦ ਨੂੰ ਅਣਡਿੱਠ ਨਾ ਕਰਦੇ ਹੋਏ ਉਸੇ ਸਮੇਂ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ, ਨਹੀਂ ਤਾਂ ਇਹ ਖਤਰਨਾਕ ਸਾਬਿਤ ਹੋ ਸਕਦਾ ਹੈ।

ਉਨ੍ਹਾਂ ਕਿਹਾ ਕਿ ਦਿਲ ਦੀਆਂ ਬੀਮਾਰੀਆਂ ਤੋਂ ਪੀੜਤ ਕਈ ਮਰੀਜ਼ ਹਾਰਟ ਅਟੈਕ ਦੇ ਸਮੇਂ ਪਹਿਲੇ ਗੋਲਡਨ ਆਵਰਸ ਨੂੰ ਗੁਆ ਦਿੰਦੇ ਹਨ, ਜਿਸ ਨਾਲ ਸਥਿਤੀ ਗੰਭੀਰ ਹੋ ਜਾਂਦੀ ਹੈ ਅਤੇ ਉਨ੍ਹਾਂ ਨੂੰ ਜ਼ਿੰਦਗੀ ਤੋਂ ਹੱਥ ਵੀ ਧੋਣਾ ਪੈ ਸਕਦਾ ਹੈ।

ਔਰਤਾਂ ’ਚ ਵੀ ਵਧ ਰਹੇ ਹਨ ਦਿਲ ਦੀਆਂ ਬੀਮਾਰੀਆਂ ਦੇ ਮਾਮਲੇ

ਐੱਨ. ਐੱਚ. ਐੱਸ. (ਨਾਸਾ ਐਂਡ ਹੱਬ ਸੁਪਰ-ਸਪੈਸ਼ਲਿਟੀ ਹਸਪਤਾਲ) ਦੇ ਕਾਰਡੀਓਲਾਜਿਸਟ ਡਾ. ਸਾਹਿਲ ਸਰੀਨ ਦਾ ਕਹਿਣਾ ਹੈ ਕਿ ਦਿਲ ਦੀਆਂ ਬੀਮਾਰੀਆਂ ਸਬੰਧੀ ਪੂਰੀ ਜਾਣਕਾਰੀ ਅਤੇ ਜਾਗਰੂਕਤਾ ਨਾ ਹੋਣ ਕਾਰਨ ਆਮ ਤੌਰ ’ਤੇ ਔਰਤਾਂ ਦਿਲ ਦੀਆਂ ਬੀਮਾਰੀਆਂ ਬਾਰੇ ਡਾਕਟਰ ਨਾਲ ਸਲਾਹ-ਮਸ਼ਵਰਾ ਨਹੀਂ ਕਰਦੀਆਂ, ਇਸ ਲਈ ਔਰਤਾਂ ਵਿਚ ਵੀ ਦਿਲ ਦੀਆਂ ਬੀਮਾਰੀਆਂ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦਾ ਇਕ ਕਾਰਨ ਇਹ ਵੀ ਹੈ ਕਿ ਵਧੇਰੇ ਔਰਤਾਂ ਆਪਣੇ ਕੰਮਕਾਜ ਵਿਚ ਰੁੱਝੀਆਂ ਰਹਿੰਦੀਆਂ ਹਨ ਅਤੇ ਉਹ ਆਪਣੀ ਸਿਹਤ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੀਆਂ।


 


Tarsem Singh

Content Editor

Related News